ਭਾਰਤੀ ਵਿਦਿਆਰਥਣ ਦੀ ਮੌਤ ’ਤੇ ਟਿੱਪਣੀ ਕਰਨ ਵਾਲਾ ਪੁਲੀਸ ਅਧਿਕਾਰੀ ਬਰਖ਼ਾਸਤ
ਨਿਊਯਾਰਕ/ਸਿਆਟਲ:
ਅਮਰੀਕਾ ਵਿੱਚ 23 ਸਾਲਾ ਭਾਰਤੀ ਵਿਦਿਆਰਥਣ ਦੀ ਮੌਤ ਤੋਂ ਬਾਅਦ ਅਸੰਵੇਦਨਸ਼ੀਲ ਟਿੱਪਣੀਆਂ ਕਰਨ ਅਤੇ ਹੱਸਣ ਵਾਲੇ ਇਕ ਪੁਲੀਸ ਅਧਿਕਾਰੀ ਨੂੰ ਸਿਆਟਲ ਪੁਲੀਸ ਵਿਭਾਗ ਵੱਲੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਜਾਹਨਵੀ ਕੰਡੁਲਾ ਨਾਮੀ ਵਿਦਿਆਰਥਣ ਪਿਛਲੇ ਸਾਲ 23 ਜਨਵਰੀ ਨੂੰ ਜਦੋਂ ਇਕ ਸੜਕ ਪਾਰ ਕਰ ਰਹੀ ਸੀ ਤਾਂ ਪੁਲੀਸ ਦੇ ਇਕ ਤੇਜ਼ ਰਫ਼ਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਸੀ। ਇਸ ਵਾਹਨ ਨੂੰ ਸਿਆਟਲ ਪੁਲੀਸ ਦਾ ਅਧਿਕਾਰੀ ਕੇਵਿਨ ਡੇਵ ਚਲਾ ਰਿਹਾ ਸੀ। ਡਰੱਗ ਦੀ ਓਵਰਡੋਜ਼ ਸਬੰਧੀ ਫੋਨ ਕਾਲ ਮਗਰੋਂ ਡੇਵ 119 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੁਲੀਸ ਵਾਹਨ ’ਚ ਮੌਕੇ ’ਤੇ ਪਹੁੰਚ ਰਿਹਾ ਸੀ। ਇਸ ਦੌਰਾਨ ਡੇਵ ਦੀ ਗੱਡੀ ਨਾਲ ਹੋਈ ਟੱਕਰ ਕਾਰਨ ਜਾਹਨਵੀ 100 ਫੁੱਟ ਦੂਰ ਜਾ ਡਿੱਗੀ ਸੀ। ਸਿਆਟਲ ਪੁਲੀਸ ਵੱਲੋਂ ਜਾਰੀ ‘ਬਾਡੀਕੈਮ ਫੁਟੇਜ’ ਵਿੱਚ ਅਧਿਕਾਰੀ ਡੈਨੀਅਲ ਆਡਰਰ ਇਸ ਹਾਦਸੇ ’ਤੇ ਹੱਸਦਾ ਹੋਇਆ ਅਤੇ ਇਹ ਕਹਿੰਦਾ ਸੁਣਿਆ ਗਿਆ: ‘ਓਹ, ਮੈਨੂੰ ਲੱਗਦਾ ਹੈ ਕਿ ਉਹ ਬੋਨਟ ’ਤੇ ਆ ਡਿੱਗੀ ਹੈ, ਅੱਗੇ ਦੇ ਸ਼ੀਸ਼ੇ ਨਾਲ ਟਕਰਾਈ ਤੇ ਫਿਰ ਜਦੋਂ ਉਸ (ਪੁਲੀਸ ਵਾਹਨ ਚਾਲਕ) ਨੇ ਬਰੇਕ ਮਾਰੀ ਤਾਂ ਕਾਰ ਤੋਂ ਦੂਰ ਜਾ ਕੇ ਡਿੱਗੀ... ਉਹ ਮਰ ਚੁੱਕੀ ਹੈ।’’ -ਪੀਟੀਆਈ