ਨਹਿਰ ’ਚ ਤੈਰਦੀ ਲਾਸ਼ ਨੇ ਤਿੰਨ ਥਾਣਿਆਂ ਦੀ ਪੁਲੀਸ ਨੂੰ ਪਾਈਆਂ ਭਾਜੜਾਂ
ਹਤਿੰਦਰ ਮਹਿਤਾ
ਜਲੰਧਰ, 24 ਜੁਲਾਈ
ਗਦਈਪੁਰ ਇਲਾਕੇ ’ਚ ਲੋਕਾਂ ਵੱਲੋਂ ਇੱਕ ਵਿਅਕਤੀ ਦੀ ਨਹਿਰ ਵਿੱਚ ਤੈਰਦੀ ਲਾਸ਼ ਦੇਖ ਕੇ ਪੁਲੀਸ ਸਹਾਇਤਾ ਕੇਂਦਰ ’ਤੇ ਸੂਚਨਾ ਦੇਣ ਉੱਤੇ ਤਿੰਨ ਥਾਣਿਆਂ ਦੀ ਪੁਲੀਸ ਨੂੰ ਭਾਜੜਾਂ ਪੈ ਗਈਆਂ। ਮੌਕੇ ’ਤੇ ਥਾਣਾ ਡਿਵੀਜ਼ਨ ਨੰਬਰ 8, ਥਾਣਾ ਮਕਸੂਦਾਂ ਅਤੇ ਥਾਣਾ ਡਿਵੀਜ਼ਨ ਨੰਬਰ 1 ਦੇ ਪੁਲੀਸ ਮੁਲਾਜ਼ਮਾਂ ਵੱਲੋਂ ਪੁੱਜਣ ਤੋਂ ਪਹਿਲਾਂ ਹੀ ਤੈਰਦੀ ਹੋਈ ਲਾਸ਼ ਨੂੰ ਲੋਕਾਂ ਨੇ ਬਾਹਰ ਕੱਢ ਲਿਆ ਸੀ। ਨਹਿਰ ਕਿਨਾਰੇ ਖੜ੍ਹੇ ਲੋਕ ਪਹਿਲਾਂ ਤਾਂ ਲਾਸ਼ ਦੇਖਦੇ ਰਹੇ ਪਰ ਮਗਰੋਂ ਉਨ੍ਹਾਂ ਵਿੱਚੋਂ ਕੁੱਝ ਵਿਅਕਤੀਆਂ ਨੇ ਹਿੰਮਤ ਕਰਕੇ ਨਹਿਰ ਵਿੱਚੋਂ ਲਾਸ਼ ਨੂੰ ਬਾਹਰ ਕੱਢ ਲਿਆ। ਸਭ ਤੋਂ ਪਹਿਲਾਂ ਮੌਕੇ ’ਤੇ ਪੁੱਜੇ ਥਾਣਾ ਮਕਸੂਦਾਂ ਦੇ ਥਾਣੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਜਦ ਉਹ ਰੰਧਾਵਾ ਮਸੰਦਾ ਨੇੜੇ ਪੁੱਜੇ ਤਾਂ ਲੋਕਾਂ ਵੱਲੋਂ ਦੱਸਿਆ ਗਿਆ ਲਾਸ਼ ਪਾਣੀ ਦੀ ਤੇਜ਼ ਰਫਤਾਰ ਨਾਲ ਰੁੜ੍ਹ ਕੇ ਅੱਗੇ ਚਲੇ ਗਈ।
ਇਸ ਉਪਰੰਤ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਦੇ ਖੇਤਰ ’ਚ ਲਾਸ਼ ਪੁੱਜੀ ਤਾਂ ਉਥੋਂ ਵੀ ਲਾਸ਼ ਰੁੜ੍ਹ ਕੇ ਥਾਣਾ ਡਿਵੀਜ਼ਨ ਨੰਬਰ ਇਕ ਦੇ ਇਲਾਕੇ ’ਚ ਪੁੱਜ ਗਈ। ਵੱਖ-ਵੱਖ ਥਾਣਿਆਂ ਦੀ ਪੁਲੀਸ ਲੋਕਾਂ ਨੂੰ ਪੁੱਛਦੀ ਹੋਈ ਅੱਗੇ ਤੋਂ ਅੱਗੇ ਜਾਂਦੀ ਰਹੀ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ । ਉਸ ਨੇ ਹਲਕੇ ਮਿੱਟੀ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦਾ ਪਜਾਮਾ ਪਾਇਆ ਹੋਇਆ ਸੀ। ਉਸ ਦੇ ਸਰੀਰ ਦੇ ਲੱਕ ਦੁਆਲੇ ਰੱਸੀ ਵੀ ਬੰਨ੍ਹੀ ਹੋਈ ਸੀ। ਮ੍ਰਿਤਕ ਦੀ ਉਮਰ 30 ਤੋਂ 35 ਸਾਲ ਲੱਗ ਰਹੀ ਹੈ।
ਯੂਬੀਡੀਸੀ ਨਹਿਰ ਵਿੱਚੋਂ ਨੌਜਵਾਨ ਦੀ ਤੈਰਦੀ ਲਾਸ਼ ਮਿਲੀ
ਪਠਾਨਕੋਟ (ਪੱਤਰ ਪ੍ਰੇਰਕ): ਪਿੰਡ ਬੇਹੜੀ ਬਜ਼ੁਰਗ ਨੇੜੇ ਯੂਬੀਡੀਸੀ ਨਹਿਰ ਵਿੱਚੋਂ ਅੱਜ ਨੌਜਵਾਨ ਦੀ ਤੈਰਦੀ ਲਾਸ਼ ਮਿਲੀ। ਮ੍ਰਿਤਕ ਨੌਜਵਾਨ ਦੀ ਪਛਾਣ ਰਾਜੇਸ਼ ਸਲਾਰੀਆ ਉਰਫ ਸੰਨੀ (31) ਪੁੱਤਰ ਸ਼ਿਵ ਸਲਾਰੀਆ ਵਾਸੀ ਵਾਰਡ ਨੰਬਰ-10 ਮਾਮੂਨ (ਪਠਾਨਕੋਟ) ਵਜੋਂ ਹੋਈ ਹੈ। ਸੁਜਾਨਪੁਰ ਦੇ ਥਾਣਾ ਮੁਖੀ ਇੰਸਪੈਕਟਰ ਨਵਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬੇਹੜੀ ਬਜੁਰਗ ਦੇ ਨਜ਼ਦੀਕ ਯੂਬੀਡੀਸੀ ਨਹਿਰ ਵਿੱਚ ਕਿਸੇ ਨੌਜਵਾਨ ਦੀ ਲਾਸ਼ ਤੈਰ ਰਹੀ ਹੈ। ਪੁਲੀਸ ਟੀਮ ਮੌਕੇ ’ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਪਹੁੰਚਾਇਆ। ਬਾਅਦ ਵਿੱਚ ਉਸ ਦੀ ਪਛਾਣ ਹੋ ਗਈ। ਮ੍ਰਿਤਕ ਦਾ 4 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਸੋਮਵਾਰ ਨੂੰ ਕਿਸੇ ਨੂੰ ਮਿਲਣ ਲਈ ਕਹਿ ਕੇ ਗਿਆ ਅਤੇ ਰਾਤ ਨੂੰ ਘਰ ਨਹੀਂ ਪੁੱਜਿਆ। ਪਰਿਵਾਰਕ ਮੈਂਬਰਾਂ ਨੇ ਉਸ ਦੀ ਬਹੁਤ ਭਾਲ ਕੀਤੀ ਪਰ ਉਹ ਕਿਤੇ ਨਾ ਲੱਭਿਆ। ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਮਾਮੂਨ ਕੈਂਟ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ। ਪੁਲੀਸ ਵੱਲੋਂ ਮ੍ਰਿਤਕ ਦੀ ਪਤਨੀ ਰਾਧਿਕਾ ਅਤੇ ਪਿਤਾ ਸ਼ਿਵ ਸਲਾਰੀਆ ਦੇ ਬਿਆਨਾਂ ਦੇ ਆਧਾਰ ’ਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐੱਨਐੱਸਐੱਸ) 194 ਤਹਿਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ।