ਪੁਲੀਸ ਨੇ ਮੁੱਖ ਮੰਤਰੀ ਨੇੇੜੇ ਢੁਕਣ ਨਾ ਦਿੱਤੇ ਠੇਕਾ ਮੁਲਾਜ਼ਮ
ਸ਼ਗਨ ਕਟਾਰੀਆ
ਬਠਿੰਡਾ, 5 ਨਵੰਬਰ
ਕੱਚੇ ਮੁਲਾਜ਼ਮਾਂ ਨੂੰ ਪੁਲੀਸ ਨੇ ਅੱਜ ਮੁਕਤਸਰ ਜ਼ਿਲ੍ਹੇ ਦੀ ਜੂਹ ’ਚ ਪੈਰ ਨਹੀਂ ਪਾਉਣ ਦਿੱਤਾ। ਵਿਧਾਨ ਸਭਾ ਹਲਕਾ ਗਿੱਦੜਬਾਹਾ ਵੱਲ ਝੰਡਾ ਮਾਰਚ ਕਰਨ ਲਈ ਬਠਿੰਡੇ ਤੋਂ ਜਾ ਰਹੇ ਮੁਲਾਜ਼ਮਾਂ ਨੂੰ ਪੁਲੀਸ ਨੇ ਬੱਲੂਆਣਾ ਟੌਲ ਪਲਾਜ਼ੇ ਲਾਗੇ ਰੋਕ ਕੇ ਸੜਕ ’ਤੇ ਬੈਠਣ ਲਈ ਮਜਬੂਰ ਕਰ ਦਿੱਤਾ। ਇਸ ਕਾਰਨ ਨੈਸ਼ਨਲ ਹਾਈਵੇਅ ’ਤੇ ਬਠਿੰਡਾ-ਗਿੱਦੜਬਾਹਾ ਸੜਕੀ ਆਵਾਜਾਈ ਠੱਪ ਹੋ ਗਈ। ਮਗਰੋਂ ਪੁਲੀਸ ਵੱਲੋਂ ਰਾਹਗੀਰਾਂ ਨੂੰ ਬਦਲਵੇਂ ਅਤੇ ਸੁਰੱਖਿਅਤ ਰਸਤਿਆਂ ਰਾਹੀਂ ਉਨ੍ਹਾਂ ਦੀਆਂ ਮੰਜ਼ਿਲਾਂ ਵੱਲ ਵਧਾਇਆ ਗਿਆ।
ਜ਼ਿਕਰਯੋਗ ਹੈ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੇ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਗਿੱਦੜਬਾਹਾ ਹਲਕੇ ’ਚ ਝੰਡਾ ਮਾਰਚ ਕਰਨਾ ਸੀ। ਉਧਰ, ਮੁੱਖ ਮੰਤਰੀ ਭਗਵੰਤ ਮਾਨ ਵੀ ਸਵੇਰ ਤੋਂ ਹੀ ਹਲਕੇ ਅੰਦਰ ਚੋਣ ਰੈਲੀਆਂ ਕਰ ਰਹੇ ਸਨ। ਕੁੱਝ ਪਿੰਡਾਂ ’ਚ ਮੁੱਖ ਮੰਤਰੀ ਦਾ ਦੌਰਾ ਮੁਕੰਮਲ ਹੋ ਚੁੱਕਿਆ ਸੀ ਅਤੇ ਹਰੀ ਕੇ ਕਲਾਂ, ਕੋਟਲੀ, ਅਬਲੂ ਸਣੇ ਕੁੱਝ ਕੁ ਥਾਵਾਂ ’ਤੇ ਉਨ੍ਹਾਂ ਅਜੇ ਜਾਣਾ ਸੀ। ਸ਼ਾਮ ਨੂੰ ਗਿੱਦੜਬਾਹਾ ਸ਼ਹਿਰ ਵਿੱਚ ਰੋਡ ਸ਼ੋਅ ਕੀਤਾ ਜਾਣਾ ਸੀ। ਪ੍ਰਸ਼ਾਸਨ ਰੰਗ ’ਚ ਭੰਗ ਪੈਣ ਦੇ ਡਰ ਕਾਰਨ ਪ੍ਰਦਰਸ਼ਨਕਾਰੀਆਂ ਨੂੰ ਜ਼ਿਲ੍ਹੇ ਤੋਂ ਬਾਹਰ ਹੀ ਰੱਖਣ ਵਿੱਚ ਕਾਮਯਾਬ ਰਿਹਾ। ਪੁਲੀਸ ਨੇ ਨੈਸ਼ਨਲ ਹਾਈਵੇਅ ’ਤੇ ਆਪਣੀਆਂ ਬੱਸਾਂ ਟੇਢੀਆਂ ਖੜ੍ਹੀਆਂ ਕਰ ਦਿੱਤੀਆਂ, ਤਾਂ ਜੋ ਵਿਖਾਵਾਕਾਰੀ ਅੱਗੇ ਨਾ ਵਧ ਸਕਣ। ਵਿਖਾਵਾਕਾਰੀਆਂ ਨੇ ਟੌਲ ਪਲਾਜ਼ੇ ਨੇੜੇ ਨਾਅਰੇਬਾਜ਼ੀ ਕਰਦਿਆਂ, ਉਥੇ ਧਰਨਾ ਲਾ ਦਿੱਤਾ। ਖ਼ਬਰ ਲਿਖ਼ੇ ਜਾਣ ਤੱਕ ਧਰਨਾ ਜਾਰੀ ਸੀ। ਪ੍ਰਸ਼ਾਸਨ ਦੇ ਸੂਤਰਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਦੇ ਰੋਡ ਸ਼ੋਅ ਤੋਂ ਬਾਅਦ ਹੀ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।