ਪੁਲੀਸ ਵੱਲੋਂ 18 ਕਿੱਲੋ ਹੋਰੈਇਨ ਸਣੇ ਹੋਰ ਨਸ਼ੀਲੇ ਪਦਾਰਥ ਨਸ਼ਟ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਦਸੰਬਰ
ਅੰਮ੍ਰਿਤਸਰ ਪੁਲੀਸ ਵੱਲੋਂ ਵੱਖ-ਵੱਖ ਕੇਸਾਂ ਵਿੱਚ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਹੈਰੋਇਨ, ਨਸ਼ੀਲੀਆਂ ਗੋਲੀਆ ਤੇ ਕੈਪਸੂਲ, ਚਰਸ, ਸਮੈਕ ਤੇ ਗਾਂਜਾ ਆਦਿ ਨੂੰ ਅੱਗ ਲਾ ਕੇ ਨਸ਼ਟ ਕੀਤਾ ਗਿਆ। ਕਮਿਸ਼ਨਰੇਟ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਵੱਖ-ਵੱਖ ਕੇਸਾਂ ਵਿੱਚ ਬਰਾਮਦ ਨਸ਼ੀਲੇ ਪਦਾਰਥਾਂ ਨੂੰ ਅੱਜ ਨਸ਼ਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਸ਼ੀਲੇ ਪਦਾਰਥ ਨਸ਼ਟ ਕਰਨ ਲਈ ਬਣਾਈ ਗਈ ਡਰੱਗ ਡਿਸਪੋਜ਼ਲ ਕਮੇਟੀ ਜਿਸ ਵਿਚ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਸ਼ਾਮਲ ਹਨ, ਦੀ ਅਗਵਾਈ ਹੇਠ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਹਨ।
ਇਸ ਕਮੇਟੀ ਦੇ ਵਿਚ ਸ਼ਾਮਲ ਮੈਂਬਰ ਏ.ਡੀ.ਸੀ.ਪੀ ਮਨਮੋਹਨ ਸਿੰਘ ਔਲਖ, ਏ.ਸੀ.ਪੀ ਕਮਲਜੀਤ ਸਿੰਘ ਵੱਲੋਂ ਅੱਜ ਖੰਨਾ ਪੇਪਰ ਮਿੱਲ ਵਿੱਚ ਆਪਣੀ ਦੇਖ-ਰੇਖ ਹੇਠ ਨਸ਼ੀਲੇ ਪਦਾਰਥਾਂ ਨੂੰ ਬਾਇਲਰ ਵਿੱਚ ਪਾ ਕੇ ਨਸ਼ਟ ਕੀਤਾ ਗਿਆ। ਉਨ੍ਹਾਂ ਦਸਿਆ ਕਿ ਅੱਜ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਵਿਚ 18 ਕਿੱਲੋ 210 ਗ੍ਰਾਮ ਹੈਰੋਇਨ, 22,495 ਨਸ਼ੀਲੇ ਕੈਪਸੂਲ ਅਤੇ 34,798 ਨਸ਼ੀਲੀਆਂ ਗੋਲੀਆਂ, 10 ਕਿੱਲੋ 680 ਗ੍ਰਾਮ ਨਸ਼ੀਲਾ ਪਾਊਡਰ, 44 ਕਿਲੋ 400 ਗ੍ਰਾਮ ਭੂਕੀ, 55 ਨਸ਼ੀਲੇ ਟੀਕੇ, 4 ਕਿਲੋ 545 ਗ੍ਰਾਮ ਚਰਸ, 370 ਗ੍ਰਾਮ ਸਮੈਕ ਅਤੇ 375 ਗ੍ਰਾਮ ਗਾਂਜਾ ਸ਼ਾਮਲ ਸੀ।
ਪਠਾਨਕੋਟ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਗ੍ਰਿਫ਼ਤਾਰ
ਪਠਾਨਕੋਟ (ਪੱਤਰ ਪ੍ਰੇਰਕ): ਪਠਾਨਕੋਟ ਜ਼ਿਲ੍ਹੇ ਦੀ ਪੁਲੀਸ ਨੇ 3 ਵੱਖ-ਵੱਖ ਮਾਮਲਿਆਂ ਵਿੱਚ 3 ਵਿਅਕਤੀਆਂ ਨੂੰ ਨਸ਼ਾ ਕਰਦੇ ਅਤੇ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਤਿੰਨਾਂ ਖਿਲਾਫ ਵੱਖ-ਵੱਖ ਮਾਮਲੇ ਦਰਜ ਕਰ ਦਿੱਤੇ ਹਨ। ਪਹਿਲੇ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ-2 ਦੇ ਏਐੱਸਆਈ ਰਾਜੇਸ਼ ਕੁਮਾਰ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਜਾ ਰਹੀ ਸੀ। ਇਸ ਦੌਰਾਨ ਸਟਰੀਟ ਲਾਈਟਾਂ ਦੀ ਰੌਸ਼ਨੀ ਵਿੱਚ ਇੱਕ ਵਿਅਕਤੀ ਹੱਥ ਵਿੱਚ ਲਾਈਟਰ, ਸਿਲਵਰ ਪੇਪਰ, ਲਿਫਾਫੇ ਦੇ ਉਪਰ ਨੋਟ ਨੂੰ ਲੈ ਕੇ ਨਸ਼ਾ ਕਰਦੇ ਦਿਖਾਈ ਦਿੱਤਾ, ਜਿਸ ਨੂੰ ਪੁਲੀਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ। ਉਸ ਕੋਲੋਂ 500 ਗਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਵੱਲੋਂ ਪੁੱਛਗਿੱਛ ਕਰਨ ’ਤੇ ਉਸ ਨੇ ਆਪਣਾ ਨਾਂ ਅਮਿਤ ਵਾਸੀ ਵਾਰਡ ਨੰਬਰ-21 ਪਠਾਨਕੋਟ ਦੱਸਿਆ। ਦੂਸਰੇ ਮਾਮਲੇ ਵਿੱਚ ਵੀ ਪੁਲੀਸ ਨੇ ਇੱਕ ਹੋਰ ਨੌਜਵਾਨ ਨੂੰ ਲਾਈਟਰ ਨਾਲ ਸਿਲਵਰ ਪੇਪਰ ਤੇ ਲਿਫਾਫੇ ਨੂੰ ਲੈ ਕੇ ਨਸ਼ਾ ਕਰਦੇ ਹੋਏ ਕਾਬੂ ਕੀਤਾ ਅਤੇ ਉਸ ਕੋਲੋਂ ਤਲਾਸ਼ੀ ਲੈਣ ਤੇ 650 ਮਿਲੀਗਰਾਮ ਹੈਰੋਇਨ ਬਰਾਮਦ ਹੋਈ। ਉਸ ਦਾ ਨਾਂ ਨੀਰਜ ਸ਼ਰਮਾ ਵਾਸੀ ਵਾਰਡ ਨੰਬਰ-22 ਬਸੰਤ ਕਲੌਨੀ ਦੱਸਿਆ ਜਾ ਰਿਹਾ ਹੈ। ਤੀਸਰੇ ਮਾਮਲੇ ਵਿੱਚ ਤਾਰਾਗੜ੍ਹ ਪੁਲੀਸ ਨੇ ਵੀ ਇਸੇ ਤਰ੍ਹਾਂ ਨਸ਼ਾ ਕਰਦੇ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ। ਉਸ ਦਾ ਨਾਂ ਸਾਜਨ ਵਾਸੀ ਨਰੋਟ ਜੈਮਲ ਦੱਸਿਆ ਜਾ ਰਿਹਾ ਹੈ।