For the best experience, open
https://m.punjabitribuneonline.com
on your mobile browser.
Advertisement

ਪੁਲੀਸ ਨੇ 70 ਕਿਸਾਨ ਆਗੂ ਥਾਣਿਆਂ ਵਿੱਚ ਡੱਕੇ

10:16 AM Nov 08, 2023 IST
ਪੁਲੀਸ ਨੇ 70 ਕਿਸਾਨ ਆਗੂ ਥਾਣਿਆਂ ਵਿੱਚ ਡੱਕੇ
ਥਾਣਾ ਨੇਹੀਆਂਵਾਲਾ ਅੱਗੇ ਧਰਨਾ ਦਿੰਦੇ ਹੋਏ ਕਿਸਾਨ। -ਫੋਟੋ: ਪਵਨ ਸ਼ਰਮਾ
Advertisement

ਮਨੋਜ ਸ਼ਰਮਾ
ਬਠਿੰਡਾ, 7 ਨਵੰਬਰ
ਪਿੰਡ ਨੇਹੀਆਂਵਾਲਾ ਦੇ ਮਹਿਮਾ ਸਰਜਾ ਦੇ ਪੈਂਦੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਨ ਆਏ ਅਫ਼ਸਰ ਕੋਲੋਂ ਹੀ ਕਿਸਾਨਾਂ ਵੱਲੋਂ ਅੱਗ ਲਗਵਾਉਣ ਦੀ ਘਟਨਾ ਵਾਲੀ ਵੀਡੀਓ ਕਿਸਾਨਾਂ ਸਿਰਦਰਦੀ ਬਣ ਗਈ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਸਾਥੀਆਂ ਨੂੰ ਛੁਡਵਾਉਣ ਲਈ ਬੀਤੀ ਰਾਤ 11 ਵਜੇ ਦੇ ਕਰੀਬ ਥਾਣਾ ਨੇਹੀਆਂਵਾਲਾ ਵਿਖੇ ਧਰਨਾ ਲਾਉਣ ਪੁੱਜੇ ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਨ੍ਹਾਂ ਵਿੱਚ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਕੁਲਵੰਤ ਸਿੰਘ ਨੇਹੀਆਂਵਾਲਾ, ਗੁਰਦੀਪ ਸਿੰਘ ਮਹਿਮਾ ਸਰਜਾ, ਰਣਜੀਤ ਸਿੰਘ ਜੀਦਾ ਸਣੇ 70 ਦੇ ਕਰੀਬ ਕਿਸਾਨ ਸ਼ਾਮਲ ਹਨ। ਹਿਰਾਸਤ ਵਿਚ ਲਏ ਗਏ ਕਿਸਾਨਾਂ ਨੂੰ ਬਠਿੰਡਾ ਜ਼ਿਲ੍ਹੇ ਦੀ ਚੌਕੀ ਬੱਲੂਆਣਾ, ਥਾਣਾ ਨੰਦਗੜ੍ਹ, ਚੌਕੀ ਕੋਟਸ਼ਮੀਰ, ਥਾਣਾ ਕਿੱਲੀਆਂ ਵਾਲੀ ਆਦਿ ਵਿੱਚ ਭੇਜਣ ਦੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਤਿੰਨ ਨਵੰਬਰ ਨੂੰ ਨੇਹੀਆਂਵਾਲਾ ਪਿੰਡ ਦੇ ਕਿਸਾਨਾਂ ਵੱਲੋਂ ਮਹਿਮਾ ਸਰਜਾ ਵਿਚਲੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਗਏ ਅਮਲੇ ਨਾਲ ਧੱਕੇਸ਼ਾਹੀ ਕਰਦੇ ਹੋਏ ਅੱਗ ਲਗਵਾਈ ਗਈ ਸੀ। ਇਸ ਮਾਮਲੇ ’ਚ ਮੁੱਖ ਮੰਤਰੀ ਦੇ ਟਵੀਟ ਮਗਰੋਂ ਐੱਸਪੀ ਬਠਿੰਡਾ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਕਿਸਾਨਾਂ ਵੱਲੋਂ ਕੀਤੀ ਗਈ ਧੱਕੇਸ਼ਾਹੀ ਖ਼ਿਲਾਫ਼ ਪੀਡਬਲਿਊਡੀ ਦੇ ਅਫ਼ਸਰ ਹਰਪ੍ਰੀਤ ਸਾਗਰ ਨੇ ਥਾਣਾ ਨੇਹੀਆਂਵਾਲਾ ਵਿੱਚ ਬਿਆਨ ਦਰਜ ਕਰਵਾਉਂਦੇ ਹੋਏ ਖੇਤ ਦੇ ਮਾਲਕ ਕਿਸਾਨ ਰਾਮ ਸਿੰਘ ਸਣੇ 9 ਵਿਅਕਤੀਆਂ ’ਤੇ ਮਾਮਲਾ ਦਰਜ ਕਰਵਾ ਦਿੱਤਾ ਸੀ। ਇਸ ਮਾਮਲੇ ਵਿੱਚ ਕਿਸਾਨ ਜਥੇਬੰਦੀ ਦੀ ਜ਼ਿਲ੍ਹਾ ਲੀਡਰਸ਼ਿਪ ਨੇ ਦਾਅਵਾ ਕੀਤਾ ਸੀ ਕਿ ਕਿਸਾਨਾਂ ਦੇ ਵਫ਼ਦ ਨੇ ਡੀਸੀ ਅਤੇ ਉਕਤ ਅਧਿਕਾਰੀ ਕੋਲੋਂ ਮੁਆਫ਼ੀ ਮੰਗ ਲਈ ਮਗਰੋਂ ਪੁਲੀਸ ਵੱਲੋਂ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਐਤਵਾਰ ਨੂੰ ਕਿਸਾਨਾਂ ਵੱਲੋਂ ਧਰਨਾ ਦੇ ਕੇ ਗ੍ਰਿਫ਼ਤਾਰ ਕਿਸਾਨਾਂ ਨੂੰ ਛੁਡਾ ਲਿਆ ਗਿਆ ਸੀ। ਕੱਲ੍ਹ ਐੱਸਐੱਸਪੀ ਬਠਿੰਡਾ ਗੁਲਨੀਤ ਖੁਰਾਣਾ ਅਤੇ ਡੀਸੀ ਸ਼ੌਕਤ ਅਹਿਮਦ ਪਰੇ ਵੱਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਐਲਾਨ ਕੀਤਾ ਗਿਆ ਸੀ ਕਿ ਸਰਕਾਰੀ ਕੰਮ ਵਿਚ ਵਿਘਨ ਪਾਉਣ ਵਾਲੇ ਕਿਸਾਨਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਸਬੰਧੀ ਕਈ ਕਿਸਾਨਾਂ ਨੂੰ ਸੋਮਵਾਰ ਦੇਰ ਸ਼ਾਮ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਇਸ ਮਗਰੋਂ ਸੋਮਵਾਰ ਨੂੰ ਫੇਰ ਕਿਸਾਨਾਂ ਦਾ ਕਾਫ਼ਲਾ ਰਾਤ ਨੂੰ 11 ਵਜੇ ਥਾਣੇ ਦਾ ਘਿਰਾਓ ਕਰਨ ਪੁੱਜਿਆ। ਇਸ ਮੌਕੇ ਪੁਲੀਸ ਨੇ ਧਰਨਾ ਦੇਣ ਪੁੱਜੇ 70 ਦੇ ਕਰੀਬ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਮਗਰੋਂ ਫੇਰ ਅੱਜ ਕਿਸਾਨਾਂ ਨੇ ਸਵੇਰੇ ਥਾਣਾ ਨੇਹੀਆਂਵਾਲਾ ਵਿਖੇ ਧਰਨਾ ਸ਼ੁਰੂ ਕਰ ਦਿੱਤਾ ਜੋ ਲਗਾਤਾਰ ਜਾਰੀ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਸਿੱਧੂਪੁਰ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਯੋਧਾ ਸਿੰਘ ਨਗਲਾ, ਫ਼ਰੀਦਕੋਟ ਜ਼ਿਲ੍ਹੇ ਦੀ ਜਰਨਲ ਸਕੱਤਰ ਇੰਦਰਜੀਤ ਘਣੀਆਂ, ਮੱਖਣ ਸਿੰਘ ਸਣੇ ਕਈ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਦੋਸ਼ ਲਗਾਏ ਕਿ ਇਸ ਮਾਮਲੇ ਵਿੱਚ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰ ਕੇ ਮੁਆਫ਼ੀ ਮੰਗ ਲਈ ਗਈ ਸੀ ਤਾਂ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੀ ਲੋੜ ਸੀ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

Advertisement

Advertisement
Advertisement
Author Image

sukhwinder singh

View all posts

Advertisement