ਪੁਲੀਸ ਵੱਲੋਂ ਅਸਲਾਧਾਰਕਾਂ ’ਤੇ ਹਥਿਆਰ ਜਮ੍ਹਾਂ ਕਰਵਾਉਣ ਲਈ ਪਾਇਆ ਜਾ ਰਿਹੈ ਜ਼ੋਰ
ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 10 ਦਸੰਬਰ
ਇੱਥੋਂ ਦੀ ਪੁਲੀਸ ਹਾਈ ਕੋਰਟ ਅਤੇ ਜ਼ਿਲ੍ਹਾ ਚੋਣ ਅਧਿਕਾਰੀਆਂ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਹੈ। ਇੱਥੇ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਲਾਇਸੈਂਸ ਵਾਲੇ ਅਸਲਾਧਾਰਕਾਂ ਨੂੰ ਅਸਲਾ ਜਮ੍ਹਾਂ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇੱਥੋਂ ਦੀ ਪੁਲੀਸ ਨੇ ਬੀਤੇ ਕੱਲ੍ਹ ਅਤੇ ਅੱਜ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਤੋਂ ਤੁਰੰਤ ਅਸਲਾ ਜਮ੍ਹਾਂ ਕਰਵਾਉਣ ਦੀ ਅਨਾਊਂਸਮੈਂਟ ਕਰਵਾਈ ਅਤੇ ਅਸਲਾ ਧਾਰਕਾਂ ਨੂੰ ਨਿੱਜੀ ਤੌਰ ’ਤੇ ਫੋਨ ਵੀ ਕੀਤੇ ਗਏ। ਥਾਣੇ ਤੋਂ ਇਕ ਮਹਿਲਾ ਪੁਲੀਸ ਮੁਲਾਜ਼ਮ ਦੀ ਅਸਲਾ ਜਮ੍ਹਾਂ ਕਰਵਾਉਣ ਸਬੰਧੀ ਆਈ ਕਾਲ ਦੌਰਾਨ ਜਦੋਂ ਇਸ ਪੱਤਰਕਾਰ ਨੇ ਅਸਲਾ ਜਮ੍ਹਾਂ ਕਰਵਾਉਣ ਵਾਲੇ ਹੁਕਮਾਂ ਦੀ ਕਾਪੀ ਮੰਗੀ ਤਾਂ ਉਨ੍ਹਾਂ ਥਾਣੇ ਆਉਣ ਲਈ ਆਖ ਦਿੱਤਾ। ਇਸ ਸਬੰਧੀ ਏਡੀਸੀ-ਕਮ-ਚੋਣ ਅਧਿਕਾਰੀ ਚਾਰੂਮਿੱਤਾ ਨੇ ਸਪੱਸ਼ਟ ਕੀਤਾ ਕਿ ਲੰਘੀਆਂ ਪੰਚਾਇਤੀ ਚੋਣਾਂ ਦੌਰਾਨ ਅਤੇ ਨਾ ਹੀ ਹੁਣ ਅਸਲਾ ਜਮ੍ਹਾਂ ਕਰਵਾਉਣ ਦੇ ਕੋਈ ਹੁਕਮ ਉਨ੍ਹਾਂ ਵਲੋਂ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਸਿਰਫ ਅਸਲਾ ਲੈ ਕੇ ਚੱਲਣ ’ਤੇ ਹੀ ਪਾਬੰਦੀ ਲਾਈ ਹੈ।
ਥਾਣਾ ਮੁਖੀ ਭਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਵਧੀਕ ਡਿਪਟੀ ਕਮਿਸ਼ਨਰ ਕਮ ਚੋਣ ਅਧਿਕਾਰੀ ਦੇ ਹੁਕਮ ਅੱਜ ਹੀ ਪੁੱਜੇ ਹਨ।
ਮਾਮਲੇ ਦੀ ਜਾਂਚ ਕਰਾਂਗੇ: ਐੱਸਐੱਸਪੀ
ਜ਼ਿਲ੍ਹਾ ਪੁਲੀਸ ਮੁਖੀ ਅਜੇ ਗਾਂਧੀ ਨੇ ਵੀ ਸਪੱਸ਼ਟ ਕੀਤਾ ਕਿ ਉਹ ਪਤਾ ਲਗਾਉਣਗੇ ਕਿ ਥਾਣਾ ਫਤਿਹਗੜ੍ਹ ਪੰਜਤੂਰ ਦੀ ਪੁਲੀਸ ਵੱਲੋਂ ਇਹ ਸਭ ਕੁਝ ਕਿਸਦੇ ਹੁਕਮਾਂ ’ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸਲਾ ਜਮ੍ਹਾਂ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਬਣੀ ਹੋਈ ਹੈ।