ਪੁਲੀਸ ਤੇ ਨਹਿਰੀ ਵਿਭਾਗ ਨੇ ਸੂਏ ’ਚ ਲੱਗੀਆਂ ਠੱਲਾਂ ਪਟਵਾਈਆਂ
ਹੁਸ਼ਿਆਰ ਸਿੰਘ ਘਟੋੜਾ
ਰਾਮਾਂ ਮੰਡੀ, 11 ਦਸੰਬਰ
ਰਾਮਾਂ ਥਾਣਾ ਮੁੱਖੀ ਮਨਜੀਤ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਨੇ ਅੱਜ ਸਵੇਰੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਪਿੰਡ ਤਰਖਾਣ ਵਾਲਾ ਦੇ ਸੂਏ ਵਿੱਚ ਗੈਰਕਾਨੂੰਨੀ ਤੌਰ ’ਤੇ ਲੱਗੀਆਂ ਠੱਲਾਂ ਨੂੰ ਜੇਸੀਬੀ ਮਸ਼ੀਨ ਨਾਲ ਪਟਵਾ ਦਿੱਤਾ। ਇਸ ਬਾਰੇ ਗੱਲਬਾਤ ਦੌਰਾਨ ਥਾਣਾ ਮੁਖੀ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਤਹਿਤ ਕਾਰਵਾਈ ਦੌਰਾਨ ਡਿਪਟੀ ਕਮਿਸ਼ਨਰ ਬਠਿੰਡਾ ਦੇ ਹੁਕਮਾਂ ’ਤੇ ਪਿੰਡ ਦੇ ਸੂਏ ਵਿਚ ਗੈਰਕਾਨੂੰਨੀ ਤੌਰ ਤੇ ਲੱਗੀਆਂ ਠੱਲਾਂ ਨੂੰ ਪੁਲੀਸ ਵੱਲੋਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਪੁਟਵਾਇਆ ਗਿਆ ਹੈ। ਇਸ ਸਬੰਧ ਵਿੱਚ ਮੌਕੇ ’ਤੇ ਹਾਜ਼ਰ ਸੂਏ ਨਾਲ ਲੱਗਦੇ ਖੇਤਾਂ ਦੇ ਕਿਸਾਨਾਂ ਨੇ ਕਿਹਾ ਕਿ ਸੂਏ ਨੂੰ ਸਹੀ ਲੈਵਲ ਅਤੇ ਢੰਗ ਤਰੀਕੇ ਨਾ ਬਣਾਏ ਜਾਣ ਕਾਰਨ ਉਨ੍ਹਾਂ ਦੇ ਖੇਤਾਂ ਵਿਚ ਸਿੰਚਾਈ ਲਈ ਪਾਣੀ ਨਹੀਂ ਪਹੁੰਚਦਾ ਸੀ। ਇਸ ਲਈ ਉਨ੍ਹਾਂ ਵੱਲੋਂ ਖੇਤਾਂ ਵਿਚ ਪਾਣੀ ਪਹੁੰਚਾਉਣ ਲਈ ਨਹਿਰੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਸੀ, ਜਿਸ ਤੋਂ ਬਾਅਦ ਨਹਿਰੀ ਅਧਿਕਾਰੀਆਂ ਵੱਲੋਂ ਹੀ ਪਾਣੀ ਦੀ ਪੂਰਤੀ ਲਈ ਸੂਏ ਵਿੱਚ ਠੱਲਾਂ ਲਗਵਾਈਆਂ ਸਨ। ਉੱਕਤ ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਖੇਤਾਂ ਵਿਚ ਪਾਣੀ ਦੀ ਪੂਰਤੀ ਲਈ ਬਿਹਤਰ ਪ੍ਰਬੰਧ ਕੀਤਾ ਜਾਵੇ। ਇਸ ਸਬੰਧੀ ਜਦੋਂ ਨਹਿਰੀ ਵਿਭਾਗ ਦੇ ਐਸਡੀਓ ਫੀਜੀ ਬਾਂਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਾਰੀਆਂ ਪੱਟੀਆਂ ਗਈਆਂ ਠੱਲਾਂ ਨਾਜਾਇਜ਼ ਸਨ। ਇਸ ਸਾਰੇ ਬਾਰੇ ਹਾਈ ਕੋਰਟ ਵਿਚ ਸੀ ਡਵਲਯੂ ਪੀ 6893, 2020 ਅਧੀਨ ਕੇਸ ਚੱਲ ਰਿਹਾ ਸੀ ਅਤੇ ਅਦਾਲਤ ਨੇ 30 ਨਵੰਬਰ 2023 ਦੀ ਪੇਸ਼ੀ ਮੌਕੇ 15 ਦਸੰਬਰ ਤੱਕ ਇਸ ਮਾਮਲੇ ਨੂੰ ਨਬਿੇੜ ਕੇ ਰਿਪੋਰਟ ਕੋਰਟ ਵਿਚ ਪੇਸ਼ ਕਰਨ ਦੀ ਗੱਲ ਆਖੀ ਸੀ ਜਿਸ ਤਹਿਤ ਇਹ ਸਾਰੀ ਕਾਰਵਾਈ ਕੀਤੀ ਗਈ ਹੈ।