For the best experience, open
https://m.punjabitribuneonline.com
on your mobile browser.
Advertisement

ਨਾਜਾਇਜ਼ ਕਲੋਨੀਆਂ ਵਿਰੁੱਧ ਆਰੰਭੀ ਪੁਲੀਸ ਕਾਰਵਾਈ ਸਵਾਲਾਂ ’ਚ ਘਿਰੀ

08:27 AM Mar 29, 2024 IST
ਨਾਜਾਇਜ਼ ਕਲੋਨੀਆਂ ਵਿਰੁੱਧ ਆਰੰਭੀ ਪੁਲੀਸ ਕਾਰਵਾਈ ਸਵਾਲਾਂ ’ਚ ਘਿਰੀ
Advertisement

ਗੁਰਿੰਦਰ ਸਿੰਘ
ਲੁਧਿਆਣਾ, 28 ਮਾਰਚ
ਗਲਾਡਾ ਤੋਂ ਬਿਨਾਂ ਮਨਜ਼ੂਰੀ ਲਏ ਨਾਜਾਇਜ਼ ਕਲੋਨੀਆਂ ਕੱਟਣ ਵਾਲੇ ਕਲੋਨਾਈਜ਼ਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਗਲਾਡਾ ਦੀ ਸ਼ਿਕਾਇਤ ਤੋਂ ਬਾਅਦ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲੀਸ ਵੱਲੋਂ ਕਈ ਕੇਸ ਦਰਜ ਕੀਤੇ ਗਏ ਹਨ ਪਰ ਉਨ੍ਹਾਂ ਵਿੱਚੋਂ ਬਹੁਤੇ ਕੇਸ‌ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤੇ ਗਏ ਹਨ, ਜਿਸ ਕਾਰਨ ਪੁਲੀਸ ਕਾਰਵਾਈ ’ਤੇ ਸਵਾਲ ਉਠ ਰਹੇ ਹਨ।
ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਥਾਣਿਆਂ ਦੀ ਪੁਲੀਸ ਵੱਲੋਂ 20 ਮਾਰਚ ਤੋਂ 26 ਮਾਰਚ ਤੱਕ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦੀ ਧਾਰਾ 5, ਧਾਰਾ 36 ਅਤੇ ਧਾਰਾ 21 ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਕੁੱਲ 37 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 25 ਕੇਸ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਹਨ।
ਥਾਣਾ ਡੇਹਲੋਂ ਅਤੇ ਸਾਹਨੇਵਾਲ ਦੀ ਪੁਲੀਸ ਨੇ ਸਭ ਤੋਂ ਵੱਧ 8-8 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 6-6 ਕੇਸ ਅਣਪਛਾਤੇ ਕਲੋਨਾਈਜ਼ਰਾਂ ਖ਼ਿਲਾਫ਼ ਹਨ। ਇਸੇ ਤਰ੍ਹਾਂ ਥਾਣਾ ਸਦਰ ਦੀ ਪੁਲੀਸ ਵੱਲੋਂ ਦਰਜ ਕੀਤੇ ਸਾਰੇ 3 ਕੇਸ ਅਣਪਛਾਤਿਆਂ ਖ਼ਿਲਾਫ਼ ਹਨ।
ਜਿੱਥੇ ਇੱਕ ਪਾਸੇ ਕੁਝ ਥਾਣਿਆਂ ਦੀ ਪੁਲੀਸ ਵੱਲੋਂ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਸਿਰਫ਼ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ ਹੈ, ਉਥੇ ਦੂਜੇ ਪਾਸੇ ਕੁਝ ਥਾਣਿਆਂ ਨੇ ਕਲੋਨਾਈਜ਼ਰਾਂ ਦੇ ਨਾਮ ’ਤੇ ਕੇਸ ਦਰਜ ਕੀਤੇ ਹਨ। ਇਨ੍ਹਾਂ ’ਚੋਂ ਥਾਣਾ ਹੋਬੋਵਾਲ ਦੀ ਪੁਲੀਸ ਨੇ ਕੁੱਲ 6 ਕੇਸ ਦਰਜ ਕੀਤੇ ਹਨ, ਜੋ ਸਾਰੇ ਹੀ ਕਲੋਨਾਈਜ਼ਰਾਂ ਦੇ ਨਾਮ ’ਤੇ ਦਰਜ ਹਨ। ਇਸੇ ਤਰ੍ਹਾਂ ਥਾਣਾ ਸਰਾਭਾ ਨਗਰ ਦੀ ਪੁਲੀਸ ਵੱਲੋਂ ਅਣਪਛਾਤਿਆਂ ਖ਼ਿਲਾਫ਼ 2 ਕੇਸ, ਥਾਣਾ ਕੂਮਕਲਾਂ ਦੀ ਪੁਲੀਸ ਵੱਲੋਂ ਕੁੱਲ 3 ’ਚੋਂ 1 ਕੇਸ, ਥਾਣਾ ਮੇਹਰਬਾਨ ਦੀ ਪੁਲੀਸ ਵੱਲੋਂ 4 ’ਚੋਂ 1, ਥਾਣਾ ਦੁੱਗਰੀ ਵੱਲੋਂ ਦਰਜ ਕੀਤਾ ਇੱਕੋ ਇੱਕ ਕੇਸ ਅਤੇ ਥਾਣਾ ਜਮਾਲਪੁਰ ਵੱਲੋਂ ਸਾਰੇ 2 ਕੇਸ ਕਲੋਨਾਈਜ਼ਰਾਂ ਦੇ ਨਾਮ ਦਰਜ ਕੀਤੇ ਗਏ ਹਨ।
ਇਸ ਸਬੰਧੀ ਲੋਕ ਇਨਸਾਫ਼ ਪਾਰਟੀ ਦੇ ਆਗੂ ਹਰਪਾਲ ਸਿੰਘ ਕੋਹਲੀ ਦਾ ਕਹਿਣਾ ਹੈ ਕਿ ਜਦੋਂ ਪੁਲੀਸ ਵੱਲੋਂ ਜਾਂਚ ਦੌਰਾਨ ਇਹ ਪਤਾ ਲਗਾਇਆ ਜਾਂਦਾ ਹੈ ਕਿ ਇਹ ਕਲੋਨੀ ਗੈਰਕਾਨੂੰਨੀ ਹੈ ਤਾਂ ਫਿਰ ਕਲੋਨੀ ਦਾ ਮਾਲਕ ਅਣਪਛਾਤਾ ਕਿਵੇਂ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਨਾਜਾਇਜ਼ ਕਲੋਨਾਈਜ਼ਰਾਂ ਨੂੰ ਕਾਨੂੰਨ ਤੋਂ ਬਚਾਉਣ ਲਈ ਹੀ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤੇ ਗਏ ਹਨ।
ਇਸ ਦੌਰਾਨ ਗਲਾਡਾ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਕਈ ਸਾਲ ਪਹਿਲਾਂ ਬਣੀਆਂ ਕਲੋਨੀਆਂ ਦਾ ਕੋਈ ਰਿਕਾਰਡ ਨਾ ਹੋਣ ਕਾਰਨ ਕਲੋਨਾਈਜ਼ਰਾਂ ਦਾ ਕੋਈ ਅਤਾ-ਪਤਾ ਨਾ ਹੋਣ ਕਾਰਨ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ ਅਤੇ ਜਾਣਕਾਰੀ ਮਿਲਦਿਆਂ ਹੀ ਐੱਫਆਈਆਰ ਵਿੱਚ ਨਾਮ ਦਿੱਤੇ ਜਾਣਗੇ।

Advertisement

Advertisement
Author Image

joginder kumar

View all posts

Advertisement
Advertisement
×