ਮੰਟੋ ਤੇ ਮਹੀਪ ਸਿੰਘ ਦੇ ਨਾਟਕਾਂ ਨੇ ਦਰਸ਼ਕ ਕੀਲੇ
ਸਤਿਬੀਰ ਸਿੰਘ
ਬਰੈਂਪਟਨ, 23 ਸਤੰਬਰ
ਕੈਨੇਡਾ ਦੀ ਸੱਤ ਰੰਗ ਨਾਟਕ ਸੰਸਥਾ ਦੀ ਡਾਇਰੈਕਟਰ ਸਬੀਨਾ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ ਸਥਾਨਕ ਕਲਾਰਕ ਥੀਏਟਰ ਵਿਚ ਸਮਾਜਿਕ ਪੀੜਾ ਤੇ ਇਤਿਹਾਸ ਦੇ ਖੂਨੀ ਪੰਜਿਆਂ ਨਾਲ ਲਿਪਟੇ ਦੋ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ। ਨਾਟਕਾਂ ਵਿਚਲੀਆਂ ਕਹਾਣੀਆਂ ਅਤੇ ਕਲਾਕਾਰਾਂ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਬੰਨੀ ਰੱਖਿਆ। ਦੋਵੇਂ ਨਾਟਕਾਂ ਦਾ ਨਿਰਦੇਸ਼ਨ ਵਿਵੇਕ ਸ਼ਰਮਾ ਵਲੋਂ ਕੀਤਾ ਗਿਆ। ਪਹਿਲਾ ਨਾਟਕ ‘ਖੋਲਦੋ’ ਸਾਅਦਤ ਹਸਨ ਮੰਟੋ ਦੀ ਕਹਾਣੀ ’ਤੇ ਅਧਾਰਿਤ ਸੀ, ਜਦ ਕਿ ਦੂਸਰਾ ਨਾਟਕ ਡਾ. ਮਹੀਪ ਸਿੰਘ ਦੀ ਰਚਨਾ ਸੀ। ‘ਖੋਲਦੋ’ ਵਿਚ 1947 ਦੀ ਭਾਰਤ-ਪਾਕਿ ਵੰਡ ਤੋਂ ਉਪਜੇ ਮਨੁੱਖੀ ਦੁਖਾਂਤ ਦੀ ਕਹਾਣੀ ਤੇ ਕਲਾਕਾਰਾਂ ਵੱਲੋਂ ਅਜਿਹਾ ਭਾਵਮਈ ਦ੍ਰਿਸ਼ ਪੇਸ਼ ਕੀਤਾ ਗਿਆ। ਬੁੱਢੇ ਬਾਪ ਦੀ ਜ਼ੁਬਾਨੀ ਕਹਾਣੀ ਪੇਸ਼ ਕੀਤੀ ਗਈ, ਜਿਸ ਦੇ ਪੁੱਤ ਧੀ ਵੰਡ ਵੇਲੇ ਲਾਹੌਰ-ਅੰਮ੍ਰਿਤਸਰ ਰੇਲਗੱਡੀ ਵਿਚ ਹਜ਼ਾਰਾਂ ਲੋਕਾਂ ਦੇ ਨਾਲ ਮਾਰੇ ਗਏ। ਦੂਜੇ ਨਾਟਕ ‘ਲਖਨਊ ਐਕਸਪ੍ਰੈੱਸ’ ਵਿਚ ਮਨੁੱਖ ਦੀ ਮਾਨਸਿਕਤਾ ਨੂੰ ਬਹੁਤ ਬਰੀਕੀ ਨਾਲ ਪੇਸ਼ ਕੀਤਾ ਗਿਆ। ਨਾਟਕਾਂ ਵਿਚ ਸੰਗੀਤ ਜਸ਼ਨ ਪਨੇਸਰ ਨੇ ਦਿੱਤਾ। ਹੋਰਨਾਂ ਕਲਾਕਾਰਾਂ ਵਿਚ ਜਗਦੀਸ਼ ਚੰਦਰ, ਸੰਦੀਪ ਮਹੀਪ ਸਿੰਘ, ਗਣੇਸ਼ ਗੁਜਰ, ਨੇਹਾ ਗੋਪਾਲ, ਮਿਹਰਦੀਪ ਗਿਲ, ਸੰਦੀਪ ਸਿੰਘ, ਕਰਨ ਸੇਠ, ਛੋਟੀ ਬੱਚੀ ਜੁਝਾਰ ਕੌਰ , ਭੁਪੇਸ਼ ਗੁਠਾਰੀ, ਰਵਨੀਤ ਕੌਰ, ਨੈਨਸੀ, ਮਨਤਾਰ ਗਿਲ, ਜਗਰੂਪ ਸਿੰਘ ਤੇ ਅਨੁਰਾਧਾ ਨੇ ਭਾਵਪੂਰਨ ਰੋਲ ਅਦਾ ਕੀਤੇ। ਇਸ ਮੌਕੇ ਪੰਜਾਬ ਆਰਟਸ ਕੌਂਸਲ ਦੇ ਸਾਬਕਾ ਪ੍ਰਧਾਨ ਹਰਜਿੰਦਰ ਕੌਰ, ਇੰਦਰਜੀਤ ਸਿੰਘ ਬਲ, ਦਰਸ਼ਨ ਸਿੰਘ ਏਡੀਓ, ਵਿਸ਼ਵ ਪੰਜਾਬੀ ਸਭਾ ਦੇ ਪ੍ਰਧਾਨ ਦਲਵੀਰ ਕਥੂਰੀਆ ਹਾਜ਼ਰ ਸਨ।