For the best experience, open
https://m.punjabitribuneonline.com
on your mobile browser.
Advertisement

ਜਬਰ-ਜਨਾਹ ਪੀੜਤਾਂ ਦੀ ਜ਼ਿੰਦਗੀ ਦੀ ਦਰਦਨਾਕ ਕਹਾਣੀ ਹੈ ਨਾਟਕ ‘ਪੁਕਾਰ’

07:12 AM Nov 12, 2024 IST
ਜਬਰ ਜਨਾਹ ਪੀੜਤਾਂ ਦੀ ਜ਼ਿੰਦਗੀ ਦੀ ਦਰਦਨਾਕ ਕਹਾਣੀ ਹੈ ਨਾਟਕ ‘ਪੁਕਾਰ’
ਨਾਟਕ ‘ਪੁਕਾਰ’ ਦੀ ਪੇਸ਼ਕਾਰੀ ਦਿੰਦੇ ਹੋਏ ਕਲਾਕਾਰ। -ਫੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 11 ਨਵੰਬਰ
ਕਲਾ ਕ੍ਰਿਤੀ ਪਟਿਆਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ (ਐੱਨਜੈੱਡਸੀਸੀ) ਦੇ ਸਹਿਯੋਗ ਨਾਲ ਕਰਵਾਏ ਸੱਤ ਰੋਜ਼ਾ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ ਪੰਜਵੇਂ ਦਿਨ ਦਿਲ ਨੂੰ ਛੂਹ ਲੈਣ ਵਾਲਾ ਨਾਟਕ ‘ਪੁਕਾਰ’ ਡਾਇਰੈਕਟਰ ਡਾ. ਵਿਕਾਸ ਕਪੂਰ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਕਲਾਕਾਰਾਂ ਦੀ ਪੇਸ਼ਕਾਰੀ ਇੰਨੀ ਭਾਵੁਕਤਾ ਭਰੀ ਸੀ ਕਿ ਇੱਕ ਘੰਟਾ ਦਸ ਮਿੰਟ ਦੇ ਸਮੇਂ ਦੌਰਾਨ ਹਰ ਇਕ ਦਰਸ਼ਕ ਸ਼ਾਂਤ ਚਿੱਤ ਸੀ ਅਤੇ ਸਿਰਫ਼ ਤੇ ਦਰਸ਼ਕ ਸਿਰਫ਼ ਨਾਟਕ ਹੀ ਦੇਖਦੇ ਰਹੇ।
ਇਹ ਇੱਕ ਸੰਵੇਦਨਸ਼ੀਲ ਵਿਸ਼ੇ ’ਤੇ ਅਧਾਰਿਤ ਨਾਟਕ ਹੈ ਜੋ ਸਮਾਜ ਵਿੱਚ ਜਬਰ-ਜਨਾਹ ਖ਼ਿਲਾਫ਼ ਆਵਾਜ਼ ਉਠਾਉਣ ਅਤੇ ਦਰਸ਼ਕਾਂ ਨੂੰ ਜਬਰ-ਜਨਾਹ ਪੀੜਤਾਂ ਦੀ ਜ਼ਿੰਦਗੀ ਨਾਲ ਹਮਦਰਦੀ ਪੈਦਾ ਕਰਨ ਦਾ ਮਹੱਤਵਪੂਰਨ ਕੰਮ ਕਰਦਾ ਹੈ। ਇਹ ਨਾਟਕ ਇੱਕ ਪਾਸੇ ਇਸ ਗੱਲ ਦੀ ਪੜਤਾਲ ਕਰਦਾ ਹੈ ਕਿ ਜਬਰ-ਜਨਾਹ ਪੀੜਤ ਦੋਸ਼ੀ ਨਾ ਹੁੰਦੇ ਹੋਏ ਵੀ ਕਟਹਿਰੇ ਵਿੱਚ ਕਿਉਂ ਖੜ੍ਹੀ ਕਰ ਦਿੱਤੀ ਜਾਂਦੀ ਹੈ, ਉੱਥੇ ਦੂਜੇ ਪਾਸੇ ਇਹ ਨਾਟਕ ਜਬਰ-ਜਨਾਹ ਪੀੜਤਾਂ ਦੇ ਸਮਾਜਿਕ ਪੁਨਰਵਾਸ ਨੂੰ ਲੈ ਕੇ ਵੀ ਵੱਡੇ ਸਵਾਲ ਖੜ੍ਹੇ ਕਰਦਾ ਹੈ। ਕਲਾਕਾਰਾਂ ਵਿੱਚ ਡਾ. ਨੀਤੂ ਪਰਿਹਾਰ, ਅ‌ਸ਼ਿਮ ਸ੍ਰੀਮਾਲੀ, ਨੇਹਾ ਮਹਿਤਾ, ਅੰਤਿਮਾ ਵਿਆਸ, ਖ਼ੁਸ਼ੀ ਵਿਆਸ, ਇਸ਼ਿਤਾ ਧਾਰੀਵਾਲ, ਪਵਨ ਪਰਿਹਾਰ, ਭਰਤ ਮੇਵਾੜਾ, ਇੰਦਰਜੀਤ ਸਿੰਘ ਗੌੜ ਅਤੇ ਗੌਰਵ ਨੇ ਸ਼ਾਨਦਾਰ ਭੂਮਿਕਾ ਨਿਭਾਈ। ਫ਼ੈਸਟੀਵਲ ਦੇ ਮੁੱਖ ਮਹਿਮਾਨ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਲਾ ਕ੍ਰਿਤੀ ਪਟਿਆਲਾ ਵੱਲੋਂ ਨਾਟਕ ਫ਼ੈਸਟੀਵਲ ਕਰਵਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਫ਼ੈਸਟੀਵਲ ਦੌਰਾਨ ਆਯੋਜਿਤ ਨਾਟਕ ਸਮਾਜ ਨੂੰ ਸਹੀ ਸੇਧ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ। ਇਸ ਦੌਰਾਨ ਡਾ. ਸਰਬਜਿੰਦਰ ਸਿੰਘ ਨੇ ਆਖਿਆ ਕਿ ਕਲਾ ਕ੍ਰਿਤੀ ਪਟਿਆਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਚੰਗਾ ਸੁਮੇਲ ਹੈ। ਇਹ ਸੰਸਥਾਵਾਂ ਸਮਾਜ ਨੂੰ ਚੰਗੀ ਦਿਸ਼ਾ ਵੱਲ ਲਿਜਾਣ ਦਾ ਯਤਨ ਕਰ ਰਹੀਆਂ ਹਨ। ਇਸ ਤੋਂ ਇਲਾਵਾ ਐੱਮਡੀ ਬਲਜਿੰਦਰ ਸਿੰਘ ਢਿੱਲੋਂ ਨੇ ਨਾਟਕ ਦੇ ਕਲਾਕਾਰਾਂ ਦੀ ਭਰਵੀਂ ਪ੍ਰਸ਼ੰਸਾ ਕੀਤੀ। ਇਸ ਫ਼ੈਸਟੀਵਲ ਦੇ ਨਿਰਦੇਸ਼ਕ ਅਤੇ ਪ੍ਰਸਿੱਧ ਥੀਏਟਰ ਨਿਰਦੇਸ਼ਕ, ਅਦਾਕਾਰ ਅਤੇ ਨਿਰਮਾਤਾ ਪਰਮਿੰਦਰ ਪਾਲ ਕੌਰ ਨੇ ਦਰਸ਼ਕਾਂ ਦਾ ਸ਼ੁਕਰ ਗੁਜ਼ਾਰ ਕਰਦਿਆਂ ਕਿਹਾ ਕਿ ਤੁਹਾਡੇ ਹੌਸਲੇ ਨਾਲ ਹੀ ਇਹ ਕਲਾਕਾਰ ਸ਼ਾਨਦਾਰ ਨਾਟਕ ਦੀ ਪੇਸ਼ਕਾਰੀ ਦੇਣ ਵਿੱਚ ਸਫਲ ਹੁੰਦੇ ਹਨ।

Advertisement

Advertisement
Advertisement
Author Image

sukhwinder singh

View all posts

Advertisement