ਨਾਟਕ ‘ਕਣਕ ਦੀ ਬੱਲੀ’ ਨੇ ਭਾਵੁਕ ਕੀਤੇ ਦਰਸ਼ਕ
ਮਨੋਜ ਸ਼ਰਮਾ
ਬਠਿੰਡਾ, 26 ਨਵੰਬਰ
ਇਥੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ 12ਵੇਂ ਦਿਨ ਮਾਲਵੇ ਦੇ ਜੰਮਪਲ ਸਿਰਮੌਰ ਨਾਟਕਕਾਰ ਬਲਵੰਤ ਗਾਰਗੀ ਦਾ ਲਿਖਿਆ ਨਾਟਕ ‘ਕਣਕ ਦੀ ਬੱਲੀ’ ਖੇਡਿਆ ਗਿਆ। ਥੀਏਟਰ ਫਾਰ ਥੀਏਟਰ ਗਰੁੱਪ ਚੰਡੀਗੜ੍ਹ ਵੱਲੋਂ ਖੇਡੇ ਇਸ ਨਾਟਕ ਦਾ ਨਿਰਦੇਸ਼ਨ ਗੁਰਪ੍ਰੀਤ ਬੈਂਸ ਨੇ ਕੀਤਾ। ਨਾਟਕ ਵਿੱਚ ਜ਼ਿੰਦਗੀ ਦੇ ਵੱਖ-ਵੱਖ ਰੂਪਾਂ ਵਿੱਚ ਦੁਖਾਂਤ ਹੰਢਾਉਂਦੀ ਔਰਤ ਦੀ ਵੇਦਨਾ ਨੂੰ ਦਰਸਾਇਆ ਗਿਆ। ਭਾਵੁਕਤਾ ਨਾਲ਼ ਭਰੇ ਇਸ ਨਾਟਕ ਨੂੰ ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ਼ ਸਿਖ਼ਰ ’ਤੇ ਪਹੁੰਚਾਇਆ ਤੇ ਨੱਕੋ ਨੱਕ ਭਰਿਆ ਹਾਲ ਤਾੜੀਆਂ ਨਾਲ਼ ਗੂੰਜਦਾ ਰਿਹਾ। 12ਵੇਂ ਦਿਨ ਮੁਕੇਸ਼ ਜਿੰਦਲ ਐੱਮਡੀ ਪੀਪੀ ਇੰਡਸਟਰੀਜ਼ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ਼ ਦੀਪਕ ਬਾਂਸਲ ਡੀਐੱਮ ਗੈਸਟਰੋ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਡਾ. ਗੁਰਿੰਦਰ ਪਾਲ ਸਿੰਘ ਬਰਾੜ ਅਤੇ ਡਾ. ਸੁਦਰਸ਼ਨ ਗਰਗ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਮੁਕੇਸ਼ ਜਿੰਦਲ ਨੇ ਕਿਹਾ ਉਨ੍ਹਾਂ ਲਈ ਇਸ ਨਾਟ-ਉਤਸਵ ਦਾ ਹਿੱਸਾ ਬਣਨਾ ਮਾਣ ਵਾਲ਼ੀ ਗੱਲ ਹੈ। ਦੀਪਕ ਬਾਂਸਲ ਨੇ ਆਪਣੇ ਵਿਚਾਰ ਰੱਖਦਿਆਂ ਨਾਟਿਮ ਦੇ ਇਸ ਵਿਲੱਖਣ ਉਪਰਾਲੇ ਦੀ ਸ਼ਲਾਘਾ ਕੀਤੀ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋਫੈਸਰ ਸੰਦੀਪ ਸਿੰਘ ਨੇ ਨਿਭਾਈ।