ਗੁਰਸ਼ਰਨ ਕਲਾ ਭਵਨ ਵਿੱਚ ਨਾਟਕ ‘ਗੁੰਮਸ਼ੁਦਾ ਔਰਤ’ ਖੇਡਿਆ
ਸੰਤੋਖ ਗਿੱਲ
ਗੁਰੂਸਰ ਸੁਧਾਰ, ਮੁੱਲਾਂਪੁਰ, 31 ਮਾਰਚ
ਲੋਕ ਕਲਾ ਮੰਚ ਵੱਲੋਂ ਮਹੀਨੇ ਦੇ ਆਖ਼ਰੀ ਸ਼ਨਿਚਰਵਾਰ ਨੂੰ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਮੌਕੇ ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਸ਼ਬਦੀਸ਼ ਦਾ ਲਿਖਿਆ ਅਤੇ ਅਨੀਤਾ ਸ਼ਬਦੀਸ਼ ਦੇ ਨਿਰਦੇਸ਼ਨ ਅਤੇ ਅਦਾਕਾਰੀ ਵਾਲੇ ਨਾਟਕ ‘ਗੁੰਮਸ਼ੁਦਾ ਔਰਤ’ ਦੀ ਪੇਸ਼ਕਾਰੀ ਕੀਤੀ ਗਈ। ਸਮਾਗਮ ਦੀ ਸ਼ੁਰੂਆਤ 23 ਮਾਰਚ ਦੇ ਸ਼ਹੀਦਾਂ ਨੂੰ ਮਸ਼ਾਲ ਅਤੇ ਮੋਮਬੱਤੀਆਂ ਬਾਲ ਕੇ ਜ਼ੁਲਮ ਦੇ ਹਨੇਰਿਆਂ ਨੂੰ ਚੀਰ ਦੇਣ ਦੇ ਸੁਨੇਹੇ ਨਾਲ ਸ਼ਰਧਾਂਜਲੀ ਭੇਟ ਕਰ ਕੇ ਕੀਤੀ ਗਈ। ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਅਤੇ ਕਵੀ ਪ੍ਰੋ. ਗੁਰਭਜਨ ਗਿੱਲ ਨੇ ਸਮਾਜ ਨੂੰ ਨਵੇਂ ਸਿਰੇ ਤੋਂ ਸਿਰਜਣ ਲਈ ਰੰਗਮੰਚ ਦੀ ਭੂਮਿਕਾ ਨੂੰ ਅਹਿਮ ਦੱਸਿਆ। ਡਾਕਟਰ ਗੁਲਜ਼ਾਰ ਪੰਧੇਰ ਨੇ ਲੋਕ ਕਲਾ ਮੰਚ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਪ੍ਰੋ. ਮਨਜੀਤ ਸਿੰਘ ਛਾਬੜਾ, ਮਾਸਟਰ ਉਜਾਗਰ ਸਿੰਘ, ਕੰਵਲਜੀਤ ਖੰਨਾ ਅਤੇ ਕਸਤੂਰੀ ਲਾਲ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੇਸ਼ ਦੇ ਮੌਜੂਦਾ ਹਾਲਾਤ ਉੱਪਰ ਚਿੰਤਾ ਪ੍ਰਗਟ ਕੀਤੀ। ਲਵ-ਜਹਾਦ ਦੇ ਨਵੇਂ ਅਰਥ ਸਮਝਾਉਣ ਅਤੇ ਦਿਮਾਗ਼ ਵਿੱਚ ਭਰੇ ਕੂੜੇ ਨਾਲ ਸਵੱਛ ਭਾਰਤ ਦੇ ਸੁਫ਼ਨੇ ਦਿਖਾਉਣ ਵਾਲਿਆਂ ਉੱਪਰ ਤਿੱਖਾ ਕਟਾਖਸ਼ ਕਰਦਾ ਨਾਟਕ ‘ਗੁੰਮਸ਼ੁਦਾ ਔਰਤ’ ਪੇਸ਼ ਕਰਦਿਆਂ ਅਨੀਤਾ ਸ਼ਬਦੀਸ਼ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ। ਲੋਕ ਕਲਾ ਮੰਚ ਦੇ ਡਾਇਰੈਕਟਰ ਹਰਕੇਸ਼ ਚੌਧਰੀ ਨੇ ਮੰਚ ਸੰਚਾਲਨ ਕੀਤਾ। ਪ੍ਰਬੰਧਕਾਂ ਵੱਲੋਂ ਸੁਚੇਤਕ ਰੰਗਮੰਚ ਦੇ ਕਲਾਕਾਰਾਂ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।