ਨਾਟਕ ‘ਭਾਪਾ ਜੀ ਦਾ ਟਰੰਕ’ ਨੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਈਆਂ
ਪੱਤਰ ਪ੍ਰੇਰਕ
ਅੰਮ੍ਰਿਤਸਰ, 28 ਅਗਸਤ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਰਾਮਾ ਕਲੱਬ ਅਤੇ ਰੰਗਕਰਮੀ ਮੰਚ ਅੰਮ੍ਰਿਤਸਰ ਵੱਲੋਂ ਨਾਟਕ ‘ਭਾਪਾ ਜੀ ਦਾ ਟਰੰਕ’ ਦਾ ਮੰਚਨ ਦਸਮੇਸ਼ ਆਡੀਟੋਰੀਅਮ ਵਿੱਚ ਕੀਤਾ ਗਿਆ। ਇਹ ਨਾਟਕ ਮੰਚਪ੍ਰੀਤ ਵੱਲੋਂ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਨਾਟਕ ਨੇ ਜਿੱਥੇ ਹਸਾ ਹਸਾ ਕੇ ਵਿਦਿਆਰਥੀਆਂ ਦੇ ਢਿੱਡੀ ਪੀੜਾਂ ਪਾ ਛੱਡੀਆਂ, ਉੱਥੇ ਆਪਣੇ ਸੰਦੇਸ਼ ਵਿੱਚ ਵਰਤਮਾਨ ਸਮੇਂ ਦੇ ਗੰਭੀਰ ਮੁੱਦਿਆਂ ਨੂੰ ਸੰਜੋਈ ਰੱਖਿਆ। ਇਸ ਨਾਟਕ ਵਿੱਚ ਦੱਸਿਆ ਗਿਆ ਕਿ ਕਿਵੇਂ ਦੌਲਤ ਅਤੇ ਆਪਣਾ ਕਰੀਅਰ ਬਣਾਉਣ ਦੀ ਲਾਲਸਾ ਵਿੱਚ ਨਵੀਂ ਪੀੜ੍ਹੀ ਨੇ ਆਪਣੇ-ਆਪ ਨੂੰ ਫਸਾ ਲਿਆ ਹੈ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਭੁੱਲ ਕੇ ਅਤੇ ਆਪਣੇ ਮਾਤਾ-ਪਿਤਾ ਨੂੰ ਨਜ਼ਰ-ਅੰਦਾਜ਼ ਕਰ ਕੇ ਲੋਕ ਖ਼ੁਦ ਨੂੰ ਇਕੱਲਤਾ ਦੀ ਅੱਗ ਵਿੱਚ ਸੁੱਟਦੇ ਜਾ ਰਹੇ ਹਨ। ਮੁੱਖ ਮਹਿਮਾਨ ਵਜੋਂ ਪੁੱਜੇ ਯੂਨੀਵਰਸਿਟੀ ਦੇ ਵੀਸੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਕਲਾਕਾਰਾਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਅਮਨਦੀਪ ਸਿੰਘ, ਇੰਚਾਰਜ ਯੁਵਕ ਭਲਾਈ, ਡਾ. ਸੁਨੀਲ ਕੁਮਾਰ, ਇੰਚਾਰਜ ਡਰਾਮਾ ਕਲੱਬ, ਕੰਵਲ ਰੰਧੇਅ ਡਾਇਰੈਕਟਰ ਅਤੇ ਰੰਗਮੰਚ ਪ੍ਰੇਮੀ ਹਾਜ਼ਰ ਸਨ। ਡਾ. ਸੁਨੀਲ ਕੁਮਾਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਰੰਗਕਰਮੀ ਮੰਚ ਦੀ ਟੀਮ ਨੂੰ ਸਨਮਾਨਿਤ ਕੀਤਾ। ਮੰਚ ਸੰਚਾਲਨ ਹਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ।