ਬਿਨ ਬੁਲਾਏ ਆਇਆ ਜਹਾਜ਼...
ਸਵਰਨ ਸਿੰਘ ਟਹਿਣਾ
ਹੱਥਕੜੀਆਂ, ਬੇੜੀਆਂ, ਰੋਣਹਾਕੇ ਚਿਹਰੇ। ਡਰੇ ਹੋਏ, ਸਹਿਮੇ ਹੋਏ। ਮੂੰਹ ਲੁਕੋ ਰਹੇ। ਕੀ ਕਹਿਣ ਤੇ ਕੀ ਦੱਸਣ ਕਿ ਉਨ੍ਹਾਂ ਨਾਲ ਕੀ-ਕੀ ਹੋਇਆ? ਚਾਲੀ ਘੰਟਿਆਂ ਬਾਅਦ ਉਸੇ ਧਰਤੀ ’ਤੇ ਆਣ ਪਹੁੰਚੇ, ਜਿੱਥੋਂ ਕਈ ਮਹੀਨੇ ਪਹਿਲਾਂ ਤੁਰੇ ਸਨ। ਹਵਾਈ ਜਹਾਜ਼ ਰਾਹ ’ਚ ਚਾਰ ਥਾਂ ਰੁਕਿਆ, ਤੇਲ-ਪਾਣੀ ਲਈ। ਇਹ ਅੰਦਰੇ ਰਹੇ। ਪਤਾ ਹੀ ਨਹੀਂ ਲੱਗਾ, ਕਿਹੜਾ ਦੇਸ਼ ਸੀ ਉਹ। ਕਈਆਂ ਨੂੰ ਰਨਵੇਅ ’ਤੇ ਜਹਾਜ਼ ਦੇ ਟਾਇਰ ਲੱਗਣ ਪਿੱਛੋਂ ਪਤਾ ਲੱਗਾ, ਆਪਣੇ ਵਾਲਾ ਅੰਮ੍ਰਿਤਸਰ ਆ ਗਿਆ। ਉਹੀ ਏਅਰਪੋਰਟ, ਜੀਹਦੇ ਬਾਰੇ ਰੌਲ਼ਾ ਪੈਂਦਾ ਹੈ ਕਿ ਇੱਥੋਂ ਅੰਤਰਰਾਸ਼ਟਰੀ ਉਡਾਣਾਂ ਘੱਟ ਕਿਉਂ ਜਾਂਦੀਆਂ ਹਨ, ਸਰਕਾਰਾਂ ਹੇਰਫੇਰੀ ਕਰਦੀਆਂ ਹਨ। ਪਰ ਅੱਜ ਹੇਰਾਫ਼ੇਰੀ ਨਹੀਂ ਹੋਈ। ਬਿਨਾਂ ਬੁਲਾਏ ਜਹਾਜ਼ ਉੱਤਰਿਆ। ਬਿਨਾਂ ਟਿਕਟੋਂ ਸਫ਼ਰ ਕਰਾਇਆ। ਕਿੰਨੇ ਵੱਡੇ ਸੁਫਨੇ ਸੀ ਮੁਸਾਫ਼ਰਾਂ ਦੇ। ਵਿਆਹ ਦੇ, ਨਿਆਣਿਆਂ ਦੇ, ਕੋਠੀ ਦੇ, ਸੁੱਖਾਂ ਲੱਧੀ ਜ਼ਿੰਦਗੀ ਦੇ, ਸੋਹਣੇ ਭਵਿੱਖ ਦੇ। ਅੱਜ ਉੱਤਰੇ ਤਾਂ ਸਭ ਰੁੜ੍ਹ ਗਿਆ, ਤਿੜਕ ਗਿਆ, ਕਿੰਨਾ ਕੁਝ ਅੱਖਾਂ ਮੂਹਰੋਂ ਫਿਲਮੀ ਦ੍ਰਿਸ਼ ਵਾਂਗ ਨਿਕਲਿਆ ਹੋਵੇਗਾ।
ਹੁਣ ਸਾਰੇ ਦੇ ਸਾਰੇ 104 ਘਰੋ-ਘਰੀ ਨੇ। ਪੰਜਾਬ ਦੇ 30 ਨੇ। ਬੁੱਢੇ ਮਾਪਿਆਂ ਦੇ ਅੱਥਰੂ ਝੁਰੜੀਆਂ ਵਾਲੀਆਂ ਗੱਲ੍ਹਾਂ ਪਾਰ ਕਰ ਰਹੇ ਨੇ। ਉਹ ਰੋ ਰਹੇ ਨੇ। ਜਹਾਨ ਲੁੱਟਿਆ ਗਿਆ ਲੱਗਦਾ ਏ। ਲੋਕਾਂ ਦੇ ਮਿਹਣੇ ਵੱਖਰੇ। ਉਮਰ ਭਰ ਕਈਆਂ ਚੱਬ-ਚੱਬ ਗੱਲਾਂ ਕਰਨੀਆਂ ਨੇ।
ਮੈਨੂੰ ’ਕੱਲੀ-’ਕੱਲੀ ਗੱਲ ਚੇਤੇ ਹੈ। ਦੋ ਸਾਲ ਪਹਿਲਾਂ ਇਨ੍ਹਾਂ ਤੀਹਾਂ ਵਾਂਗ ਪੰਜਾਬ ਪਹੁੰਚੇ ਇੱਕ ਮੁੰਡੇ ਦੀ ਇੰਟਰਵਿਊ ਕੀਤੀ ਸੀ। ਉਹ ਪਹਿਲੇ ਦੋ ਮਿੰਟਾਂ ’ਚ ਹੀ ਫਿੱਸ ਪਿਆ। ਭੁੱਬਾਂ ਮਾਰ ਰੋਇਆ। ਕਹਿੰਦਾ, ‘‘ਕਿੱਲਾ ਜ਼ਮੀਨ ਵੇਚੀ, ਦੋ ਕਿੱਲੇ ਗਹਿਣੇ ਧਰੀ। ਏਜੰਟ ਭਰੋਸੇ ਵਾਲਾ ਸੀ। ਕਈ ਬੰਦੇ ਉਹਨੇ ਭੇਜੇ ਸੀ। ਕਹਿੰਦਾ ਇੱਕ ਨੰਬਰ ’ਚ ਭੇਜੂੰ। ਘਰੋਂ ਦਿੱਲੀ ਲੈ ਗਿਆ। ਹਫ਼ਤਾ ਭਰ ਹੋਟਲ ’ਚ ਰੱਖਿਆ। ਉੱਥੋਂ ਦੁਬਈ। ਫਿਰ ਇੱਕ ਹੋਰ ਦੇਸ਼। ਫੇਰ ਹੋਰ। ਕਿਤੇ ਹਫ਼ਤੇ ਦਾ ਠਹਿਰਾਅ, ਕਿਤੇ ਦੋ ਹਫ਼ਤੇ। ਰੁਲ਼ਦੇ-ਖੁਲ਼ਦੇ ਜੰਗਲ ’ਚ ਪਹੁੰਚ ਗਏ। ਉੱਥੇ ਹੋਰ ਬੜੇ ਮੇਰੇ ਵਰਗੇ। ਇਮਤਿਹਾਨ ਸ਼ੁਰੂ ਹੋ ਗਿਆ। ਬਚ ਗਏ, ਸੋ ਬਚ ਗਏ, ਮਰ ਗਏ ਸੋ ਮਰ ਗਏ। ਮਰਦੇ, ਖਪਦੇ ਬੇਸ ਕੈਂਪ ਪਹੁੰਚੇ। ਕਈ ਹਫ਼ਤੇ ਉੱਥੇ ਰਹੇ। ਕੰਧ ਪਾਰ ਕਰਨ ਦਾ ਸਹੀ ਸਮਾਂ ਨਾ ਆਇਆ। ਆਖ਼ਰ ਪਾਰ ਕਰ ਗਏ। ਉਹ ਜੇਲ੍ਹ ਲੈ ਗਏ। ਬਾਹਰ ਵੀ ਨਿਕਲ ਆਏ। ਦੋ ਸਾਲ ਧੱਕੇ ਖਾਧੇ। ਪੈਰ ਨਾ ਲੱਗੇ। ਮੈਂ ਮੁੜ ਆਇਆ। ਪੈਸੇ, ਜ਼ਿੰਦਗੀ ਦੇ ਵਰ੍ਹੇ, ਸਭ ਕੁਝ ਚਲਾ ਗਿਆ। ਕਈ ਵਾਰ ਮਰਨ ਨੂੰ ਚਿੱਤ ਕੀਤਾ, ਪਰ ਭੈਣ ਦੀ ਡੋਲੀ ਵਾਲੀ ਕਾਰ ਨੂੰ ਧੱਕਾ ਲਾਉਣ ਦਾ ਜ਼ਿੰਮਾ ਚੇਤੇ ਆ ਜਾਂਦਾ। ਬੁੱਢੇ ਹੱਡਾਂ ਵਾਲੇ ਮਾਪਿਆਂ ਪ੍ਰਤੀ ਫ਼ਰਜ਼ਾਂ ਨੇ ਸਪਰੇਅ ਵਾਲੀ ਸ਼ੀਸ਼ੀ ਨੂੰ ਹੱਥ ਜਾਂਦਾ-ਜਾਂਦਾ ਰੋਕਿਆ।ਇਹੀ ਡੰਕੀ ਹੈ। ਪੀੜ ਵਾਲੀ ਡੰਕੀ। ਖ਼ਤਰੇ ਵਾਲੀ। ਮੌਤ ਨਾਲ ਘੁਲ਼ਣ ਵਾਲੀ। ਪਿੰਡ ਛੁਡਾਉਣ ਵਾਲੀ। ਨਵੇਂ ਦੇਸ਼ ਦੇ ਸੁਪਨੇ ਵਾਲੀ। ਉਹ ਡੰਕੀ, ਜੀਹਦੇ ’ਤੇ ਫ਼ਿਲਮਾਂ ਬਣੀਆਂ। ਗਾਣੇ ਬਣੇ। ਦਸਤਾਵੇਜ਼ੀ ਫਿਲਮਾਂ ਆਈਆਂ। ਖ਼ਬਰਾਂ ਬਣੀਆਂ। ਪਰ ਨਾ ਜਾਣ ਵਾਲੇ ਘਟੇ, ਨਾ ਲਿਜਾਣ ਵਾਲੇ। ਲਿਜਾਣ ਵਾਲਿਆਂ ਦਾ ਇੱਥੇ ਹੀ ਅਮਰੀਕਾ। ਜਾਣ ਵਾਲਿਆਂ ਦਾ ਪਹੁੰਚ ਕੇ ਵੀ ਨਹੀਂ ਪਤਾ।
ਕੁਝ ਮਹੀਨੇ ਪਹਿਲਾਂ ਮੈਨੂੰ ਅਮਰੀਕਾ ’ਚੋਂ ਹੀ ਫੋਨ ਆਇਆ ਸੀ। ਅਣਜਾਣ ਬੰਦਾ ਸੀ। ਖਿਝੀ ਆਵਾਜ਼ ਵਾਲਾ। ਕਹਿੰਦਾ, ‘‘ਡੰਕੀ-ਡੰਕੀ ਕਹਿ ਮਿੱਟੀ ਪੱਟਦੇ ਰਹਿੰਦੇ ਓ। ਮੈਂ ਚਾਰ ਲੱਖ ਮਹੀਨਾ ਕਮਾਉਂਦਾ ਹਾਂ। ਜੇ ਗੁੱਲੀ ਦਾ ਦਣ ਸਿੱਧਾ ਪੈ ਜਾਵੇ ਤਾਂ ਕਿਸਮਤ ਬਦਲ ਜਾਂਦੀ ਏ। ਤੁਸੀਂ ਗੱਲਾਂ ਕਰਦੇ ਓ। ਰਾਹ ਰੋਕਦੇ ਓ। ਸੁਫਨੇ ਪੂਰੇ ਹੋਣ ’ਤੇ ਖਿਝਦੇ ਓ।’’
ਕਿੰਨਾ ਕੁਝ ਉਹ ਇੱਕੋ ਸਾਹੇ ਬੋਲ ਗਿਆ। ਅੱਜ ਮੈਂ ਉਹਦਾ ਫੋਨ ਨੰਬਰ ਲੱਭਦਾ ਹਾਂ, ਪਰ ਮਿਲਦਾ ਨਹੀਂ। ਮਿਲ ਜਾਵੇ ਤਾਂ ਪੁੱਛਾਂ ਕਿ ‘ਇਨ੍ਹਾਂ ਇੱਕ ਸੌ ਚਾਰਾਂ ਦਾ ਕੀ ਕਰਨਾ ਏ। ਬੁਲਾ ਲਵੇ ਸਾਰੇ। ਅਗਲੇ ਅਠਾਰਾਂ ਹਜ਼ਾਰ ਦੀ ਸੂਚੀ ਹੋਰ ਬਣਾਈ ਬੈਠੇ ਨੇ। ਗ਼ਲਤ ਰਾਹ ਸਭ ਨੂੰ ਸਹੀ ਪਾਸੇ ਕਿਵੇਂ ਲਿਜਾ ਸਕਦਾ ਏ? ਤੁਹਾਡੇ ਵਰਗੇ ਕੁਝ ਕੁ, ਨਾਲ ਦਿਆਂ ਦਾ ਭੱਠਾ ਬਿਠਾ ਛੱਡਦੇ ਨੇ। ਨਾ ਏਧਰ ਜੋਗੇ, ਨਾ ਓਧਰ ਜੋਗੇ। ਤੁਸੀਂ ਤਾਂ ਦਸ ਵਰ੍ਹਿਆਂ ਬਾਅਦ ਤਿੰਨ ਚੇਨੀਆਂ ਗਲ਼ ’ਚ ਪਾ ਕੇ ਪੰਜਾਬ ਗੇੜਾ ਮਾਰ ਜਾਓਗੇ ਤੇ ਏਧਰਲਿਆਂ ਨੂੰ ਏਜੰਟਾਂ ਹੱਥੇ ਚੜ੍ਹਾ ਜਾਓਗੇ।’
ਹਾਂ, ਸੱਚ ਪਿਛਲੇ ਦਿਨੀਂ ਅਮਰੀਕਾ ਬਾਰਡਰ ਪੈਟਰੋਲਿੰਗ ਦੇ ਮੁਖੀ ਮਾਈਕਲ ਬੈਂਕਸ ਨੇ ਐਕਸ ’ਤੇ ਲਿਖਿਆ, ‘ਅਮਰੀਕੀ ਬਾਰਡਰ ਪੈਟਰੋਲ ਨੇ ਨਾਜਾਇਜ਼ ਏਲੀਅਨਜ਼ ਨੂੰ ਸਫ਼ਲਤਾਪੂਰਵਕ ਭਾਰਤ ਵਾਪਸ ਭੇਜਿਆ। ਮਿਲਟਰੀ ਜਹਾਜ਼ ਦੀ ਵਰਤੋਂ ਕੀਤੀ। ਇਹ ਮਿਸ਼ਨ ਨਜਾਇਜ਼ ਤਰੀਕੇ ਨਾਲ ਰਹਿ ਰਹੇ ਪਰਵਾਸੀਆਂ ਨੂੰ ਕੱਢਣ ਪ੍ਰਤੀ ਸਾਡੀ ਵਚਨਬੱਧਤਾ ਦਰਸਾਉਂਦਾ ਹੈ। ਗ਼ਲਤ ਤਰੀਕੇ ਸਰਹੱਦ ਪਾਰ ਕਰਦੇ ਹੋ ਤਾਂ ਵਾਪਸ ਭੇਜਿਆ ਜਾਵੇਗਾ।’’
ਕਿੰਨਾ ਵੱਡਾ ਸੁਨੇਹਾ ਹੈ ਉਨ੍ਹਾਂ ਦਾ। ਟਰੰਪ ਦਾ। ਗ਼ਲਤ ਤਰੀਕੇ ਨਾਲ ਰਹਿ ਰਹੇ ਜਾਂ ਪਹੁੰਚਣ ਦੀ ਕੋਸ਼ਿਸ਼ ਵਾਲੇ ਉਨ੍ਹਾਂ ਲਈ ਏਲੀਅਨ ਹਨ। ਉਹ ਏਲੀਅਨ, ਜਿਨ੍ਹਾਂ ਦੀ ਲੋੜ ਨਹੀਂ। ਉਹ ਏਲੀਅਨ, ਜਿਨ੍ਹਾਂ ਨੂੰ ਮੇਰੇ ਵਰਗਿਆਂ ਵੀ ਕਿਤਾਬਾਂ ’ਚ ਪੜ੍ਹਿਆ ਜਾਂ ਫਿਲਮਾਂ ’ਚ ਦੇਖਿਆ ਏ। ਉਹਨੇ ਹੱਥਕੜੀਆਂ ਲੱਗੇ ਤੇ ਬੇੜੀਆਂ ਵਾਲੇ ਭਾਰਤੀਆਂ ਦੀ ਵੀਡੀਓ ਵੀ ਪਾਈ। ਇਹ ਦੱਸਣ ਲਈ ਕਿ ਸਰਕਾਰ ਬਦਲੀ ਹੈ ਤਾਂ ਤੁਸੀਂ ਵੀ ਬਦਲ ਜਾਓ। ਲੋੜ ਨਹੀਂ ਤੁਹਾਡੀ।
ਪਰ ਅਸੀਂ ਕਿਵੇਂ ਬਦਲੀਏ? ਕਦ ਬਦਲੇ ਹਾਂ ਅਸੀਂ? ਜੇ ਬਦਲੇ ਵੀ ਤਾਂ ਥੋੜ੍ਹੇ ਸਮੇਂ ਲਈ। ਮਜਬੂਰੀ ’ਚ ਬਦਲਦੇ ਹਾਂ। ਅਸੀਂ ਤਾਂ ਅਰਦਾਸਾਂ ਕਰਾਉਂਦੇ ਹਾਂ, ‘ਸੱਚੇ ਪਾਤਸ਼ਾਹ, ਧੀ-ਪੁੱਤ ਸਹੀ ਸਲਾਮਤ ਪਹੁੰਚ ਜਾਵੇ। ਟਿਕਾਣੇ ਲੱਗ ਜਾਵੇ। ਗਰੀਨ ਕਾਰਡ ਮਿਲ ਜਾਵੇ। ਪੱਕਾ ਹੋ ਜਾਵੇ। ਫੇਰ ਮੁੜ ਕੇ ਆਵੇ ਤਾਂ ਖ਼ੁਸ਼ੀਆਂ ਦੂਣੀਆਂ ਹੋਣ।’
ਸਾਡੀ ਅਰਦਾਸ ਬੇਨਤੀ ਦੀ ਭਾਵਨਾ ਹੈ ਕਿ ‘ਬਾਬਾ ਜੀ, ਜਿੱਥੇ ਤੁਸੀਂ ਪੈਦਾ ਹੋਏ, ਖੇਡੇ, ਕਿਰਤ ਕੀਤੀ, ਸਿੱਖਿਆ ਦਿੱਤੀ, ਜੰਗਾਂ ਲੜੀਆਂ, ਸ਼ਹਾਦਤਾਂ ਦਿੱਤੀਆਂ, ਸਾਨੂੰ ਉੱਥੋਂ ਕੱਢ ਦਿਓ ਤੇ ਦਸ-ਪੰਦਰਾਂ ਹਜ਼ਾਰ ਕਿਲੋਮੀਟਰ ਦੀ ਉਡਾਰੀ ਲਵਾ ਦਿਓ।’
ਹੁਣ ਵਾਲੀ ਘਟਨਾ ਪਿੱਛੋਂ ਏਜੰਟ ਲੁਕ ਗਏ ਹਨ। ਇਹ ਪਹਿਲਾਂ ਵੀ ਥੋੜ੍ਹੇ ਚਿਰ ਲਈ ਉਰ੍ਹੇ-ਪਰ੍ਹੇ ਹੁੰਦੇ ਰਹੇ ਨੇ। ਮੀਂਹ ਪਿੱਛੋਂ ਨਿਕਲਦੇ ਭਮੱਕੜਾਂ ਵਾਂਗ ਥੋੜ੍ਹੇ ਚਿਰ ਮਗਰੋਂ ਆਣ ਧਮਕਦੇ ਨੇ। ਪੰਜਾਬੀਆਂ ਦੀ ਯਾਦਦਾਸ਼ਤ ਨਰੋਈ ਨਹੀਂ। ਫਿਰ ਚੁੰਗਲ ’ਚ ਜਾ ਫਸਦੇ ਨੇ। ਪਰਦੇ ਨਾਲ ਪੈਸਿਆਂ ਦਾ ਝੋਲ਼ਾ ਫੜਾਉਂਦੇ, ਹਦਾਇਤ ਕਰਦੇ ਨੇ, ‘‘ਮੁੰਡਾ ’ਕੇਰਾਂ ਕੱਢ ਦਿਓ। ਰੁਪਈਆ ਜਿੰਨਾ ਮਰਜ਼ੀ ਲੱਗਜੇ। ਕੰਨੋਂ ਕੰਨ ਖ਼ਬਰ ਨਾ ਹੋਵੇ ਕਿਸੇ ਨੂੰ। ਸ਼ਰੀਕ ਬਹੁਤ ਨੇ। ਉੱਥੇ ਪਹੁੰਚੇ ਦਾ ਹੀ ਪਤਾ ਲੱਗੇ। ਜਦੋਂ ਫੇਸਬੁਕ ’ਤੇ ਫੋਟੋਆਂ ਪਈਆਂ, ਸ਼ਰੀਕ ਆਪੇ ਲੂਹੇ ਜਾਣਗੇ।’’
ਕਿੰਨੀ ਵਾਰ ਏਜੰਟਾਂ ਦੇ ਪੱਟੇ ਪੰਜਾਬੀ ਸੜਕਾਂ ’ਤੇ ਆਏ। ਧਰਨੇ ਲਾਏ। ਸਰਕਾਰੇ-ਦਰਬਾਰੇ ਗਏ। ਖ਼ਬਰਾਂ ਲੁਆਈਆਂ। ਪਰਚੇ ਪਏ। ਤਰੀਕਾਂ ਪਈਆਂ। ਨਿਕਲਿਆ ਕੀ? ਉਹੀ ਫਸਣ ਵਾਲੇ, ਉਹੀ ਫਸਾਉਣ ਵਾਲੇ।
ਮੈਂ ਕਦੇ-ਕਦੇ ਸੋਚਦਾ ਹਾਂ, ਦੋ ਸੌ ਦੀ ਸਬਜ਼ੀ ਲੈਣ ਲੱਗਿਆਂ ਦਸ ਰੇਹੜੀਆਂ ਗਾਹੁਣ ਵਾਲੇ ਪੰਜਾਬੀ, ਏਜੰਟਾਂ ਕੋਲ ਕਿਵੇਂ ਫਸ ਜਾਂਦੇ ਨੇ। ਗੰਢਿਆਂ, ਟਮਾਟਰਾਂ, ਤੋਰੀਆਂ, ਕੱਦੂਆਂ ’ਚ ਨੁਕਸ ਕੱੱਢਣ ਵਾਲੇ ਲੋਕ ਪੰਜਾਹ ਲੱਖ ਕਿਵੇਂ ਦੇ ਦਿੰਦੇ ਨੇ? ਸਾਡੀ ਮੱਤ ਨੂੰ ਕੀ ਹੋ ਜਾਂਦਾ ਏ? ਪੰਜਾਹ ਲੱਖ ਲਾਉਣ ਵੇਲ਼ੇ ਜੇਰਾ ਕਿਵੇਂ ਆਉਂਦਾ ਏ?
ਡੰਕੀ ਲਾਉਣੀ, ਨਾ ਲਾਉਣੀ, ਮਰਜ਼ੀ ਆਪੋ ਆਪਣੀ। ਦਿਸ ਸਾਰਾ ਕੁਝ ਰਿਹਾ ਏ। ਕਿਸੇ ਦੇ ਕਹੇ ਰੁਕਦਾ ਕੋਈ ਨਹੀਂ। ਪਰ ਹੁਣ ਮੁੜੇ ਤੀਹ ਪੰਜਾਬੀ ਉਨ੍ਹਾਂ ਹਜ਼ਾਰਾਂ ਮੁੰਡੇ-ਕੁੜੀਆਂ ਲਈ ਉਦਾਹਰਣ ਨੇ, ਜਿਹੜੇ ਕਿਸੇ ਵੀ ਤਰੀਕੇ ਵਤਨ ਛੱਡਣ ਦੇ ਚਾਹਵਾਨ ਨੇ। ਅੱਗੇ ਸਾਂਭਣ ਵਾਲਾ ਕੋਈ ਨਹੀਂ ਤੇ ਜਿਨ੍ਹਾਂ ਹੁਣ ਤੱਕ ਸਾਂਭਿਆ, ਉਨ੍ਹਾਂ ’ਤੇ ਜ਼ਿੱਦ ਪੂਰੀ ਕਰਨ ਦਾ ਦਬਾਅ ਹੈ।
ਹੁਣ ਰੌਲ਼ਾ ਪੈ ਰਿਹਾ ਏ। ਸ਼ਾਇਦ ਹਫ਼ਤਾ ਕੁ ਚੱਲੇਗਾ ਇਹ। ਅਖੇ, ਜਹਾਜ਼ ਪੰਜਾਬ ’ਚ ਕਿਉਂ ਉਤਾਰਿਆ, ਸਾਡੇ ਬੰਦੇ ਤਾਂ ਘੱਟ ਸੀ। ਹੱਥਕੜੀਆਂ ਕਿਉਂ ਲਾਈਆਂ। ਬੇੜੀਆਂ ਕਿਉਂ ਪਾਈਆਂ। ਇੱਕੋ ਬਾਥਰੂਮ ਸੀ ਜਹਾਜ਼ ਸੀ। ਅਣਮਨੁੱਖੀ ਵਰਤਾਅ ਕਿਉਂ ਕੀਤਾ। ਕੇਂਦਰ ਜ਼ਿੰਮੇਵਾਰ ਹੈ। ਕੇਂਦਰੀ ਮੰਤਰੀ ਕਹਿੰਦੇ, ‘‘ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਵਾਪਸ ਭੇਜਣ ਦਾ ਵਰਤਾਰਾ ਦਹਾਕਿਆਂ ਤੋਂ ਚੱਲ ਰਿਹਾ ਹੈ। ਨਵਾਂ ਨਹੀਂ ਇਹ। ਗ਼ਲਤ ਤਰੀਕੇ ਘੁਸਣ ਵਾਲੇ ਸੁਰੱਖਿਆ ਨੂੰ ਖ਼ਤਰਾ ਹੋ ਸਕਦੇ ਹਨ।’’
ਉਨ੍ਹਾਂ ਲਈ ਇਹ ਬਿਆਨ ਹੈ ਤੇ ਸਾਡੇ ਲਈ ਜ਼ਿੰਦਗੀ-ਮੌਤ ਦਾ ਸਵਾਲ। ਉਨ੍ਹਾਂ ਲਈ ਹਜ਼ਾਰਾਂ ’ਚੋਂ ਇਹ ਇੱਕ ਵਿਸ਼ਾ ਹੈ, ਸਾਡੀ ਜ਼ਿੰਦਗੀ ਦੇ ਹਜ਼ਾਰਾਂ ਵਿਸ਼ੇ ਹਨ। ਉਨ੍ਹਾਂ ਦਾ ਕੁਝ ਗਿਆ ਨਹੀਂ, ਸਾਡੇੇ ਪੱਲੇ ਧੇਲਾ ਨਹੀਂ ਰਿਹਾ। ਪਰ ਸਬਕ ਕਿੱਥੇ ਹੈ? ਪੰਜਾਬ ਦੀ ਡੰਕੀ ਸਨਅਤ ਅਰਬਾਂ ਦੀ ਹੋਈ ਪਈ ਏ। ਡੰਕੀ ਲਵਾਉਣ ਵਾਲੇ ਰੱਬ ਬਣ ਬੈਠੇ ਨੇ। ਉਹ ਤਰਕ ਦਿੰਦੇ ਹਨ, ‘‘ਜੇ ਤੁਹਾਡਾ ਪੁੱਤ-ਧੀ ਸਹੀ ਟਿਕਾਣੇ ਪੁੱਜ ਜਾਵੇ। ਕਮਾਵੇ। ਕੋਠੀਆਂ-ਕਾਰਾਂ ਲੈ ਲੈ ਦੇਵੇ। ਤੁਸੀਂ ਕਦੇ ਏਜੰਟ ਦਾ ਧੰਨਵਾਦ ਕੀਤਾ? ਨਹੀਂ ਪਹੁੰਚਿਆ ਤਾਂ ਮਰ ਗਏ, ਲੁੱਟ ਗਏ, ਕਰ ਦਿੰਦੇ ਓ।’’
ਲੋੜ ਸਮਝਣ ਦੀ ਹੈ, ਸਮਝਾਉਣ ਦੀ ਨਹੀਂ। ਪੰਜਾਬੀਆਂ ਨੂੰ ਤਾਂ ਖ਼ਾਸ ਸਮਝਣ ਦੀ ਹੈ। ਅਸੀਂ ਧੱਕੜ ਹਾਂ, ਪਰ ਬੇਮੌਤੇ ਮਰਨਾ ਧੱਕੜਪੁਣਾ ਨਹੀਂ, ਮੂਰਖਤਾ ਹੈ। ਅਸੀਂ ਹਾਲਾਤ ਨਾਲ ਲੜਨ ਵਾਲੇ ਹਾਂ, ਪਰ ਜੰਗਲਾਂ ’ਚ ਲੜਨਾ ਤੇ ਮਰਨਾ ਸਿਆਣਪ ਨਹੀਂ। ਅਸੀਂ ਜਾਨ ਦੀ ਬਾਜ਼ੀ ਲਾਉਣ ਵਾਲੇ ਹਾਂ, ਪਰ ਹਜ਼ਾਰਾਂ ਕਿਲੋਮੀਟਰ ਦੂਰ ਜਾ ਕੇ ਕਿਉਂ ਮਰਨਾ? ਅਸੀਂ ਪਿੱਛੇ ਨਾ ਹਟਣ ਵਾਲੇ ਹਾਂ, ਪਰ ਹੁਣ ਇਸ ਰਾਹ ਤੋਂ ਤਾਂ ਪਿੱਛੇ ਹਟਣਾ ਹੀ ਪਵੇਗਾ।
ਬਾਹਰ ਜਾਣਾ ਮਾੜਾ ਨਹੀਂ। ਪਰ ਕਾਬਲ ਬਣੋ ਤੇ ਜਾਓ। ਅੱਧਾ ਕਰੋੜ ਲਾ ਕੇ ਕਿਸੇ ਅਣਜਾਣ ਦੇ ਭਰੋਸੇ ਅੰਨ੍ਹਾ ਸਫ਼ਰ ਤੈਅ ਕਰਨਾ ਕਾਬਲੀਅਤ ਨਹੀਂ। ਕਿਸੇ ਨੂੰ ਦੋਸ਼ ਦੇਣ ਨਾਲੋਂ ਖ਼ੁਦ ਹੀ ਸੰਭਲ ਕੇ ਚੱਲੋ। ਜੇ ਸਰਕਾਰਾਂ ਰੁਜ਼ਗਾਰ ਨਹੀਂ ਦਿੰਦੀਆਂ ਤਾਂ ਵੋਟਾਂ ਵਾਲੇ ਦਿਨ ਤੱਕ ਚੇਤੇ ਰੱਖੋ। ਮਰਨ ਦੀ ਥਾਂ ਜਿਊਣ ਦਾ ਚੱਜ ਸਿੱਖੋ।
ਮੈਂ ਇੱਕ ਵਾਰ ਦੋਸਤ ਦੇ ਘਰ ਗਿਆ। ਸਾਲ ਕੁ ਪਹਿਲਾਂ। ਪੌੜੀਆਂ ਥੱਲੇ ਚਾਬੀਆਂ ਦੇ ਪੰਜ-ਛੇ ਗੁੱਛੇ ਟੰਗੇ ਸੀ। ਚਾਰ ਗੁੱਛੇ ਜੰਗਾਲ ਖਾਧੇ। ਮੈਂ ਹੈਰਾਨ ਹੋ ਪੁੱਛਿਆ, ‘‘ਐਨੀਆਂ ਚਾਬੀਆਂ, ਕਿਹੜੇ ਖ਼ਜ਼ਾਨੇ ਦੀਆਂ ਨੇ?’’
ਕਹਿੰਦਾ, ‘‘ਆਹ ਜੰਗਾਲ ਖਾਧਾ ਗੁੱਛਾ ਸਾਹਮਣੇ ਘਰ ਵਾਲਿਆਂ ਦਾ। ਕੈਨੇਡਾ ਗਏ ਨੇ, ਚਾਰ ਸਾਲ ਪਹਿਲਾਂ। ਆਹ ਗੁੱਛਾ ਪੰਜ ਘਰ ਛੱਡ ਕੇ ਫਲਾਣਿਆਂ ਦਾ। ਤਿੰਨ ਸਾਲ ਪਹਿਲਾਂ ਜਰਮਨੀ ਗਏ। ਮਗਰਲੇ ਘਰ ਵਾਲਿਆਂ ਦਾ ਗੁੱਛਾ ਆਹ ਹੈ। ਇੰਗਲੈਂਡ ਗਏ ਨੇ ਛੇ ਮਹੀਨੇ ਪਹਿਲਾਂ।’’ ਕਹਿੰਦਿਆਂ ਉਹ ਉਦਾਸ ਹੋ ਗਿਆ।
ਮੈਂ ਕਾਰਨ ਪੁੱਛਿਆ ਤਾਂ ਕਹਿੰਦਾ, ‘‘ਅਗਲੇ ਮਹੀਨੇ ਮੈਂ ਤੇ ਤੇਰੀ ਭਰਜਾਈ ਨੇ ਆਸਟਰੇਲੀਆ ਜਾਣਾ ਏ ਕੁੜੀ ਕੋਲ। ਫ਼ਿਕਰ ਇਸ ਗੱਲ ਦਾ ਕਿ ਅਸੀਂ ਗੁੱਛਾ ਕੀਹਨੂੰ ਫੜਾਉਣਾ ਏ!’’ ਹਾਂ ਸੱਚ, ਇੱਕ ਗੱਲ ਚੇਤੇ ਆਈ। ਸਕੂਲ ’ਚ ਦੋ ਮੁੰਡੇ ਲੜ ਪਏ। ਇੱਕ ਨੇ ਬਾਪੂ ਨੂੰ ਸੱਦ ਲਿਆ। ਉਹਨੇ ਆਵਦੇ ਮੁੰਡੇ ਨੂੰ ਪਲੋਸ ਕੇ ਦੂਜੇ ਦੇ ਦੋ ਛੱਡ ਦਿੱਤੀਆਂ। ਦੂਜਾ ਰੋਂਦਾ-ਰੋਂਦਾ ਘਰ ਗਿਆ। ਬਾਪੂ ਨੂੰ ਦੱਸਿਆ। ਬਾਪੂ ਤਪਿਆ ਪਹਿਲੇ ਦੇ ਘਰ ਪਹੁੰਚ ਗਿਆ। ਅੱਗੋਂ ਉਹਦਾ ਬਾਪੂ ਕਹਿੰਦਾ, ‘‘ਗ਼ਲਤੀ ਤੇਰੇ ਮੁੰਡੇ ਦੀ ਐ। ਸਾਡੇ ਮਾਸਟਰ ਗਵਾਹ, ਜਮਾਤੀ ਗਵਾਹ।’’ ਉਹ ਕਹਿੰਦਾ, ‘‘ਗ਼ਲਤੀ ਲੱਖ ਹੋਵੇ। ਪਰ ਤੂੰ ਕਿਵੇਂ ਮਾਰਿਆ। ਮੇਰੇ ਵਾਲ਼ੇ ਦੀ ਗ਼ਲਤੀ ਸੀ, ਮੈਂ ਆਪੇ ਗੱਲ ਕਰਦਾ। ਤੇਰੀ ਹਿੰਮਤ ਕਿਵੇਂ ਹੋਈ ਮੇਰੇ ਵਾਲੇ ਨੂੰ ਹੱਥ ਲਾਉਣ ਦੀ।’’
ਪਰ ਹੁਣ ਤਾਂ ਗ਼ਲਤੀ ਵਾਲਿਆਂ ਨੂੰ ਨੂੜ ਕੇ ਲਿਆਏ ਤੇ ਮੂਹਰੋਂ ਕੋਈ ਝਾੜਨ ਵਾਲਾ ਵੀ ਨਹੀਂ। ਕਿਸੇ ਨੇ ਨਹੀਂ ਕਿਹਾ ਕਿ ਸਾਡੇ ਵਾਲਿਆਂ ਦੀ ਗ਼ਲਤੀ ਸੀ; ਤੁਸੀਂ ਸਾਨੂੰ ਦੱਸਦੇ; ਅਸੀਂ ਆਪੇ ਕਰਦੇ, ਜੋ ਕਰਨਾ।’’
ਆਪਣੇ ਘਰ ਲਈ ਸਾਨੂੰ ਆਪੇ ਕੁਝ ਕਰਨਾ ਪਵੇਗਾ। ਸਬਕ ਤੋਂ ਸ਼ੁਰੂਆਤ ਕਰਨੀ ਪੈਣੀ ਏ। ਸਬਕ ਲੈਣਾ ਪੈਣਾ ਏ। ਜ਼ਿੰਦਗੀ ਏਨੀ ਲੰਮੀ ਨਹੀਂ ਕਿ ਹਰ ਤਜਰਬਾ ਖ਼ੁਦ ਦੇ ਪਿੰਡੇ ’ਤੇ ਕੀਤਾ ਜਾਵੇ। ਦੂਜਿਆਂ ਨਾਲ ਹੋਏ ਬੀਤੇ ਤੋਂ ਸਬਕ ਲਈਏ। ਵਾਪਸ ਆਇਆਂ ਨੂੰ ਗਲ਼ ਲਾਈਏ। ਹੌਸਲਾ ਦੇਈਏ। ਸਾਡੇ ਹੀ ਧੀਆਂ-ਪੁੱਤ ਨੇ। ਚੰਗੇ ਲਈ ਤੁਰੇ ਸੀ, ਮਾੜਾ ਹੋ ਗਿਆ। ਜੂਆ ਖੇਡਿਆ ਸੀ, ਹਾਰ ਗਏ। ਸਮਝਾਈਏ, ਸਮਝੀਏ, ਸੁਣੀਏ, ਸੁਣਾਈਏ।
ਸੰਪਰਕ: 98141-78883