ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਥੰਮ੍ਹੀਆਂ

07:11 AM Sep 17, 2023 IST

ਤਰਸੇਮ ਸਿੰਘ ਭੰਗੂ

Advertisement

ਕਥਾ ਪ੍ਰਵਾਹ

ਅਪਰੈਲ ਦਾ ਪੂਰਾ ਮਹੀਨਾ ਬੀਤਣ ’ਤੇ ਵੀ ਗਰਮੀ ਨੇ ਹਾਲੇ ਜ਼ੋਰ ਨਹੀਂ ਸੀ ਫੜਿਆ। ਅਚਾਨਕ ਹਰਮੇਸ਼ ਦੀ ਬਦਲੀ ਇੱਕ ਸਾਲ ਵਾਸਤੇ ਡੈਪੂਟੇਸ਼ਨ ’ਤੇ ਜ਼ਿਲ੍ਹਾ ਮੋਗੇ ਦੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਦਫ਼ਤਰ ਵਿੱਚ ਹੋ ਗਈ। ਉਹ ਬਤੌਰ ਡਰਾਈਵਰ ਇੱਥੇ ਆਇਆ ਸੀ। ਇਸ ਤੋਂ ਪਹਿਲਾਂ ਉਹ ਰਣਜੀਤ ਸਾਗਰ ਡੈਮ ਪ੍ਰੋਜੈਕਟ ’ਤੇ ਡਿਊਟੀ ਕਰਦਾ ਸੀ। ਉੱਥੇ ਪ੍ਰੋਜੈਕਟ ਦਾ ਕੰਮ ਪੂਰਾ ਹੋਣ ਕਰਕੇ ਸਰਕਾਰ ਨੇ ਵਾਧੂ ਕਰਮਚਾਰੀ ਪੰਜਾਬ ਦੇ ਦੂਜੇ ਮਹਿਕਿਆਂ ਵਿੱਚ ਵੀ ਭੇਜ ਦਿੱਤੇ ਸਨ। ਛੇ-ਸੱਤ ਮੁਲਾਜ਼ਮਾਂ ਅਤੇ ਇੱਕ ਅਫ਼ਸਰ ਵਾਲੇ ਦਫ਼ਤਰ ਵਿੱਚ ਡਿਊਟੀ ਕਰਨਾ ਉਸ ਲਈ ਇੱਕ ਨਵਾਂ ਤਜਰਬਾ ਸੀ। ਪਠਾਨਕੋਟ ਦਾ ਵਾਸੀ ਹੋਣ ਕਰਕੇ ਉਸ ਨੂੰ ਰਿਹਾਇਸ਼ ਦੀ ਮੁਸ਼ਕਿਲ ਆਉਣੀ ਵੀ ਕੁਦਰਤੀ ਸੀ। ਹਰਮੇਸ਼ ਨੂੰ ਡਰਾਈਵਰੀ ਦੇ ਨਾਲ-ਨਾਲ ਸਾਹਿਤ ਪੜ੍ਹਨ ਦਾ ਵੀ ਸ਼ੌਕ ਸੀ ਤੇ ਉਹ ਕਦੀ-ਕਦੀ ਕੋਈ ਲੇਖ ਜਾਂ ਕਵਿਤਾ ਵੀ ਲਿਖ ਕੇ ਅਖ਼ਬਾਰ ਨੂੰ ਭੇਜ ਦਿਆ ਕਰਦਾ ਸੀ।
ਸਰਕਾਰ ਵੱਲੋਂ ਕੀਤੀਆਂ ਬਦਲੀਆਂ ਕਰਕੇ ਅਫ਼ਸਰ ਮੈਡਮ ਨੇ ਵੀ ਚੰਡੀਗੜ੍ਹ ਤੋਂ ਬਦਲ ਕੇ ਇੱਕ ਦੋ ਦਿਨ ਪਹਿਲਾਂ ਹੀ ਇਸ ਦਫ਼ਤਰ ਵਿੱਚ ਹਾਜ਼ਰੀ ਦਿੱਤੀ ਸੀ। ਦਫ਼ਤਰ ਵਿੱਚ ਗੱਡੀ ਹੈ ਸੀ ਪਰ ਪਹਿਲਾ ਡਰਾਈਵਰ ਬਦਲੀ ਕਰਵਾ ਕੇ ਆਪਣੇ ਘਰ ਦੇ ਨੇੜੇ ਚਲਾ ਗਿਆ ਸੀ। ਹਰਮੇਸ਼ ਦੇ ਆਰਡਰ ਵੇਖ ਕੇ ਦਫ਼ਤਰ ਦਾ ਕਲਰਕ ਸੁਰਜੀਤ ਸਿੰਘ ਬਹੁਤ ਖ਼ੁਸ਼ ਹੋਇਆ ਕਿਉਂਕਿ ਆਪਣੇ ਕੰਮ-ਕਾਜ ਤੋਂ ਇਲਾਵਾ ਉਸ ਨੂੰ ਗੱਡੀ ਵੀ ਚਲਾਉਣੀ ਪੈਂਦੀ ਸੀ। ਮੈਡਮ ਅਤੇ ਹਰਮੇਸ਼ ਤੋਂ ਇਲਾਵਾ ਬਾਕੀ ਸਾਰਾ ਸਟਾਫ਼ ਜ਼ਿਆਦਾਤਰ ਔਰਤਾਂ ਕਰਮਚਾਰੀ ਲੋਕਲ ਸਨ। ਮੇਲੋ ਨਾਂ ਦੀ ਇੱਕ ਔਰਤ ਵੀ ਪਾਰਟ ਟਾਈਮ ਸਫ਼ਾਈ ਸੇਵਕਾ ਦੇ ਤੌਰ ’ਤੇ ਕੰਮ ਕਰਦੀ ਸੀ। ਮੇਲੋ ਦਫ਼ਤਰ ਤੋਂ ਇਲਾਵਾ ਲੋਕਾਂ ਦੇ ਘਰਾਂ ਵਿੱਚ ਵੀ ਕੰਮ ਕਰਦੀ ਸੀ। ਉਹ ਆਪਣੇ ਨਾਂ ਅਨੁਸਾਰ ਬਹੁਤ ਹੀ ਹਸਮੁੱਖ ਸੁਭਾਅ ਦੀ ਤੀਵੀਂ ਸੀ। ਪਹਿਲੇ ਦਿਨ ਹੀ ਮੈਡਮ ਨੇ ਕਿਹਾ, ‘‘ਹਰਮੇਸ਼ ਸਿੰਘ ਜੀ, ਤੁਸੀਂ ਵੀ ਮੇਰੇ ਵਾਂਗ ਦੂਰ ਤੋਂ ਹੋ, ਮੈਂ ਛੁੱਟੀ ਲੈ ਕੇ ਜਾ ਰਹੀ ਹਾਂ, ਤੁਸੀਂ ਵੀ ਅਗਲੇ ਮੰਗਲਵਾਰ ਤੱਕ ਛੁੱਟੀ ਕੱਟ ਕੇ ਗਿਆਰਾਂ ਵਜੇ ਤੱਕ ਆ ਜਾਣਾ ਫਿਰ ਵੇਖਾਂਗੇ।’’ ਹਰਮੇਸ਼ ਦੀ ਹਾਜ਼ਰੀ ਪੈ ਗਈ ਤੇ ਮਾੜੀ ਮੋਟੀ ਜਾਣ-ਪਛਾਣ ਕਰਨ ਤੋਂ ਬਾਅਦ ਉਹ ਛੁੱਟੀ ਦੀ ਅਰਜ਼ੀ ਦੇ ਕੇ ਵਾਪਸ ਆ ਗਿਆ। ਪੂਰੇ ਸੱਤ ਦਿਨਾਂ ਬਾਅਦ ਉਹ ਟਾਈਮ ਸਿਰ ਦਫ਼ਤਰ ਹਾਜ਼ਰ ਹੋ ਗਿਆ। ਕਲਰਕ ਸੁਰਜੀਤ ਸਿੰਘ ਨੇ ਹਾਜ਼ਰੀ ਰਜਿਸਟਰ ਅੱਗੇ ਕਰਦਿਆਂ ਕਿਹਾ, ‘‘ਭਾਅਜੀ ਹਾਜ਼ਰੀਆਂ ਲਾ ਲਓ।’’ ਉਹ ਦਫ਼ਤਰੀ ਵਿਹਾਰ ਤੋਂ ਹੈਰਾਨ ਵੀ ਹੋਇਆ ਤੇ ਖ਼ੁਸ਼ ਵੀ ਕਿਉਂਕਿ ਕਲਰਕ ਨੇ ਉਸ ਦੀ ਛੁੱਟੀਆਂ ਵਾਲੀ ਅਰਜ਼ੀ ਦਰਾਜ ਵਿੱਚੋਂ ਕੱਢ ਕੇ ਪਾੜ ਦਿੱਤੀ ਸੀ। ਹਰਮੇਸ਼ ਦੀਆਂ ਛੁੱਟੀਆਂ ਬਚ ਗਈਆਂ ਸਨ ਪਰ ਡੈਮ ਉੱਤੇ ਇੰਜ ਨਹੀਂ ਸੀ ਹੁੰਦਾ। ਛੁੱਟੀਆਂ ਦੌਰਾਨ ਕਲਰਕ ਸੁਰਜੀਤ ਜ਼ਰੀਏ ਮੈਡਮ ਨੇ ਰਿਹਾਇਸ਼ ਦਾ ਪ੍ਰਬੰਧ ਕਰ ਲਿਆ ਸੀ ਅਤੇ ਆਪਣੇ ਬੱਚੇ ਵੀ ਮੋਗੇ ਪੜ੍ਹਨ ਲਾ ਦਿੱਤੇ ਸਨ। ਮੈਡਮ ਦਾ ਵੱਡਾ ਬੇਟਾ ਪਲੱਸ ਵਨ ਅਤੇ ਛੋਟਾ ਤੀਸਰੀ ਜਮਾਤ ਵਿੱਚ ਸੀ।
ਹਰਮੇਸ਼ ਦੀ ਕਿਸਮਤ ਨੂੰ ਦਫ਼ਤਰ ਕਿਰਾਏ ਦੇ ਇੱਕ ਘਰ ਵਿੱਚ ਸੀ। ਕਲਰਕ ਸੁਰਜੀਤ ਨੇ ਹੀ ਦੱਸਿਆ ਕਿ ਮੈਡਮ ਨੇ ਤੁਹਾਨੂੰ ਦਫ਼ਤਰ ਵਿੱਚ ਹੀ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ। ਉਸ ਦੀ ਰਿਹਾਇਸ਼ ਦਾ ਮਸਲਾ ਵੀ ਹੱਲ ਹੋ ਗਿਆ ਤੇ ਕਿਰਾਏ ਦੀ ਬੱਚਤ ਵੀ ਹੋ ਗਈ। ਦਫ਼ਤਰ ਦਾ ਸਟਾਫ਼ ਐਨਾ ਚੰਗਾ ਸੀ ਕਿ ਸਵੇਰ ਦੇ ਨਾਸ਼ਤੇ ਤੋਂ ਇਲਾਵਾ ਦੁਪਹਿਰ ਦਾ ਖਾਣਾ ਵੀ ਹਰਮੇਸ਼ ਨੂੰ ਹੋਟਲ ਤੋਂ ਨਾ ਖਾਣ ਦਿੰਦੇ। ਸਾਰਾ ਸਟਾਫ਼ ਇਕੱਠੇ ਬੈਠ ਕੇ ਰੋਟੀ ਖਾਂਦਾ। ਰਾਤ ਦੀ ਰੋਟੀ ਉਹ ਹੋਟਲ ਤੋਂ ਖਾ ਲੈਂਦਾ। ਸਵੇਰ ਦੀ ਚਾਹ ਵਾਸਤੇ ਵੀ ਦਫ਼ਤਰ ਦੀ ਚਾਹ ਦੇ ਖਾਤੇ ਵਾਲੇ ਨੂੰ ਸੁਰਜੀਤ ਸਿੰਘ ਨੇ ਪਹਿਲਾਂ ਹੀ ਆਖ ਦਿੱਤਾ ਸੀ। ਮੇਲੋ ਸਵੇਰੇ-ਸਵੇਰੇ ਆ ਕੇ ਝਾੜੂ ਪੋਚਾ ਲਾ ਜਾਂਦੀ। ਸਵੇਰੇ ਆ ਕੇ ‘‘ਬਾਈ ਜੀ, ਸਤਿ ਸ੍ਰੀ ਅਕਾਲ’’ ਆਖਦੀ ਉਸ ਨੂੰ ਚੰਗੀ ਲੱਗਦੀ। ਅਕਸਰ ਉਹ ਆਖਦੀ, ‘‘ਬਾਈ ਜੀ, ਘਰੋਂ ਦੂਰ ਤਾਂ ਬਾਹਲਾ ਈ ਔਖਾ ਐ, ਆਹ ਤਾਂ ਨਵੀਂ ਮੈਡਮ ਬਹੁਤ ਚੰਗੀ ਆ, ਪਹਿਲੀ ਹੁੰਦੀ ਤਾਂ ਉਸ ਨੇ ਤੁਹਾਨੂੰ ਦਫ਼ਤਰ ਵਿੱਚ ਨਹੀਂ ਸੀ ਰਹਿਣ ਦੇਣਾ।’’
ਮੇਲੋ ਦਫ਼ਤਰ ਤੋਂ ਬਾਅਦ ਮੈਡਮ ਦੇ ਘਰ ਬਾਕੀ ਸਮਾਂ ਕੰਮ ਵੀ ਕਰਦੀ ਸੀ। ਅਫ਼ਸਰ ਮੈਡਮ ਰਿਪਨਜੋਤ ਬਹੁਤ ਹੀ ਪੁਰਖਲੂਸ ਸੁਭਾਅ ਅਤੇ ਜ਼ਮੀਨ ਨਾਲ ਜੁੜੀ ਹੋਈ ਔਰਤ ਸੀ। ਉਸ ਵਿੱਚ ਅਫ਼ਸਰਾਂ ਵਾਲੀ ਕੋਈ ਹੈਂਕੜ ਨਹੀਂ ਸੀ। ਮੈਡਮ ਕਿਸੇ ਦਾ ਭਲਾ ਕਰਕੇ ਮਾਨਸਿਕ ਤਸੱਲੀ ਮਹਿਸੂਸ ਕਰਦੀ ਸੀ। ਛੋਟੇ ਬੇਟੇ ਕਰਕੇ ਮੈਡਮ ਨੇ ਮੇਲੋ ਨੂੰ ਹੋਰ ਘਰਾਂ ਵਿੱਚ ਕੰਮ ਕਰਨ ਦੇ ਮਿਹਨਤਾਨੇ ਨਾਲੋਂ ਵੱਧ ਦੇ ਕੇ ਆਪਣੇ ਘਰ ਸਾਰਾ ਦਿਨ ਸਕੂਲ ਤੋਂ ਬਾਅਦ ਬੱਚੇ ਦੀ ਦੇਖਭਾਲ ਅਤੇ ਕੰਮ ਕਰਨ ਲਈ ਮਨਾ ਲਿਆ ਸੀ।
ਕਈ ਵਾਰ ਕਿਸੇ ਮੀਟਿੰਗ ਦੌਰਾਨ ਹਨੇਰਾ ਹੋ ਜਾਂਦਾ ਤਾਂ ਮੈਡਮ ਆਖਦੀ, ‘‘ਹਰਮੇਸ਼ ਸਿੰਘ ਜੀ, ਤੁਸੀਂ ਦਸ ਮਿੰਟ ਹਾਲ ਵਿੱਚ ਬੈਠੋ, ਸਬਜ਼ੀ ਮੇਲੋ ਨੇ ਬਣਾਈ ਹੁੰਦੀ ਹੈ, ਆਟਾ ਗੁੱਝਾ ਹੁੰਦਾ ਹੈ, ਫੁਲਕੇ ਮੈਂ ਲਾਹ ਦਿੰਦੀ ਹਾਂ, ਦਫ਼ਤਰ ਜਾ ਕੇ ਤੁਸੀਂ ਨਹਾ ਧੋ ਕੇ ਖਾ ਲੈਣਾ।’’ ਤੇ ਸਾਰਾ ਦਿਨ ਘਰ ਬੈਠੀ ਮੇਲੋ ਨੂੰ ਭੇਜ ਦਿੰਦੀ। ਦੂਸਰੀਆਂ ਸੁਪਰਵਾਈਜ਼ਰਾਂ ਹਰਮੇਸ਼ ਨੂੰ ਵੀਰ ਜੀ ਕਹਿ ਕੇ ਬੁਲਾਉਂਦੀਆਂ। ਕਲਰਕ ਸੁਰਜੀਤ ਭਾਅਜੀ ਆਖਦਾ ਅਤੇ ਮੈਡਮ ਹਰਮੇਸ਼ ਜੀ ਆਖਦੀ। ਉਹ ਸ਼ੁੱਕਰਵਾਰ ਬਾਰਾਂ ਵਜੇ ਤੁਰ ਪੈਂਦਾ ਤੇ ਸੋਮਵਾਰ ਦੁਪਹਿਰੇ ਬਾਰਾਂ ਵਜੇ ਤੱਕ ਵਾਪਸ ਮੋਗੇ ਪਹੁੰਚ ਜਾਂਦਾ। ਘਰੋਂ ਦੂਰ ਹੋਣ ਦੇ ਬਾਵਜੂਦ ਉਸ ਨੂੰ ਇਹ ਡਿਊਟੀ ਚੰਗੀ ਲੱਗੀ ਸੀ। ਘਰ ਪਰਿਵਾਰ ਵਾਂਗ ਉਹ ਜਲਦੀ ਹੀ ਸਾਰਿਆਂ ਨਾਲ ਘੁਲ-ਮਿਲ ਗਿਆ। ਮੈਡਮ ਦੇ ਬੱਚੇ ਉਸ ਦੇ ਬੱਚਿਆਂ ਦੀ ਹੀ ਉਮਰ ਦੇ ਸਨ। ਉਹ ਤਾਂ ਉਸ ਨਾਲ ਇੰਜ ਘੁਲ ਮਿਲ ਗਏ ਜਿਵੇਂ ਉਹ ਇੱਕ ਦੂਜੇ ਦੇ ਬਹੁਤ ਦੇਰ ਤੋਂ ਜਾਣੂੰ ਹੋਣ। ਇੱਕ ਦਿਨ ਹਰਮੇਸ਼ ਦਾ ਇੱਕ ਸਮਾਜਿਕ ਲੇਖ ਅਖ਼ਬਾਰ ਵਿੱਚ ਫੋਟੋ ਸਮੇਤ ਛਪਿਆ।
ਉਹ ਅਖ਼ਬਾਰ ਦਫ਼ਤਰ ਵਿੱਚ ਆਉਂਦਾ ਸੀ। ਅਖ਼ਬਾਰ ਪੜ੍ਹਦਿਆਂ ਮੈਡਮ ਨੇ ਹੈਰਾਨ ਹੁੰਦਿਆਂ ਕਿਹਾ, ‘‘ਹਰਮੇਸ਼ ਸਿੰਘ ਜੀ, ਤੁਸੀਂ ਲਿਖਦੇ ਵੀ ਹੋ?’’
ਇਸ ਤੋਂ ਬਾਅਦ ਦਫ਼ਤਰ ਵਿੱਚ ਉਸ ਦੀ ਇੱਜ਼ਤ ਹੋਰ ਵਧ ਗਈ। ਇਸ ਤੋਂ ਬਾਅਦ ਵਿਭਾਗ ਵੱਲੋਂ ਪਿੰਡਾਂ ਵਿੱਚ ਕਰਵਾਏ ਜਾਂਦੇ ਪ੍ਰੋਗਰਾਮਾਂ ਵਿੱਚ ਵੀ ਮੈਡਮ ਹਰਮੇਸ਼ ਨੂੰ ਬੋਲਣ ਵਾਸਤੇ ਵਿਸ਼ੇਸ਼ ਤੌਰ ’ਤੇ ਆਖਦੀ। ਮੈਡਮ ਨੇ ਉਸ ਨੂੰ ਕਦੇ ਵੀ ਦਫ਼ਤਰ ਦਾ ਡਰਾਈਵਰ ਨਹੀਂ ਸੀ ਸਮਝਿਆ, ਭਰਾਵਾਂ ਵਾਂਗ ਉਸ ਨਾਲ ਹਰ ਗੱਲ ਸਾਂਝੀ ਕਰਦੀ। ਪਿੰਡਾਂ ਵਿੱਚ ਪਰਿਵਾਰਕ ਝਗੜੇ ਬੜੀ ਸਿਆਣਪ ਨਾਲ ਹੱਲ ਕਰਵਾਉਂਦੀ। ਸਮਾਂ ਆਪਣੀ ਚਾਲੇ ਚੱਲ ਰਿਹਾ ਸੀ। ਹਰਮੇਸ਼ ਵਿਹਲੇ ਸਮੇਂ ਕੁਝ ਨਾ ਕੁਝ ਪੜ੍ਹਦਾ ਰਹਿੰਦਾ ਤੇ ਰਾਤ ਨੂੰ ਇਕਾਂਤ ਵਿੱਚ ਕੁਝ ਲਿਖ ਵੀ ਲੈਂਦਾ।
ਇਸ ਦੌਰਾਨ ਹੀ ਉਹ ਘਰ ਆਇਆ ਹੋਇਆ ਸੀ । ਚਾਰ ਸਾਲ ਤੋਂ ਬਿਮਾਰ ਉਸ ਦੀ ਮਾਤਾ ਅਚਾਨਕ ਅਕਾਲ ਚਲਾਣਾ ਕਰ ਗਈ। ਹਰਮੇਸ਼ ਨੇ ਮੈਡਮ ਨੂੰ ਫੋਨ ਕਰਕੇ ਮਾਤਾ ਦੇ ਫੌਤ ਹੋਣ ਦੀ ਸੂਚਨਾ ਦਿੱਤੀ ਤੇ ਇੱਕ ਦੋ ਦਿਨਾਂ ਬਾਅਦ ਆਉਣ ਲਈ ਬੇਨਤੀ ਕੀਤੀ। ਪਰ ਮੈਡਮ ਨੇ ਕਿਹਾ, ‘‘ਹਰਮੇਸ਼ ਸਿੰਘ ਜੀ, ਤੁਹਾਨੂੰ ਆਉਣ ਦੀ ਲੋੜ ਨਹੀਂ, ਮਾਤਾ ਜੀ ਦੇ ਭੋਗ ਦੀ ਤਾਰੀਖ਼ ਦੱਸ ਦੇਣਾ ਅਸੀਂ ਜ਼ਰੂਰ ਆਵਾਂਗੇ ਤੇ ਤੁਹਾਡੀ ਤਨਖ਼ਾਹ ਵੀ ਲਈ ਆਵਾਂਗੇ।’’
ਇੱਕ ਦੋ ਜਣਿਆਂ ਨੂੰ ਛੱਡ ਕੇ ਦਫ਼ਤਰ ਦਾ ਬਾਕੀ ਸਟਾਫ਼ ਮੇਲੋ ਸਮੇਤ ਉਸ ਦੇ ਦੁੱਖ ਵਿੱਚ ਸ਼ਰੀਕ ਹੋਇਆ। ਲੰਗਰ ਛਕਣ ਤੋਂ ਬਾਅਦ ਸਾਰਿਆਂ ਨੇ ਥੱਲੇ ਬੈਠ ਕੇ ਦੋਵਾਂ ਜੀਆਂ ਨਾਲ ਅਫ਼ਸੋਸ ਕਰਨ ਤੋਂ ਬਾਅਦ ਸੁਰਜੀਤ ਨੇ ਹਰਮੇਸ਼ ਦੀ ਤਨਖ਼ਾਹ ਉਸ ਨੂੰ ਫੜਾ ਦਿੱਤੀ। ਉਸ ਨੇ ਉਵੇਂ ਹੀ ਆਪਣੀ ਪਤਨੀ ਨੂੰ ਫੜਾ ਦਿੱਤੀ। ਵਾਪਸ ਜਾਣ ਲੱਗਿਆਂ ਮੈਡਮ ਨੇ ਕਿਹਾ, ‘‘ਹਰਮੇਸ਼ ਜੀ, ਤੁਸੀਂ ਹੋਰ ਚਾਰ ਦਿਨਾਂ ਬਾਅਦ ਆ ਜਾਣਾ। ਮੇਰੇ ਹੁੰਦਿਆਂ ਕੋਈ ਚਿੰਤਾ ਨਹੀਂ ਕਰਨੀ।’’
ਹਰਮੇਸ਼ ਜਦੋਂ ਵੀ ਘਰ ਰਹਿ ਕੇ ਵਾਪਸ ਜਾਂਦਾ ਸੀ ਤਾਂ ਬਦਲ ਕੇ ਸਬਜ਼ੀ-ਸਾਗ ਜਾਂ ਆਲੂ-ਗੋਭੀ ਦੇ ਪਰਾਂਠੇ ਜ਼ਰੂਰ ਲੈ ਕੇ ਜਾਂਦਾ। ਉਸ ਦਿਨ ਲੰਚ ਮੌਕੇ ਮੈਡਮ ਹੱਸਦਿਆਂ ਆਖਦੀ, ‘‘ਅੱਜ ਭਾਬੀ ਨੇ ਸਾਡੇ ਵਾਸਤੇ ਕੀ ਭੇਜਿਆ ਹੈ?’’ ਜੋ ਵੀ ਹੁੰਦਾ ਸਿਫ਼ਤਾਂ ਕਰਦੇ ਸਾਰੇ ਜਣੇ ਖਾਂਦੇ।
ਮਾਤਾ ਦੀ ਮੌਤ ਤੋਂ ਮਗਰੋਂ ਹਰਮੇਸ਼ ਪੰਦਰਾਂ ਦਿਨਾਂ ਬਾਅਦ ਮੋਗੇ ਡਿਊਟੀ ’ਤੇ ਗਿਆ। ਦੁਪਹਿਰ ਦੀ ਰੋਟੀ ਖਾਂਦਿਆਂ ਮੈਡਮ ਨੇ ਕਿਹਾ, ‘‘ਹਰਮੇਸ਼ ਸਿੰਘ ਜੀ, ਭੋਗ ਵਾਲੇ ਦਿਨ ਤੁਹਾਡਾ ਮਿਲੀ ਤਨਖ਼ਾਹ ਭਾਬੀ ਦੇ ਹੱਥ ਫੜਾਉਣਾ ਸਾਰਿਆਂ ਨੂੰ ਬੜਾ ਚੰਗਾ ਲੱਗਾ ਸੀ। ਮੇਲੋ ਤਾਂ ਰਸਤੇ ਵਿੱਚ ਹੱਸਦਿਆਂ ਆਖਦੀ ਸੀ, ਸਾਡੇ ਆਲੇ ਨਖਾਫਣੇ ਨੇ ਕਮਾਏ ਪੈਸੇ ਤਾਂ ਕੀ ਹੱਥ ’ਤੇ ਧਰਨੇ ਆ ਸਗੋਂ ਹੱਥੋਂ ਤਨਖ਼ਾਹ ਖੋਹ ਕੇ ਉਦੋਂ ਈ ਘਰ ਵੜਦਾ ਜਦੋਂ ਮੁੱਕ ਜਾਏ, ਬਾਈ ਜੀ ਨੇ ਤਾਂ ਗਿਣੇ ਵੀ ਨਹੀਂ।’’ ਸਾਰੇ ਹਾਸੜ ਮੱਚ ਗਈ ਸੀ।
ਮੇਲੋ ਦਾ ਸ਼ਰਾਬੀ ਪਤੀ ਵੈਸੇ ਰਿਕਸ਼ਾ ਚਾਲਕ ਸੀ ਪਰ ਮੇਲੋ ਨੂੰ ਉਸ ਤੋਂ ਕੋਈ ਉਮੀਦ ਨਹੀਂ ਸੀ। ਜੋ ਕਮਾਉਂਦਾ ਖਾ ਪੀ ਕੇ ਰਾਤ ਨੂੰ ਹੀ ਘਰ ਵੜਦਾ। ਵਿਆਹੁਤਾ ਕੁੜੀਆਂ ਦੇ ਦਿਨ ਤਿਉਹਾਰ ਮੇਲੋ ਆਪ ਹੀ ਦੇ ਕੇ ਆਉਂਦੀ।
ਇੱਕ ਦਿਨ ਮੈਡਮ ਨੇ ਹਰਮੇਸ਼ ਨੂੰ ਕਿਹਾ, ‘‘ਹਰਮੇਸ਼ ਜੀ, ਆਪਾਂ ਅੱਜ ਆਂਗਨਵਾੜੀ ਸੈਂਟਰ ਚੈੱਕ ਕਰਨ ਜਾਣਾ ਹੈ ਗੱਡੀ ਤਿਆਰ ਕਰ ਲਓ।’’ ਉਸੇ ਵੇਲੇ ਹਮੇਸ਼ਾ ਤੋਂ ਉਲਟ ਗਿਆਰਾਂ ਕੁ ਵਜੇ ਮੇਲੋ ਨੇ ਦਫ਼ਤਰ ਆ ਕੇ ਮੈਡਮ ਨੂੰ ਦੱਸਿਆ, ‘‘ਮੇਰਾ ਘਰ ਵਾਲਾ ਹੁਣ ਆਪਣੇ ਜੋਗੀ ਕਮਾਈ ਵੀ ਨਹੀਂ ਕਰਦਾ। ਸਾਰਾ ਦਿਨ ਬੱਸ ਅੱਡੇ ’ਤੇ ਰਿਕਸ਼ੇ ਵਾਲਿਆਂ ਨਾਲ ਤਾਸ਼ ਖੇਡਦਾ ਰਹਿੰਦਾ ਹੈ। ਜਿਹੜਾ ਰਿਕਸ਼ਾ ਮੈਂ ਔਖੀ-ਸੌਖੀ ਲੈ ਕੇ ਦਿੱਤਾ ਸੀ ਉਹ ਵੀ ਵੇਚ ਕੇ ਸ਼ਰਾਬ ਪੀ ਗਿਆ ਹੈ, ਹੁਣ ਉਲਟਾ ਮੇਰੇ ਕੋਲੋਂ ਰਾਤ ਨੂੰ ਸ਼ਰਾਬ ਪੀਣ ਵਾਸਤੇ ਪੈਸੇ ਮੰਗਦਾ ਹੈ। ਨਾ ਦੇਣ ’ਤੇ ਉਹਨੇ ਰਾਤੀਂ ਮੇਰੇ ਨਾਲ ਕੁੱਟਮਾਰ ਵੀ ਕੀਤੀ ਹੈ।’’
ਮੈਡਮ ਨੇ ਮੇਲੋ ਨੂੰ ਪੁੱਛਿਆ, ‘‘ਇਸ ਵੇਲੇ ਉਹ ਕਿੱਥੇ ਹੈ?’’
‘‘ਅੱਡੇ ਵਿੱਚ।’’ ਮੇਲੋ ਨੇ ਨਿਕਲ ਆਏ ਅੱਥਰੂ ਚੁੰਨੀ ਨਾਲ ਸਾਫ਼ ਕਰਦਿਆਂ ਕਿਹਾ।
‘‘ਹਰਮੇਸ਼ ਸਿੰਘ ਜੀ, ਗੱਡੀ ਕੱਢੋ।’’ ਮੈਡਮ ਨੇ ਕਿਹਾ। ਮੈਡਮ ਸੈਂਟਰ ਚੈੱਕ ਕਰਨ ਦੀ ਬਜਾਏ ਮੇਲੋ ਨੂੰ ਨਾਲ ਲੈ ਕੇ ਮੋਗੇ ਦੇ ਬੱਸ ਅੱਡੇ ਨੇੜੇ ਰਿਕਸ਼ਾ ਸਟੈਂਡ ’ਤੇ ਆ ਗਈ। ਮੇਲੋ ਨੇ ਆਪ ਹੀ ਉਤਰ ਕੇ ਆਪਣੇ ਘਰ ਵਾਲੇ ਨੂੰ ਥੋੜ੍ਹੀ ਉੱਚੀ ਸੁਰ ਵਿੱਚ ਕਿਹਾ, ‘‘ਮੈਡਮ ਬੁਲਾਉਂਦੀ ਆ।’’ ਮੈਡਮ ਦੇ ਹੁੰਦਿਆਂ ਮੇਲੋ ਦਲੇਰ ਹੋ ਗਈ ਸੀ। ਮੇਲੋ ਦੇ ਘਰ ਵਾਲੇ ਨੇ ਸਾਊਆਂ ਵਾਂਗ ਉੱਠ ਕੇ ਮੈਡਮ ਨੂੰ ਹੱਥ ਜੋੜ ਦਿੱਤੇ। ਬਾਕੀ ਲੋਕ ਅਚੰਭੇ ਨਾਲ ਵੇਖ ਰਹੇ ਸਨ।
‘‘ਗੱਡੀ ਵਿੱਚ ਬੈਠੋ।’’ ਮੈਡਮ ਦੇ ਬੋਲਾਂ ਵਿੱਚ ਹਲੀਮੀ ਤੇ ਨਰਮੀ ਸੀ, ਅਫ਼ਸਰੀ ਹੁਕਮ ਨਹੀਂ ਸੀ।
‘‘ਹਰਮੇਸ਼ ਜੀ, ਮੇਲੋ ਦੇ ਘਰ ਚੱਲੋ।’’ ਕੁਝ ਦੇਰ ਬਾਅਦ ਗੱਡੀ ਇੱਕ ਬਸਤੀ ਦੀ ਗਲੀ ਵਿੱਚ ਮੇਲੋ ਦੇ ਘਰ ਦੇ ਅੱਗੇ ਸੀ। ਸਾਰੇ ਜਣੇ ਅੱਗੇ-ਪਿੱਛੇ ਘਰ ਦੇ ਅੰਦਰ ਚਲੇ ਗਏ। ਮੇਲੋ ਨੂੰ ਸਮਝ ਨਾ ਲੱਗੇ ਕਿ ਉਹ ਮੈਡਮ ਨੂੰ ਕਿੱਥੇ ਬਹਾਵੇ। ਮੈਡਮ ਨੇ ਮੇਲੋ ਦੀ ਮਾਨਸਿਕਤਾ ਸਮਝਦਿਆਂ ਇਕ ਲਾਣੀ ਮੰਜੀ ਉੱਤੇ ਬੈਠਦਿਆਂ ਕਿਹਾ, ‘‘ਮੇਲੋ ਕਿਸੇ ਕਿਸਮ ਦੀ ਚਿੰਤਾ ਨਾ ਕਰ, ਬੈਠੋ ਹਰਮੇਸ਼ ਸਿੰਘ ਜੀ, ਤੁਸੀਂ ਵੀ ਬੈਠੋ।’’ ਮੇਲੋ ਦੇ ਪਤੀ ਨੂੰ ਵੀ ਮੈਡਮ ਨੇ ਇਸ਼ਾਰਾ ਕੀਤਾ। ਉਹ ਵੀ ਦੋਸ਼ੀਆਂ ਵਾਂਗ ਸਾਹਮਣੇ ਬੈਠ ਗਿਆ।
‘‘ਮੇਰੀ ਸੁਣ ਲੈ ਗੱਲ, ਮੈਂ ਪੁਲੀਸ ਨੂੰ ਫੋਨ ਕਰਕੇ ਤੈਨੂੰ ਉੱਥੋਂ ਵੀ ਚੁਕਵਾ ਸਕਦੀ ਸੀ ਪਰ ਮੈਨੂੰ ਤੇਰੀ ਅਤੇ ਮੇਲੋ ਦੀ ਇੱਜ਼ਤ ਦਾ ਖਿਆਲ ਸੀ। ਅੱਜ ਤੋਂ ਬਾਅਦ ਜੇ ਤੂੰ ਮੇਲੋ ਨੂੰ ਹੱਥ ਵੀ ਲਾਇਆ ਤਾਂ ਮੈਥੋਂ ਬੁਰਾ ਕੋਈ ਨਹੀਂ। ਪੈਸੇ ਕਮਾ ਕੇ ਤੂੰ ਦੇਣੇ ਨੇ ਕਿ ਇਸ ਗਰੀਬਣੀ ਤੋਂ ਖੋਹਣੇ ਨੇ?’’
ਮੈਡਮ ਨੂੰ ਇੰਨੇ ਗੁੱਸੇ ਵਿੱਚ ਅੱਜ ਹਰਮੇਸ਼ ਪਹਿਲੀ ਵਾਰ ਵੇਖ ਰਿਹਾ ਸੀ।
‘‘ਤਾਸ਼ ਵਾਲਿਆਂ ਦੀ ਢਾਣੀ ਵਿੱਚ ਨਹੀਂ ਬਹਿਣਾ।’’ ਮੈਡਮ ਫਿਰ ਡੁੰਨਵੱਟਾ ਬਣੇ ਮੇਲੋ ਦੇ ਘਰਵਾਲੇ ਨੂੰ ਬੋਲੀ ਜੋ ਬਹੁਤ ਹੀ ਡਰਿਆ-ਡਰਿਆ ਲੱਗ ਰਿਹਾ ਸੀ।
‘‘ਜਾ, ਦੁਕਾਨ ਤੋਂ ਠੰਢੇ ਦੀ ਬੋਤਲ ਲੈ ਕੇ ਆ।’’ ਮੇਲੋ ਨੇ ਘਰ ਵਾਲੇ ਨੂੰ ਪੈਸੇ ਫੜਾਉਂਦਿਆਂ ਕਿਹਾ।
‘‘ਨਹੀਂ ਮੇਲੋ, ਹੁਣ ਫੋਕਾ ਪਾਣੀ ਲਿਆ। ਭਲਕੇ ਤੂੰ ਘਰ ਨਹੀਂ ਆਉਣਾ, ਮੰਨੂੰ ਦੇ ਸਕੂਲ ਵਿੱਚ ਛੁੱਟੀ ਹੈ ਉਹ ਮੇਰੇ ਨਾਲ ਦਫ਼ਤਰ ਚਲਾ ਜਾਵੇਗਾ। ਦਸ ਵਜੇ ਮੈਂ ਆਪ ਆ ਕੇ ਤੇਰੇ ਘਰ ਚਾਹ ਪੀਵਾਂਗੀ, ਪਿਆਰ ਮੁਹੱਬਤ ਨਾਲ ਰਹਿਣਾ ਲੜਨਾ ਨਹੀਂ।’’ ਮੈਡਮ ਨੇ ਮੇਲੋ ਨੂੰ ਅੰਦਰ ਲਿਜਾ ਕੇ ਕੁਝ ਕਿਹਾ ਤੇ ਬਾਹਰ ਆ ਕੇ ਕਿਹਾ, ‘‘ਚਲੋ ਹਰਮੇਸ਼ ਜੀ।’’
ਅਗਲੇ ਦਿਨ ਮੈਡਮ ਕਲਰਕ ਸੁਰਜੀਤ ਨੂੰ ਸੈਂਟਰਾਂ ਦਾ ਦੌਰਾ ਦੱਸ ਕੇ ਮੇਲੋ ਦੇ ਘਰ ਆ ਗਈ। ਗੱਡੀ ਵਿੱਚੋਂ ਉਤਰ ਕੇ ਮੈਡਮ ਨੇ ਹਰਮੇਸ਼ ਨੂੰ ਵੀ ਆਉਣ ਨੂੰ ਕਿਹਾ। ਅੰਦਰ ਗਏ ਤਾਂ ਮੇਲੋ ਰਾਤੀਂ ਕੀਤੇ ਹਲਕੇ ਮੇਕਅੱਪ ਨਾਲ ਖਿੱਲਰੇ ਵਾਲੀਂ ਹੁਣੇ-ਹੁਣੇ ਹੀ ਸੁੱਤੀ ਉੱਠੀ ਲੱਗੀ।
‘‘ਮੇਲੋ, ਅਸੀਂ ਤਾਂ ਚਾਹ ਪੀਣ ਆਏ ਹਾਂ, ਤੂੰ ਤਾਂ ਹੁਣੇ ਸੁੱਤੀ ਉੱਠੀ ਲੱਗਣ ਡਹੀ ਏਂ! ਲੱਗਦਾ ਸਾਰੇ ਗਿਲੇ ਸ਼ਿਕਵੇ ਖਤਮ ਹੋ ਗਏ ਨੇ ਦੋਵਾਂ ਜੀਆਂ ਦੇ!’’ ਮੈਡਮ ਨੇ ਹੱਸਦਿਆਂ ਮੇਲੋ ਨੂੰ ਮਜ਼ਾਕ ਕੀਤਾ। ਕੱਲ੍ਹ ਮੈਡਮ ਦੇ ਜਾਣ ਮਗਰੋਂ ਮੇਲੋ ਨੇ ਗੁਆਂਢੋਂ ਮੰਗ ਕੇ ਰੱਖੀਆਂ ਕੁਰਸੀਆਂ ’ਤੇ ਬੈਠਣ ਦਾ ਇਸ਼ਾਰਾ ਕਰਕੇ ਮੂੰਹ ’ਤੇ ਜਬਰੀ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕਰਦਿਆਂ ਕਿਹਾ, ‘‘ਖੇਹ ਤੇ ਸਵਾਹ ਮੈਡਮ ਜੀ, ਕੁੱਤੇ ਦੀ ਪੂਛ ਕਦੇ ਸਿੱਧੀ ਹੋਈ ਆ ਭਲਾ?’’
ਚਾਹ ਪੀਂਦਿਆਂ ਜੋ ਪਿਆਰ ਕਹਾਣੀ ਮੇਲੋ ਨੇ ਸੁਣਾਈ ਹੈ ਤਾਂ ਹਾਸੇ ਵਾਲੀ ਸੀ, ਪਰ ਇੱਕ ਔਰਤ ਦੇ ਦਿਲ ਦਾ ਦਰਦ ਸੀ।
‘‘ਮੈਡਮ ਜੀ, ਤੁਹਾਡੇ ਜਾਣ ਮਗਰੋਂ ਤਾਂ ਜਮਾ ਐਂ ਲੱਗੇ ਜਿਵੇਂ ਪਹਿਲਾਂ ਵਾਲਾ ਮਿੰਦਾ ਹੈ ਈ ਨਹੀਂ। ਮਿੱਠੀਆਂ ਮਾਰ ਕੇ ਮੈਨੂੰ ਸ਼ਾਮੀਂ ਬਜ਼ਾਰ ਲੈ ਗਿਆ। ਆਂਹਦਾ ਮੇਲੋ, ਪਹਿਲਾਂ ਤਾਂ ਮੈਂ ਡਰ ਹੀ ਗਿਆ ਸੀ ਪਰ ਮੈਡਮ ਬਹੁਤ ਚੰਗੀ ਹੈ ਜਿਸ ਨੇ ਸਾਡੀ ਸੁਲ੍ਹਾ-ਸਫਾਈ ਕਰਵਾ ਦਿੱਤੀ। ਪਾਰਟੀ ਤਾਂ ਹੋਣੀ ਹੀ ਚਾਹੀਦੀ ਹੈ। ਅੱਜ ਖਰਚ ਤੇਰਾ, ਅੱਗੇ ਤੋਂ ਮੈਂ ਤੈਨੂੰ ਪੈਸੇ ਦਿਆ ਕਰਾਂਗਾ।’’ ਮਿੱਠੀਆਂ ਮਾਰ ਕੇ ਪਹਿਲਾਂ ਰੇਹੜੀ ਤੋਂ ਗੋਲ ਗੱਪੇ ਖਾਧੇ ਫਿਰ ਮੁੜਦਿਆਂ ਪੰਜਾਹ ਦਾ ਨੋਟ ਫ਼ਲ ਖਰੀਦਣ ਨੂੰ ਕਹਿ ਕੇ ਲੈ ਲਿਆ। ਆਂਹਦਾ, ‘ਤੂੰ ਚੱਲ ਘਰ, ਮੈਂ ਆਇਆ ਤੇਰੇ ਮਗਰੇ ਈ।’
ਮੈਂ ਘਰ ਆ ਕੇ ਰੋਟੀ ਬਣਾ ਕੇ ਕਾਫ਼ੀ ਦੇਰ ਉਡੀਕਣ ਤੋਂ ਬਾਅਦ ਕੁੰਡਾ ਲਾ ਕੇ ਪੈ ਗਈ। ਉਡੀਕਦੀ ਦੀ ਮੇਰੀ ਅੱਖ ਲੱਗ ਗਈ। ਮਰ ਜਾਣਾ ਕਿਤੇ ਅੱਧੀ ਰਾਤੀਂ ਸ਼ਰਾਬੀ ਹੋਇਆ ਕੁੰਡਾ ਖੜਕਾਉਂਦਾ ਰਿਹਾ। ਮੈਨੂੰ ਤਾਂ ਗੁਆਂਢੀਆਂ ਨੇ ਦੱਸਿਆ ਕਿ ਤੁਹਾਡਾ ਅੱਧੀ ਰਾਤੀਂ ਕੁੰਡਾ ਖੜਕੀ ਜਾਂਦਾ ਸੀ!’’ ਆਖਦੀ ਮੇਲੋ ਦੀਆਂ ਅੱਖਾਂ ਭਰ ਆਈਆਂ ਸਨ ਜੋ ਛੁਪਾਉਣ ਲਈ ਉੱਠ ਕੇ ਉਹ ਰਸੋਈ ਵਿੱਚ ਚਲੀ ਗਈ।
ਮੈਡਮ ਦੇ ਚਿਹਰੇ ਤੋਂ ਲੱਗਦਾ ਸੀ ਜਿਵੇਂ ਉਹ ਵੀ ਮੇਲੋ ਦੀ ਵਾਰਤਾਲਾਪ ਸੁਣ ਕੇ ਪਸੀਜ ਗਈ ਹੋਵੇ।
ਤੁਰਨ ਲੱਗਿਆਂ ਮੈਡਮ ਨੇ ਮੇਲੋ ਨੂੰ ਹੌਸਲਾ ਦਿੰਦਿਆਂ ਕਿਹਾ, ‘‘ਵੇਖ ਮੇਲੋ, ਇਸ ਮਾਮਲੇ ਵਿੱਚ ਮੈਂ ਉਸ ਨੂੰ ਕੁਝ ਨਹੀਂ ਕਹਿ ਸਕਦੀ ਪਰ ਜੇ ਤੇਰੇ ’ਤੇ ਦੁਬਾਰਾ ਹੱਥ ਚੁੱਕੇ ਤਾਂ ਉਹ ਮਾਫ਼ ਨਾ ਕਰੀਂ ਮੈਨੂੰ ਜ਼ਰੂਰ ਦੱਸੀਂ।’’
ਸਾਲ ਬਾਅਦ ਹਰਮੇਸ਼ ਦੇ ਡੈਪੂਟੇਸ਼ਨ ਦਾ ਸਮਾਂ ਖ਼ਤਮ ਹੋਣ ’ਤੇ ਉਹ ਫਿਰ ਆਪਣੇ ਪਿਤਰੀ ਵਿਭਾਗ ਵਿੱਚ ਚਲਾ ਗਿਆ। ਵਕਤ ਗੁਜ਼ਰਦਾ ਰਿਹਾ। ਕੁਝ ਸਮੇਂ ਬਾਅਦ ਫੋਨ ਨੰਬਰ ਬਦਲਣ ਕਰਕੇ ਮੋਗੇ ਨਾਲੋਂ ਉਸ ਦਾ ਰਾਬਤਾ ਵੀ ਟੁੱਟ ਗਿਆ। ਉਹ ਸੇਵਾਮੁਕਤ ਵੀ ਹੋ ਗਿਆ। ਹੁਣ ਉਸ ਨੂੰ ਪੜ੍ਹਨ ਅਤੇ ਲਿਖਣ ਨੂੰ ਸਮਾਂ ਵੀ ਵੱਧ ਮਿਲਣ ਲੱਗਾ।
ਮੈਡਮ ਹਰਮੇਸ਼ ਤੋਂ ਦਸ-ਗਿਆਰਾਂ ਸਾਲ ਛੋਟੀ ਸੀ। ਮੋਗੇ ਤੋਂ ਵਾਪਸ ਆਉਣ ਤੋਂ ਤਕਰੀਬਨ ਦਸ ਬਾਰਾਂ ਸਾਲ ਮਗਰੋਂ ਇੱਕ ਫੋਨ ਆਇਆ, ‘‘ਸਰਦਾਰ ਹਰਮੇਸ਼ ਸਿੰਘ ਜੀ ਬੋਲਦੇ ਓ?’’ ਉਸ ਦੇ ਹਾਂ ਜੀ ਕਹਿਣ ’ਤੇ ਆਵਾਜ਼ ਆਈ, ‘‘ਹਰਮੇਸ਼ ਸਿੰਘ ਜੀ, ਮੈਂ ਮੋਗੇ ਤੋਂ ਮੈਡਮ ਰਿਪਨਜੋਤ ਬੋਲ ਰਹੀ ਹਾਂ, ਸਬੱਬ ਨਾਲ ਹੀ ਅੱਜ ਤੁਹਾਡਾ ਫੋਨ ਇੱਕ ਅਖ਼ਬਾਰ ਵਿੱਚੋਂ ਮਿਲਿਆ ਹੈ। ਇਸ ਤਾਰੀਖ਼ ਨੂੰ ਵਿਦੇਸ਼ੋਂ ਆਏ ਵੱਡੇ ਬੇਟੇ ਦੇ ਵਿਆਹ ਦੀ ਪਾਰਟੀ ਹੈ ਜ਼ਰੂਰ ਆਉਣਾ। ਬੱਚਿਆਂ ਵੱਲੋਂ ਅਤੇ ਮੇਲੋ ਵੱਲੋਂ ਖ਼ਾਸ ਤਾਕੀਦ ਹੈ। ਤੁਸੀਂ ਮੋਗੇ ਬੱਸ ਅੱਡੇ ਪਹੁੰਚ ਕੇ ਇਸ ਨੰਬਰ ’ਤੇ ਕਾਲ ਕਰ ਦੇਣਾ ਬੇਟਾ ਆ ਕੇ ਲੈ ਜਾਵੇਗਾ।’’ ਮੈਡਮ ਵੱਲੋਂ ਦੱਸੇ ਦਿਨ ਹਰਮੇਸ਼ ਨੇ ਮੋਗੇ ਪਹੁੰਚ ਕੇ ਫੋਨ ਕਰ ਦਿੱਤਾ। ਅੱਡੇ ਦੇ ਬਾਹਰਵਾਰ ਉਸ ਦੇ ਨੇੜੇ ਆ ਕੇ ਰੁਕੀ ਇੱਕ ਕਾਰ ਵਿੱਚੋਂ ਨਿਕਲੀ ਔਰਤ ਭਾਵ ਮੇਲੋ ਨੂੰ ਫਿੱਕੇ ਸੂਟ ਤੇ ਸਫ਼ੇਦ ਹੋ ਚੁੱਕੇ ਵਾਲਾਂ ਦੇ ਬਾਵਜੂਦ ਹਰਮੇਸ਼ ਨੇ ਪਛਾਣ ਲਿਆ। ਡਰਾਈਵਰ ਤਾਕੀ ਖੋਲ੍ਹ ਕੇ ਸੁਹਣਾ ਜਿਹਾ ਇੱਕ ਨੌਜਵਾਨ ਵੀ ਬਾਹਰ ਨਿਕਲਿਆ। ਜ਼ਾਹਰ ਸੀ ਕਿ ਮੇਲੋ ਦੇ ਨਾਲ ਮੈਡਮ ਦਾ ਬੇਟਾ ਹੀ ਹੋਵੇਗਾ। ਵੱਡਾ ਹੈ ਜਾਂ ਛੋਟਾ ਹਰਮੇਸ਼ ਨੂੰ ਇਹ ਪਤਾ ਨਾ ਲੱਗਾ ਕਿਉਂਕਿ ਕਾਫ਼ੀ ਅਰਸੇ ਬਾਅਦ ਵੇਖ ਰਿਹਾ ਸੀ। ਜਦੋਂ ਉਹ ਅੱਗੇ ਹੋਇਆ ਤਾਂ ਮੇਲੋ ਨੇ ਵੀ ਪਛਾਣਦਿਆਂ,‘‘ਬਾਈ ਜੀ, ਸਤਿ ਸ੍ਰੀ ਅਕਾਲ’’ ਕਿਹਾ ਤੇ ਮੈਡਮ ਦੇ ਮੁੰਡੇ ਦੀ ਛੋਟੇ ਬੇਟੇ ਮੰਨੂੰ ਵਜੋਂ ਪਛਾਣ ਕਰਵਾਈ। ਮੰਨੂੰ ਸੁਹਣਾ ਜਵਾਨ ਨਿਕਲਿਆ ਸੀ। ਉਸ ਨੇ ਵੀ ਗੋਡੀਂ ਹੱਥ ਲਾ ਕੇ ਸਤਿਕਾਰ ਦਿੰਦਿਆਂ ‘‘ਵੈਲਕਮ ਅੰਕਲ ਜੀ’’ ਆਖਿਆ।
ਕਾਰ ਵਿੱਚ ਆਉਂਦਿਆਂ ਹਰਮੇਸ਼ ਨੇ ਮੇਲੋ ਦੀਆਂ ਬੱਚੀਆਂ ਦੀ ਰਾਜ਼ੀ ਖ਼ੁਸ਼ੀ ਪੁੱਛੀ। ਮੇਲੋ ਨੇ ਦੱਸਿਆ ਕਿ ਮੈਡਮ ਨੇ ਮੋਗੇ ਹੀ ਘਰ ਬਣਾ ਲਿਆ ਸੀ। ਘਰ ਨੇੜੇ ਹੀ ਸੀ। ਮੈਡਮ ਵੱਡੇ ਭਰਾਵਾਂ ਵਾਂਗ ਉਸ ਦੇ ਗਲ਼ ਲੱਗ ਕੇ ਮਿਲਦਿਆਂ ਭਾਵਕ ਹੋ ਗਈ ਸੀ। ਹਰਮੇਸ਼ ਦਾ ਵੀ ਗਲਾ ਭਰ ਆਇਆ ਸੀ। ਦਸ ਸਾਲ ਬਾਅਦ ਮਿਲ ਕੇ ਮੈਡਮ ਬਹੁਤ ਖ਼ੁਸ਼ ਹੋਈ। ਸੁਰਜੀਤ ਸਮੇਤ ਸੇਵਾਮੁਕਤ ਸੁਪਰਵਾਈਜ਼ਰਾਂ ਨੇ ਵੀ ਹਰਮੇਸ਼ ਨੂੰ ਵੀਰ ਜੀ ਸਤਿ ਸ੍ਰੀ ਅਕਾਲ ਕਹਿੰਦਿਆਂ ਸਤਿਕਾਰ ਦਿੱਤਾ। ਚਾਹ ਪਾਣੀ ਪੀਣ ਤੋਂ ਬਾਅਦ ਉਸ ਨੇ ਨਵੀਂ ਵਿਆਹੀ ਜੋੜੀ ਨੂੰ ਸ਼ਗਨ ਅਤੇ ਆਪਣੀਆਂ ਕਿਤਾਬਾਂ ਦਾ ਸੈੱਟ ਦਿੱਤਾ। ਮੈਡਮ ਨੇ ਪੁੱਤ ਨੂੰ ਹੱਸਦਿਆਂ ਕਿਹਾ, ‘‘ਜਿੰਮੀ, ਤੈਨੂੰ ਅੰਕਲ ਵਰਗਾ ਗਿਫਟ ਕਿਸੇ ਨੇ ਵੀ ਨਹੀਂ ਦਿੱਤਾ ਹੋਣਾ।’’
ਬੈਠੇ ਗੱਲਾਂ ਕਰਦਿਆਂ ਮੈਡਮ ਨੇ ਦੱਸਿਆ ਕਿ ਮੇਲੋ ਹੁਣ ਮੇਰੇ ਕੋਲ ਹੀ ਰਹਿੰਦੀ ਹੈ। ਹਰਮੇਸ਼ ਨੇ ਥੋੜ੍ਹਾ ਮਜ਼ਾਹੀਆ ਲਹਿਜੇ ਵਿੱਚ ਕਿਹਾ, ‘‘ਮੇਲੋ ਦੀ ਹਾਲੇ ਵੀ ਅਣਬਣ ਈ ਆ!’’
‘‘ਨਹੀਂ ਬਾਈ ਜੀ, ਉਹ ਲੜਾਈ ਤਾਂ ਖ਼ਤਮ ਹੋਈ ਨੂੰ ਛੇਵਾਂ ਸਾਲ ਆ, ਮੈਡਮ ਨੇ ਮੈਨੂੰ ਥੰਮ੍ਹੀ ਬਣ ਕੇ ਸਹਾਰਾ ਨਾ ਦਿੱਤਾ ਹੁੰਦਾ ਤਾਂ ਮੈਂ ਵੀ ਕਦ ਦੀ ਢਹਿ ਗਈ ਹੁੰਦੀ।’’ ਮੇਲੋ ਨੇ ਭਰ ਆਈਆਂ ਅੱਖਾਂ ਚਿੱਟੀ ਚੁੰਨੀ ਨਾਲ ਸਾਫ਼ ਕਰਦਿਆਂ ਕਿਹਾ। ਹਰਮੇਸ਼ ਸਭ ਕੁਝ ਸਮਝ ਗਿਆ। ਮਾਹੌਲ ਭਾਵਕ ਜਿਹਾ ਹੋ ਗਿਆ ਸੀ।
ਮੈਡਮ ਨੇ ਗੱਲ ਆਪਣੇ ਹੱਥ ਲੈਂਦਿਆਂ ਦੱਸਿਆ, ‘‘ਦੋਵੇਂ ਬੇਟੇ ਵਿਦੇਸ਼ ਜਾਣ ਮਗਰੋਂ ਮੈਨੂੰ ਦੋ ਸਾਲ ਹੋਏ ਹਨ ਸੇਵਾਮੁਕਤ ਹੋਈ ਨੂੰ। ਜਿੰਮੀ ਵਿਦੇਸ਼ੀ ਕੁੜੀ ਨਾਲ ਵਿਆਹ ਕਰਾ ਕੇ ਸਾਲ ਬਾਅਦ ਹੀ ਪੱਕਾ ਹੋ ਗਿਆ ਸੀ। ਮੰਨੂੰ ਵੀ ਓਥੇ ਈ ਪਸੰਦ ਕਰੀ ਫਿਰਦਾ ਹੈ। ਕੁੜੀਆਂ ਕੋਲ ਮੇਲੋ ਰਹਿਣਾ ਨਹੀਂ ਚਾਹੁੰਦੀ ਸੀ, ਮੈਂ ਇਸ ਨੂੰ ਆਪਣੇ ਕੋਲ ਪੱਕੀ ਹੀ ਲੈ ਆਂਦਾ ਹੈ। ਜਦੋਂ ਦਿਲ ਕਰਦਾ ਧੀਆਂ ਨੂੰ ਮਿਲ ਆਉਂਦੀ ਹੈ। ਮੈਨੂੰ ਵੀ ਕੱਲੀ ਨੂੰ ਹੁਣ ਮੇਲੋ ਦਾ ਥੰਮ੍ਹੀ ਵਰਗਾ ਹੀ ਸਹਾਰਾ ਹੈ।’’ ਮੈਡਮ ਵੀ ਬੋਲਦੀ ਭਾਵਕ ਹੋ ਗਈ।
ਜ਼ਰੂਰੀ ਕੰਮ ਕਰਕੇ ਹਰਮੇਸ਼ ਦਾ ਵਾਪਸ ਮੁੜਨਾ ਸੁਣ ਕੇ ਪਹਿਲਾਂ ਤਾਂ ਰਹਿਣ ਲਈ ਜ਼ੋਰ ਪਾਇਆ, ਫਿਰ ਮੈਡਮ ਆਖਣ ਲੱਗੀ, ‘‘ਦਸ ਮਿੰਟ ਤਾਂ ਰੁਕੋ!’’
ਜਲਦੀ ਹੀ ਮੈਡਮ ਵਿਆਹ ਦੀ ਭਾਜੀ ਅਤੇ ਹਰਮੇਸ਼ ਦੀ ਪੱਗ ਸਮੇਤ ਉਸ ਦੀ ਪਤਨੀ ਦਾ ਸੂਟ ਲੈ ਆਈ। ‘‘ਹਰਮੇਸ਼ ਸਿੰਘ ਜੀ, ਭਾਬੀ ਨੂੰ ਕਹਿਣਾ ਕਿ ਸੂਟ ਸਵਾਂ ਕੇ ਹੰਢਾਵੇ ਮੈਂ ਬੜੀ ਰੀਝ ਨਾਲ ਖਰੀਦਿਆ ਹੈ।’’ ਮੈਡਮ ਨੇ ਸਾਰਾ ਕੁਝ ਇੱਕ ਵੱਡੇ ਲਿਫ਼ਾਫ਼ੇ ਵਿੱਚ ਪਾ ਕੇ ਉਸ ਦੇ ਹਵਾਲੇ ਕਰਦਿਆਂ ਕਿਹਾ।
ਤੁਰਨ ਲੱਗਿਆਂ ਹਰਮੇਸ਼ ਨੇ ਕਿਹਾ, ‘‘ਮੈਡਮ ਜੀ, ਜੇ ਆਪਾਂ ਹੁਣ ਦਫ਼ਤਰੀ ਭਾਸ਼ਾ ਛੱਡ ਕੇ ਇੱਕ-ਦੂਜੇ ਨੂੰ ਭੈਣ ਜੀ ਅਤੇ ਵੀਰ ਆਖਿਆ ਕਰੀਏ ਤਾਂ ਕਿਵੇਂ ਰਹੇਗਾ?’’
‘‘ਬਿਲਕੁਲ ਸਹੀ ਵੀਰ ਜੀ।’’ ਮੈਡਮ ਦੇ ਬੋਲਣ ਤੋਂ ਪਹਿਲਾਂ ਹੀ ਹੱਸਦਿਆਂ ਮੇਲੋ ਕਹਿ ਰਹੀ ਸੀ।
ਢੇਰ ਸਾਰਾ ਪਿਆਰ ਲੈ ਕੇ ਹਰਮੇਸ਼ ਵਾਪਸ ਬੱਸੇ ਬੈਠਾ ਮੋਗੇ ਵਿੱਚ ਕੱਟੇ ਵਕਤ ਨੂੰ ਯਾਦ ਕਰਦਾ ਮਨਬਚਨੀ ਕਰ ਰਿਹਾ ਸੀ, ‘ਕਦੇ ਪੰਜਾਬੀ ਕੱਚੇ ਢਾਰਿਆਂ ਨੂੰ ਥੰਮ੍ਹੀਆਂ ਦੇ ਸਹਾਰੇ ਦਿੰਦੇ ਹੁੰਦੇ ਸਨ, ਅੱਜ ਪੱਕੇ ਘਰਾਂ ਵਿੱਚ ਵੱਸਦਿਆਂ ਵੀ ਆਪ ਸਹਾਰੇ ਭਾਲ ਰਹੇ ਹਨ।’
ਸੰਪਰਕ: 94656-56214

Advertisement
Advertisement
Advertisement