ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬੀ ਸਨਿਮਾ ਦਾ ਥੰਮ੍ਹ ਮੁਲਕਰਾਜ ਭਾਖੜੀ

10:17 AM Jul 25, 2020 IST

ਮਨਦੀਪ ਸਿੰਘ ਸਿੱਧੂ

Advertisement

ਯਾਦਾਂ ਤੇ ਯਾਦਗਾਰਾਂ

ਭਾਰਤੀ ਫ਼ਿਲਮ ਸਨਅਤ ਵਿਚ ਭਾਖੜੀ ਖ਼ਾਨਦਾਨ ਦਾ ਵੱਡਾ ਰੁਤਬਾ ਰਿਹਾ ਹੈ। ਦੇਸ਼ ਵੰਡ ਤੋਂ ਬਾਅਦ ਮੁਲਕਰਾਜ ਭਾਖੜੀ ਨੇ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿਚ ਆਪਣੀ ਕਲਮੀ ਅਜ਼ਮਤ ਦੇ ਤੂਫ਼ੈਲ ਪੁਖ਼ਤਾ ਪਛਾਣ ਕਾਇਮ ਕੀਤੀ। ਉਹ ਮਹਿਜ਼ ਨਗ਼ਮਾਨਿਗਾਰ ਨਹੀਂ ਸਨ ਬਲਕਿ ਫ਼ਿਲਮ ਤਾਰੀਖ਼ ਦੇ ਮਾਰੂਫ਼ ਫ਼ਿਲਮਸਾਜ਼, ਕਹਾਣੀਨਵੀਸ, ਮੁਕਾਲਮਾਨਿਗ਼ਾਰ ਵੀ ਸਨ। ਉਨ੍ਹਾਂ ਹਮੇਸ਼ਾਂ ਪੈੱਨ ਨਾਲ ਲਿਖਣ ਦੀ ਬਜਾਏ ਪੈਂਸਿਲ ਨਾਲ ਲਿਖਣ ਨੂੰ ਤਰਜੀਹ ਦਿੱਤੀ। ਉਨ੍ਹਾਂ ਦਾ ਮੰਨਣਾ ਸੀ ਕਿ ਪੈਂਸਿਲ ਦਾ ਸਿੱਕਾ ਲਿਖਣ ਨਾਲ ਛੇਤੀ ਘਸ ਜਾਂਦਾ ਹੈ। ਲਿਹਾਜ਼ਾ ਉਸ ਨੂੰ ਦੁਬਾਰਾ ਘੜਨ ਨਾਲ ਜਿੱਥੇ ਹੱਥਾਂ ਨੂੰ ਆਰਾਮ ਮਿਲਦਾ ਹੈ, ਉੱਥੇ ਗ਼ਲਤੀ ਨੂੰ ਮਿਟਾ ਕੇ ਦਰੁਸਤ ਵੀ ਕੀਤਾ ਜਾ ਸਕਦਾ ਹੈ।

Advertisement

ਮੁਲਕਰਾਜ ਵਸ਼ਿਸ਼ਟ ਉਰਫ਼ ਮੁਲਕ ਰਾਜ ਭਾਖੜੀ ਉਰਫ਼ ਐੱਮ. ਆਰ. ਭਾਖੜੀ ਦੀ ਪੈਦਾਇਸ਼ 13 ਦਸੰਬਰ 1913 ਨੂੰ ਪਠਾਨਕੋਟ ਦੇ ਪੰਜਾਬੀ ਪੰਡਤ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਦਾ ਨਾਮ ਮੂਲ ਚੰਦ ਭਾਖੜੀ ਅਤੇ ਮਾਤਾ ਦਾ ਨਾਮ ਦੇਵਕੀ ਰਾਣੀ ਸੀ। ਉਂਜ ਇਨ੍ਹਾਂ ਦਾ ਆਬਾਈ ਤਾਲੁਕ ਗੁੱਜਰਾਂਵਾਲਾ ਦੇ ਪਿੰਡ ਮੱਤਾ ਨਾਲ ਸੀ। ਇਨ੍ਹਾਂ ਨੇ ਆਪਣੀ ਮੁੱਢਲੀ ਤਾਲੀਮ ਵੀ ਗੁੱਜਰਾਂਵਾਲਾ ਤੋਂ ਹੀ ਪ੍ਰਾਪਤ ਕੀਤੀ ਸੀ।

1947 ਵਿਚ ਹੋਈ ਦੇਸ਼ ਵੰਡ ਤੋਂ ਬਾਅਦ ਮੁਲਕਰਾਜ ਭਾਖੜੀ ਤੇ ਉਨ੍ਹਾਂ ਦਾ ਪਰਿਵਾਰ ਗੁੱਜਰਾਂਵਾਲਾ ਤੋਂ ਹਿਜ਼ਰਤ ਕਰ ਕੇ ਪੱਕੇ ਤੌਰ ’ਤੇ ਬੰਬਈ ਆਣ ਵੱਸਿਆ। ਮੁਲਕ ਰਾਜ ਭਾਖੜੀ ਦੀ ਪਹਿਲੀ ਪੰਜਾਬੀ ਫ਼ਿਲਮ ਕੁਲਦੀਪ ਪਿਕਚਰਜ਼, ਬੰਬਈ ਦੀ ਰਾਜਿੰਦਰ ਸ਼ਰਮਾ ਨਿਰਦੇਸ਼ਿਤ ‘ਲੱਛੀ’ (1949) ਸੀ, ਜਿਸ ਦੇ ਮਰਕਜ਼ੀ ਕਿਰਦਾਰ ਵਿਚ ਮਨੋਰਮਾ ਤੇ ਵਾਸਤੀ ਸਨ। ਫ਼ਿਲਮ ਦਾ ਮੰਜ਼ਰਨਾਮਾ ਤੇ ਮੁਕਾਲਮੇ ਲਿਖਣ ਦੇ ਨਾਲ-ਨਾਲ ਭਾਖੜੀ ਨੇ ਫ਼ਿਲਮ ਦੇ 11 ਗੀਤਾਂ ਵਿਚੋਂ 7 ਗੀਤ ਵੀ ਲਿਖੇ ‘ਓ ਹਾਏ ਚੰਨਾ ਯਾਦ ਸਾਨੂੰ ਤੇਰੀ ਆਵੇ’ (ਲਤਾ ਮੰਗੇਸ਼ਕਰ), ‘ਦੋ ਮਿਲਦੇ ਹੋਏ ਦਿਲਾਂ ਨੂੰ ਬੇਦਰਦ ਜ਼ਮਾਨਾ ਦੂਰ ਕਰੇ’ (ਲਤਾ), ‘ਮੇਰੀ ਲੱਗਦੀ ਕਿਸੇ ਨੇ ਨਾ ਵੇਖੀ’ (ਸ਼ਮਸ਼ਾਦ ਬੇਗ਼ਮ), ‘ਦਿਲ ਲੈ ਗਿਆ ਕੋਈ ਰੱਬ ਜੀ’ (ਮੁਹੰਮਦ ਰਫ਼ੀ, ਐੱਸ. ਬਲਬੀਰ), ‘ਕਾਲੀ ਕੰਘੀ ਨਾਲ ਕਾਲੇ ਵਾਲ ਪਈ’ (ਲਤਾ, ਰਫ਼ੀ), ‘ਹਮਨੇ ਤੇਰੇ ਸੇ ਪਿਆਰ ਪਾ ਲੀਆ’ (ਰਫ਼ੀ, ਲਤਾ) ਤੋਂ ਇਲਾਵਾ ਲਤਾ ਮੰਗੇਸ਼ਕਰ ਦਾ ਗਾਇਆ ਤੇ ਮਨੋਰਮਾ ’ਤੇ ਫ਼ਿਲਮਾਇਆ ‘ਨਾਲੇ ਲੰਮੀ ਤੇ ਨਾਲੇ ਕਾਲੀ ਹਾਏ ਵੇ ਚੰਨਾਂ ਰਾਤ ਜੁਦਾਈਆਂ ਵਾਲੀ’ ਅਮਰ ਗੀਤ ਦਾ ਦਰਜਾ ਰੱਖਦਾ ਹੈ। ਸੰਗੀਤਕਾਰ ਹੰਸ ਰਾਜ ਬਹਿਲ ਅਤੇ ਫ਼ਿਲਮਸਾਜ਼ ਲੇਖ ਰਾਜ ਭਾਖੜੀ (ਛੋਟਾ ਭਰਾ) ਤੇ ਕੁਲਦੀਪ ਸਹਿਗਲ ਸਨ। ਉਂਜ ਇਹ ਫ਼ਿਲਮ 1947 ਵਿਚ ਲਾਹੌਰ ’ਚ ਹੀ ਮੁਕੰਮਲ ਹੋ ਗਈ ਸੀ ਅਤੇ ਵੰਡ ਵੇਲੇ ਇਸਦਾ ਨੈਗੇਟਿਵ ਬੰਬਈ ਲਿਆਂਦਾ ਗਿਆ ਸੀ। 8 ਅਪਰੈਲ 1949 ਨੂੰ ਮੋਗਾ ਦੇ ਰੀਗਲ ਸਨਿਮਾ ’ਚ ਰਿਲੀਜ਼ ਹੋਈ ਇਹ ਫ਼ਿਲਮ ਸੁਪਰਹਿੱਟ ਰਹੀ। ਫ਼ਿਲਮਸਾਜ਼ ਤੇ ਕਹਾਣੀਨਵੀਸ ਵਜੋਂ ਮੁਲਕ ਰਾਜ ਭਾਖੜੀ ਦੀ ਦੂਜੀ ਪੰਜਾਬੀ ਫ਼ਿਲਮ ਨਿਗਾਰਸਤਾਨ (ਇੰਡੀਆ) ਫ਼ਿਲਮਜ਼, ਬੰਬਈ ਦੀ ‘ਛਈ’ (1950) ਸੀ। ਮੁੱਖ ਭੂਮਿਕਾਵਾਂ ਸੁੰਦਰ ਤੇ ਗੀਤਾ ਬਾਲੀ ਨੇ ਨਿਭਾਈਆਂ। ਗੀਤ ਵਰਮਾ ਮਲਿਕ ਤੇ ਸੰਗੀਤ ਹੰਸਰਾਜ ਬਹਿਲ ਨੇ ਮੁਰੱਤਬਿ ਕੀਤਾ। ਇਹ ਮਜ਼ਾਹੀਆ ਫ਼ਿਲਮ 30 ਜੂਨ 1950 ਨੂੰ ਅੰਮ੍ਰਿਤ ਟਾਕੀਜ਼, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਨਿਗਾਰਸਤਾਨ ਫ਼ਿਲਮਜ਼ ਦੀ ਹੀ ਰਾਜਿੰਦਰ ਸ਼ਰਮਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਜੁਗਨੀ’ (1953) ਦੇ ਫ਼ਿਲਮਸਾਜ਼ ਤੇ ਕਹਾਣੀਨਵੀਸ ਮੁਲਕ ਰਾਜ ਭਾਖੜੀ ਸਨ। ਗੋਲਡਨ ਮੂਵੀਜ਼, ਬੰਬਈ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਭੰਗੜਾ’ (1959) ਦੇ ਫ਼ਿਲਮਸਾਜ਼ ਮੁਲਕ ਰਾਜ ਭਾਖੜੀ ਸਨ। ਉਨ੍ਹਾਂ ਨੇ ਇਸ ਫ਼ਿਲਮ ਵਿਚ ਨੌਜਵਾਨ ਗੋਪਾਲ ਸਹਿਗਲ ਨੂੰ ਮਜ਼ਾਹੀਆ ਅਦਾਕਾਰ ਵਜੋਂ ਪੇਸ਼ ਕਰਵਾਇਆ। ਇਹ ਸੁਪਰਹਿੱਟ ਫ਼ਿਲਮ 9 ਅਕਤੂਬਰ 1959 ਨੂੰ ਰਾਜਾ ਟਾਕੀਜ਼, ਫ਼ਿਰੋਜ਼ਪੁਰ ਵਿਖੇ ਨੁਮਾਇਸ਼ ਹੋਈ।

‘ਭੰਗੜਾ’ ਫ਼ਿਲਮ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਮੁਲਕਰਾਜ ਭਾਖੜੀ ਨੇ ਗੋਲਡਨ ਮੂਵੀਜ਼, ਬੰਬਈ ਦੇ ਬੈਨਰ ਹੇਠ ਪੰਜਾਬੀ ਫ਼ਿਲਮ ‘ਦੋ ਲੱਛੀਆਂ’ (1960) ਦਾ ਨਿਰਮਾਣ ਕੀਤਾ, ਜਿਸ ਦੇ ਹਿਦਾਇਤਕਾਰ ਜੁਗਲ ਕਿਸ਼ੋਰ ਸਨ। ਫ਼ਿਲਮ ’ਚ ਇੰਦਰਾ ਬਿੱਲੀ ‘ਛੋਟੀ ਲੱਛੀ’ ਤੇ ਦਲਜੀਤ ਅਤੇ ਕ੍ਰਿਸ਼ਨਾ ਕੁਮਾਰੀ ‘ਵੱਡੀ ਲੱਛੀ’ ਤੇ ਸਤੀਸ਼ ਛਾਬੜਾ ਜੋੜੀਆਂ ਦੇ ਰੂਪ ਵਿਚ ਪੇਸ਼ਕਾਰੀ ਕਰ ਰਹੇ ਸਨ। ਇਹ ਸੁਪਰਹਿੱਟ ਫ਼ਿਲਮ 23 ਦਸੰਬਰ 1960 ਨੂੰ ਇੰਦਰ ਪੈਲੇਸ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਨਿਗਾਰਸਤਾਨ ਫ਼ਿਲਮਜ਼ ਦੀ ਤੀਸਰੀ ਪੰਜਾਬੀ ਫ਼ਿਲਮ ‘ਢੋਲ ਜਾਨੀ’ (1962) ਦੇ ਫ਼ਿਲਮਸਾਜ਼ ਤੇ ਕਹਾਣੀਨਵੀਸ ਮੁਲਕ ਰਾਜ ਭਾਖੜੀ ਸਨ ਜਦੋਂ ਕਿ ਹਿਦਾਇਤਕਾਰੀ ਰਾਜੇਸ਼ ਨੰਦਾ ਦੀ ਸੀ। ਸੰਗੀਤਕਾਰ ਹੰਸ ਰਾਜ ਬਹਿਲ ਤੇ ਗੀਤਕਾਰ ਵਰਮਾ ਮਲਿਕ ਸਨ। ਇਹ ਫ਼ਿਲਮ 5 ਅਕਤੂਬਰ 1962 ਨੂੰ ਆਦਰਸ਼ ਸਨਿਮਾ, ਅੰਮ੍ਰਿਤਸਰ ਵਿਖੇ ਪਰਦਾਪੇਸ਼ ਹੋਈ। ਸ਼ੰਕਰ ਮੂਵੀਜ਼, ਬੰਬਈ ਦੀ ਬਲਦੇਵ ਰਾਜ ਝੀਂਗਣ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਪਿੰਡ ਦੀ ਕੁੜੀ’ (1963), ਜਿਸ ਦਾ ਟਾਈਟਲ ਰੋਲ ਅਦਾਕਾਰਾ ਨਿਸ਼ੀ (ਬਿਸ਼ਨੀ) ਨੇ ਨਿਭਾਇਆ ਤੇ ਹੀਰੋ ਰਵਿੰਦਰ ਕਪੂਰ ਸਨ। ਇਸ ਫ਼ਿਲਮ ਦਾ ਮੰਜ਼ਰਨਾਮਾ ਤੇ ਮੁਕਾਲਮੇ ਮੁਲਕ ਰਾਜ ਭਾਖੜੀ ਨੇ ਤਹਿਰੀਰ ਕੀਤੇ ਸਨ। ਇਹ ਸੁਪਰਹਿੱਟ ਫ਼ਿਲਮ 31 ਮਈ 1963 ਨੂੰ ਇੰਦਰ ਪੈਲੇਸ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਹਰੀ ਦਰਸ਼ਨ ਚਿੱਤਰ, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਫ਼ਿਲਮ ‘ਲਾਜੋ’ (1963) ਦੀ ਕਹਾਣੀ ਮੁਲਕ ਰਾਜ ਭਾਖੜੀ ਨੇ ਲਿਖੀ ਸੀ। ਫੋਟੋਗ੍ਰਾਫ਼ੀ ਇਨ੍ਹਾਂ ਦੇ ਛੋਟੇ ਭਰਾ ਰਾਜ ਕੁਮਾਰ ਭਾਖੜੀ ਨੇ ਕੀਤੀ। ਫ਼ਿਲਮ ਵਿਚ ਨਿਸ਼ੀ ਤੇ ਦਲਜੀਤ ਦੀ ਜੋੜੀ ਸੀ। ਇਹ ਫ਼ਿਲਮ 24 ਜਨਵਰੀ 1964 ਨੂੰ, ਇੰਦਰ ਪੈਲੇਸ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਐੱਮ. ਐਂਡ. ਜੇ. ਪ੍ਰੋਡਕਸ਼ਨਜ਼, ਬੰਬੇ ਦੀ ਬੀ. ਐੱਸ. ਗਲਾਡ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਚੰਬੇ ਦੀ ਕਲੀ’ (1965) ਦੇ ਕਹਾਣੀਨਵੀਸ ਮੁਲਕ ਰਾਜ ਭਾਖੜੀ ਅਤੇ ਫ਼ਿਲਮਸਾਜ਼ ਐੱਸ. ਮੋਹਿੰਦਰ ਤੇ ਜੇ. ਐੱਸ. ਸੇਠੀ ਸਨ। ਫ਼ਿਲਮ ’ਚ ਇੰਦਰਾ ਬਿੱਲੀ ਤੇ ਰਵਿੰਦਰ ਕਪੂਰ ਦੀ ਜੋੜੀ ਸੀ। ਸੈਕਰਡ ਸ਼ੈਡੋਜ਼, ਬੰਬਈ ਦੀ ਰਾਜਿੰਦਰ ਸ਼ਰਮਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਪੌਂ ਬਾਰਾਂ’ (1969) ਦੇ ਕਹਾਣੀਨਵੀਸ ਮੁਲਕ ਰਾਜ ਭਾਖੜੀ ਤੇ ਫ਼ਿਲਮਸਾਜ਼ ਰਾਜਿੰਦਰ ਸ਼ਰਮਾ ਸਨ। ਫ਼ਿਲਮ ਵਿਚ ਰਵਿੰਦਰ ਕਪੂਰ ਤੇ ਨੰਦਨਿੀ ਦੀ ਜੋੜੀ ਸੀ। 26 ਦਸੰਬਰ 1969 ਨੂੰ ਇਹ ਫ਼ਿਲਮ ਕ੍ਰਿਸ਼ਨਾ ਥੀਏਟਰ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ।

ਮੁਲਕਰਾਜ ਭਾਖੜੀ ਦੀ ਪਹਿਲੀ ਹਿੰਦੀ ਫ਼ਿਲਮ ਦੀਵਾਨ ਪਿਕਚਰਜ਼, ਬੰਬਈ ਦੀ ਜੀ. ਸਿੰਘ ਨਿਰਦੇਸ਼ਿਤ ‘ਬਰਸਾਤ ਕੀ ਏਕ ਰਾਤ’ (1948) ਸੀ। ਇਸ ਫ਼ਿਲਮ ਦੇ ਕੁਝ ਗੀਤ ਤੇ ਮੁਕਾਲਮੇ ਭਾਖੜੀ ਨੇ ਤਹਿਰੀਰ ਕੀਤੇ ਸਨ। ਕੁਲਦੀਪ ਪਿਕਚਰਜ਼, ਬੰਬਈ ਦੀ ਰਵਿੰਦਰ ਦਵੇ ਨਿਰਦੇਸ਼ਿਤ ਹਿੰਦੀ ਫ਼ਿਲਮ ‘ਚੁਨਰੀਯਾ’ (1948) ਦੀ ਕਹਾਣੀ ਤੇ ਗੀਤ ਮੁਲਕਰਾਜ ਭਾਖੜੀ ਨੇ ਲਿਖੇ ਸਨ। ਇਸ ਫ਼ਿਲਮ ਲਈ ਆਸ਼ਾ ਭੌਸਲੇ ਦਾ ਗਾਇਆ ਪਹਿਲਾ ਗੀਤ ‘ਸਾਵਨ ਆਇਆ ਰੇ’ ਭਾਖੜੀ ਸਾਹਬ ਦਾ ਲਿਖਿਆ ਸੀ। ਕੁਲਦੀਪ ਪਿਕਚਰਜ਼ ਦੀ ਹੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਪਪੀਹਾ ਰੇ’ (1948) ਦੇ ਫ਼ਿਲਮਸਾਜ਼, ਕਹਾਣੀਨਵੀਸ ਤੇ ਨਗ਼ਮਾਨਿਗਾਰ ਮੁਲਕਰਾਜ ਭਾਖੜੀ ਸਨ। ਨਿਗਾਰਸਤਾਨ ਫ਼ਿਲਮਜ਼, ਬੰਬਈ ਦੀ ਰਾਮ ਨਰਾਯਣ ਦਵੇ ਨਿਰਦੇਸ਼ਿਤ ਫ਼ਿਲਮ ‘ਬਾਂਸਰੀਆ’ (1949) ਦੇ ਫ਼ਿਲਮਸਾਜ਼, ਕਹਾਣੀਨਵੀਸ ਤੇ ਨਗ਼ਮਾਨਿਗਾਰ ਮੁਲਕਰਾਜ ਭਾਖੜੀ ਸਨ। ਪ੍ਰਕਾਸ਼ ਪਿਕਚਰਜ਼, ਬੰਬਈ ਦੀ ਰਵਿੰਦਰ ਦਵੇ ਨਿਰਦੇਸ਼ਿਤ ਫ਼ਿਲਮ ‘ਸਾਵਨ ਭਾਦੋਂ’ (1949) ਦਾ ਮੰਜ਼ਰਨਾਮਾ, ਮੁਕਾਲਮੇ ਤੇ 10 ਗੀਤ ਭਾਖੜੀ ਨੇ ਤਹਿਰੀਰ ਕੀਤੇ। ਕੁਲਦੀਪ ਪਿਕਚਰਜ਼ ਦੀ ਹੀ ਰਵਿੰਦਰ ਦਵੇ ਨਿਰਦੇਸ਼ਿਤ ਫ਼ਿਲਮ ‘ਨਾਚ’ (1949) ਦੀ ਕਹਾਣੀ ਮੁਲਕਰਾਜ ਭਾਖੜੀ ਨੇ ਲਿਖੀ ਜਦੋਂ ਕਿ ਫ਼ਿਲਮਸਾਜ਼ ਲੇਖਰਾਜ ਭਾਖੜੀ ਸਨ। ਵਰੂਨਾ ਫ਼ਿਲਮਜ਼, ਬੰਬਈ ਦੀ ਰਾਮਚੰਦਰ ਠਾਕੁਰ ਨਿਰਦੇਸ਼ਿਤ ਫ਼ਿਲਮ ‘ਰੁਮਾਲ’ (1949) ਦੇ 4 ਗੀਤ ‘ਓ ਲੱਛੀ ਓ ਲੱਛੀ’, ‘ਤੁਮਸੇ ਮਿਲਾਕਰ ਨੈਨਾ’, ‘ਹਮ ਮਾਟੀ ਕੋ ਸੋਨਾ ਬਨਾਏਂਗੇ’ (ਵੀਨਾਪਾਨੀ, ਰਫ਼ੀ), ‘ਹਮ ਪੰਛੀ ਥੇ ਬਾਵਰੇ’ (ਰਫ਼ੀ) ਭਾਖੜੀ ਨੇ ਲਿਖੇ ਸਨ। ਰਮੇਸ਼ ਪਿਕਚਰਜ਼, ਬੰਬਈ ਦੀ ਰਾਮ ਨਰਾਯਣ ਦਵੇ ਨਿਰਦੇਸ਼ਿਤ ਫ਼ਿਲਮ ‘ਚਕੋਰੀ’ (1949) ’ਚ ਮੁਲਕ ਰਾਜ ਭਾਖੜੀ ਨੇ ਫ਼ਿਲਮ ਦੇ 11 ’ਚੋਂ 10 ਗੀਤ ਲਿਖੇ ਸਨ।

ਗਿਰਧਰ ਬਹਾਰ ਪ੍ਰੋਡਕਸ਼ਨਜ਼, ਲਾਹੌਰ ਦੀ ਹਰਬੰਸ ਨਿਰਦੇਸ਼ਿਤ ਫ਼ਿਲਮ ‘ਗੁਲਨਾਰ’ (1950) ’ਚ ਕੁਝ ਗੀਤ ਮੁਲਕਰਾਜ ਭਾਖੜੀ ਤੇ ਬਾਕੀ ਗੀਤ ਤੂਫ਼ੈਲ ਹੁਸ਼ਿਆਰਪੁਰੀ ਨੇ ਲਿਖੇ ਸਨ। ਮੋਹਨ ਪਿਕਚਰਜ਼, ਬੰਬਈ ਦੀ ਕੇ. ਅਮਰਨਾਥ ਨਿਰਦੇਸ਼ਿਤ ਫ਼ਿਲਮ ‘ਸਰਕਾਰ’ (1951) ’ਚ ਫ਼ਿਲਮ ਦੇ 9 ਗੀਤਾਂ ’ਚੋਂ 3 ਗੀਤ ਭਾਖੜੀ ਨੇ ਲਿਖੇ। ਜੁਬਿਲੀ ਪਿਕਚਰਜ਼, ਬੰਬਈ ਦੀ ਲੇਖਰਾਜ ਭਾਖੜੀ ਨਿਰਦੇਸ਼ਿਤ ਫ਼ਿਲਮ ‘ਰਾਜਪੂਤ’ (1951) ਦੀ ਕਹਾਣੀ ਭਾਖੜੀ ਨੇ ਲਿਖੀ। ਨਿਊ ਲਕਸ਼ਮੀ ਫ਼ਿਲਮ, ਬੰਬਈ ਦੀ ਨਾਨੂੰਭਾਈ ਵਕੀਲ ਨਿਰਦੇਸ਼ਿਤ ਫ਼ਿਲਮ ‘ਜਯ ਮਹਾਂਲਕਸ਼ਮੀ’ (1951) ’ਚ ਫ਼ਿਲਮ ਦੇ 9 ਗੀਤਾਂ ’ਚੋਂ 3 ਗੀਤ ਮੁਲਕਰਾਜ ਭਾਖੜੀ ਨੇ ਲਿਖੇ। ਪੰਜਾਬ ਆਰਟ ਪਿਕਚਰਜ਼, ਬੰਬਈ ਦੀ ਐੱਸ. ਅਰੋੜਾ ਨਿਰਦੇਸ਼ਿਤ ਫ਼ਿਲਮ ‘ਸ਼ਗਨ’ (1951) ਦੇ ਮੁਕਾਲਮੇ ਤੇ 6 ਗੀਤ ਭਾਖੜੀ ਨੇ ਲਿਖੇ। ਜੀਵਨ ਪਿਕਚਰਜ਼, ਬੰਬਈ ਦੀ ਵਿਜੈ ਮਹਾਤਰੇ ਨਿਰਦੇਸ਼ਿਤ ਫ਼ਿਲਮ ‘ਸਟੇਜ’ (1951) ਦੀ ਕਹਾਣੀ ਭਾਖੜੀ ਨੇ ਲਿਖੀ। ਨਿਗਾਰਸਤਾਨ ਦੀ ਹੀ ਰਵਿੰਦਰ ਦਵੇ ਨਿਰਦੇਸ਼ਿਤ ਫ਼ਿਲਮ ‘ਮੋਤੀ ਮਹਿਲ’ (1952) ਦੇ ਫ਼ਿਲਮਸਾਜ਼ ਮੁਲਕਰਾਜ ਭਾਖੜੀ ਅਤੇ ਕਹਾਣੀ ਛੋਟੇ ਭਰਾ ਰਾਜਕੁਮਾਰ ਭਾਖੜੀ ਨੇ ਲਿਖੀ। ਗੋਲਡਨ ਮੂਵੀਜ਼ ਦੀਆਂ ਹੀ ਨਾਨੂੰਭਾਈ ਵਕੀਲ ਨਿਰਦੇਸ਼ਿਤ ਫ਼ਿਲਮ ‘ਖੁਲ ਜਾ ਸਿਮ ਸਿਮ’ (1956) ਅਤੇ ਲੇਖਰਾਜ ਭਾਖੜੀ ਨਿਰਦੇਸ਼ਿਤ ਫ਼ਿਲਮਾਂ ‘ਨਾਗ ਪਦਮਨੀ’ (1957), ‘ਅਲਾਦੀਨ ਲੈਲਾ’ (1957), ‘ਟੈਕਸੀ 555’ (1958) ਤੋਂ ਇਲਾਵਾ ਇਸੇ ਬੈਨਰ ਦੀਆਂ ਹੀ ਨਰੀਨ ਦਵੇ ਨਿਰਦੇਸ਼ਿਤ ਫ਼ਿਲਮ ‘ਸਿਮ ਸਿਮ ਮਰਜੀਨਾ’ (1958), ਰਵਿੰਦਰ ਦਵੇ ਨਿਰਦੇਸ਼ਿਤ ਫ਼ਿਲਮ ‘ਗੈਸਟ ਹਾਊਸ’ (1959) ਅਤੇ ਨਰਿੰਦਰ ਦਵੇ ਨਿਰਦੇਸ਼ਿਤ ਫ਼ਿਲਮ ‘ਮੰਮੀ ਡੈਡੀ’ (1963) ਦੇ ਫ਼ਿਲਮਸਾਜ਼ ਮੁਲਕਰਾਜ ਭਾਖੜੀ ਸਨ।

ਸਵੀਟ ਪਿਕਚਰਜ਼, ਬੰਬਈ ਦੀ ਰਾਜੇਸ਼ ਨੰਦਾ ਨਿਰਦੇਸ਼ਿਤ ਫ਼ਿਲਮ ‘ਪ੍ਰੋਫੈਸਰ ਐਕਸ’ (1966) ਦਾ ਮੰਜ਼ਰਨਾਮਾ ਭਾਖੜੀ ਨੇ ਲਿਖਿਆ। ਰੇਨਬੋ ਪਿਕਚਰਜ਼, ਬੰਬਈ ਦੀ ਕੇਦਾਰ ਕਪੂਰ ਨਿਰਦੇਸ਼ਿਤ ਫ਼ਿਲਮ ‘ਹੁਸਨ ਕਾ ਗ਼ੁਲਾਮ’ (1966) ਦੀ ਕਹਾਣੀ ਤੇ ਮੰਜ਼ਰਨਾਮਾ ਮੁਲਕਰਾਜ ਭਾਖੜੀ ਨੇ ਲਿਖਿਆ। ਡੀਲਕਸ ਫ਼ਿਲਮਜ਼, ਬੰਬਈ ਦੀ ਦਲੀਪ ਬੋਸ ਨਿਰਦੇਸ਼ਿਤ ਫ਼ਿਲਮ ‘ਸੰਸਾਰ’ (1971) ਮੁਲਕਰਾਜ ਭਾਖੜੀ ਦੀ ਆਖ਼ਰੀ ਫ਼ਿਲਮ ਕਰਾਰ ਪਾਈ, ਜਿਸਦੀ ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਉਨ੍ਹਾਂ ਨੇ ਲਿਖੇ ਸਨ।

ਇਸ ਫ਼ਿਲਮ ਤੋਂ ਬਾਅਦ ਮੁਲਕਰਾਜ ਭਾਖੜੀ ਬਿਮਾਰ ਹੋ ਗਏ, ਜਨਿ੍ਹਾਂ ਨੂੰ ਖ਼ਾਰ (ਬੰਬਈ) ਸਥਿਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇਕ ਦਨਿ ਉਹ ਬਾਥਰੂਮ ਵਿਚ ਤਿਲ੍ਹਕ ਕੇ ਡਿੱਗ ਪਏ ਤੇ ਫਿਰ ਕਦੇ ਨਾ ਉੱਠ ਸਕੇ। ਭਾਰਤੀ ਫ਼ਿਲਮ ਸਨਅਤ ਦੀ ਇਹ ਮਾਰੂਫ਼ ਹਸਤੀ 19 ਮਾਰਚ 1971 ਨੂੰ 58 ਸਾਲ ਦੀ ਉਮਰ ਵਿਚ ਇੰਤਕਾਲ ਫ਼ਰਮਾ ਗਈ। ਮੁਲਕਰਾਜ ਭਾਖੜੀ ਦੀ ਪਤਨੀ ਸ਼ਾਂਤੀ ਦੇਵੀ ਦੇ ਦੋ ਪੁੱਤਰ ਮੋਹਨ ਭਾਖੜੀ (ਹਿਦਾਇਤਕਾਰ), ਕ੍ਰਿਸ਼ਨ ਮੋਹਨ ਭਾਖੜੀ (ਫ਼ਿਲਮਸਾਜ਼) ਅਤੇ ਤਿੰਨ ਧੀਆਂ ਹਨ, ਜਨਿ੍ਹਾਂ ’ਚੋਂ ਅੱਜ ਦੋ ਫ਼ੌਤ ਹੋ ਚੁੱਕੀਆਂ ਹਨ।

ਸੰਪਰਕ : 97805-09545

Advertisement
Tags :
ਸਿਨਮਾਥੰਮ੍ਹਪੰਜਾਬੀਭਾਖੜੀਮੁਲਕਰਾਜ
Advertisement