ਪੀਜੀਆਈ ਪ੍ਰਬੰਧਕਾਂ ਨੇ ਸੰਘਰਸ਼ਸ਼ੀਲ ਨਰਸਾਂ ਦੀਆਂ ਮੰਗਾਂ ਮੰਨੀਆਂ
ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਜੁਲਾਈ
ਪੀਜੀਆਈ ਘਾਬਦਾਂ ਵਿੱਚ ਨੌਕਰੀ ਤੋਂ ਫਾਰਗ ਕੀਤੀਆਂ ਨਰਸਾਂ ਵਲੋਂ ਮੁੱਖ ਗੇਟ ’ਤੇ ਕਰੀਬ 9 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਚੱਲ ਰਿਹਾ ਪੱਕਾ ਰੋਸ ਧਰਨਾ ਅੱਜ ਮੈਨੇਜਮੈਂਟ ਦੇ ਭਰੋਸੇ ਮਗਰੋਂ ਸਮਾਪਤ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 9 ਮਹੀਨਿਆਂ ਦੌਰਾਨ ਸੰਘਰਸ਼ੀ ਨਰਸਾਂ ਵਲੋਂ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਸਹਿਯੋਗ ਸਦਕਾ ਅਰਥੀ ਫੂਕ ਮੁਜ਼ਾਹਰੇ, ਰੋਸ ਮਾਰਚ ਅਤੇ ਪ੍ਰਦਰਸ਼ਨ ਕੀਤੇ ਗਏ। ਭਾਵੇਂ ਮੈਨੇਜਮੈਂਟ ਵਲੋਂ ਨਰਸਾਂ ਦੀ ਮੁੜ ਬਹਾਲੀ ਦੀ ਮੰਗ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਸੀ ਪਰ ਫਿਰ ਵੀ ਨਰਸਾਂ ਦਿਨ-ਰਾਤ ਪੱਕੇ ਮੋਰਚੇ ’ਤੇ ਡਟੀਆਂ ਰਹੀਆਂ। ਅੱਜ ਪੱਕੇ ਰੋਸ ਧਰਨੇ ਦੀ ਸਮਾਪਤੀ ਮੌਕੇ ਨਰਸਾਂ ਅਮਨਦੀਪ ਕੌਰ, ਕਮਲਦੀਪ ਕੌਰ, ਜਸਵੀਰ ਕੌਰ ਅਤੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਪ੍ਰਗਟ ਸਿੰਘ ਆਦਿ ਨੇ ਦੱਸਿਆ ਕਿ ਪੀਜੀਆਈ ਘਾਬਦਾਂ ਦੀ ਮੈਨੇਜਮੈਂਟ ਵੱਲੋਂ ਸੰਘਰਸ਼ ਕਰ ਰਹੀਆਂ ਨਰਸਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਡਾ. ਸ਼ਰੂਤੀ ਸ਼ਰਮਾ ਨੂੰ ਸੰਘਰਸ਼ਕਾਰੀ ਨਰਸਾਂ ਵਲੋਂ ਨਰਸਾਂ ਦੀ ਇੱਕ ਸੂਚੀ ਦਿੱਤੀ। ਡਾ. ਸ਼ਰਮਾ ਨੇ ਪੀਜੀਆਈ ਚੰਡੀਗੜ੍ਹ ਦੀ ਮੈਨੇਜਮੈਂਟ ਨਾਲ ਫੋਨ ’ਤੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਪੀਜੀਆਈ ਚੰਡੀਗੜ੍ਹ ਦੀ ਮੈਨੇਜਮੈਂਟ ਵਲੋਂ ਨੌਕਰੀ ਤੋਂ ਫਾਰਗ ਕੀਤੀਆਂ ਨਰਸਾਂ ਨੂੰ ਜਲਦ ਹੀ ਐੱਚਏ ਸਟਾਫ਼ ’ਚ ਬਹਾਲ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੈਨੇਜਮੈਂਟ ਦੇ ਇਸ ਭਰੋਸੇ ਤੋਂ ਬਾਅਦ ਨਰਸਾਂ ਨੇ 9 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਚੱਲ ਰਿਹਾ ਪੱਕਾ ਰੋਸ ਧਰਨਾ ਸਮਾਪਤ ਕਰ ਦਿੱਤਾ। ਕਾਬਿਲੇਗੌਰ ਹੈ ਕਿ ਪੀਜੀਆਈ ਘਾਬਦਾਂ ਵਿੱਚ 27 ਨਰਸਾਂ ਨੂੰ ਕਰੀਬ ਦੋ ਸਾਲ ਦੀਆਂ ਸੇਵਾਵਾਂ ਤੋਂ ਬਾਅਦ ਅਚਾਨਕ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਸੀ। ਇਸ ਫੈਸਲੇ ਖ਼ਿਲਾਫ਼ ਨਰਸਾਂ ਵਲੋਂ ਪੀਜੀਆਈ ਘਾਬਦਾਂ ਦੇ ਮੁੱਖ ਗੇਟ ਅੱਗੇ ਸਤੰਬਰ-2023 ਵਿਚ ਪੱਕਾ ਰੋਸ ਧਰਨਾ ਲਗਾ ਦਿੱਤਾ ਗਿਆ ਸੀ ਜਿਸ ਨੂੰ ਵੱਖ-ਵੱਖ ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਭਰਵਾਂ ਸਹਿਯੋਗ ਦਿੱਤਾ ਗਿਆ। ਕਰੀਬ 9 ਮਹੀਨਿਆਂ ਦੇ ਸੰਘਰਸ਼ ਦੌਰਾਨ ਨਰਸਾਂ ਵਲੋਂ ਕਿਸਾਨ-ਮਜ਼ਦੂਰ ਜਥੇਬੰਦੀਆਂ ਦੀ ਹਮਾਇਤ ਨਾਲ ਜ਼ੋਰਦਾਰ ਢੰਗ ਨਾਲ ਆਪਣੀ ਆਵਾਜ਼ ਬੁਲੰਦ ਰੱਖੀ ਗਈ। ਕੜਾਕੇ ਦੀ ਠੰਢ ਅਤੇ ਤਪਦੀ ਗਰਮੀ ਦੌਰਾਨ ਦਿਨ-ਰਾਤ ਦੇ ਪੱਕੇ ਰੋਸ ਧਰਨੇ ’ਤੇ ਡਟੀਆਂ ਰਹੀਆਂ। ਨਰਸਾਂ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਨੌਕਰੀ ’ਤੇ ਮੁੜ ਬਹਾਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਆਖ਼ਰ ਮੈਨੇਜਮੈਂਟ ਵਲੋਂ ਦਿੱਤੇ ਭਰੋਸੇ ਮਗਰੋਂ ਨਰਸਾਂ ਨੂੰ ਮੁੜ ਬਹਾਲੀ ਦੀ ਆਸ ਬੱਝੀ ਹੈ।