For the best experience, open
https://m.punjabitribuneonline.com
on your mobile browser.
Advertisement

ਭਾਈ ਗੁਰਦਾਸ ਦੀ ਦ੍ਰਿਸ਼ਟੀ ’ਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ

07:16 AM Nov 29, 2023 IST
ਭਾਈ ਗੁਰਦਾਸ ਦੀ ਦ੍ਰਿਸ਼ਟੀ ’ਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ
ਚਿੱਤਰ: ਸਿਧਾਰਥ
Advertisement

ਪ੍ਰੋ. ਨਵ ਸੰਗੀਤ ਸਿੰਘ

ਗੁਰਦੁਆਰਿਆਂ ਵਿੱਚ ਜਿਨ੍ਹਾਂ ਕਵੀਆਂ ਦੀਆਂ ਰਚਵਾਨਾਂ ਗਾਏ ਜਾਣ ਦੀ ਪ੍ਰਵਾਨਗੀ ਪ੍ਰਾਪਤ ਹੈ, ਉਨ੍ਹਾਂ ਵਿੱਚ ਭਾਈ ਨੰਦ ਲਾਲ ਗੋਯਾ ਤੋਂ ਇਲਾਵਾ ਭਾਈ ਗੁਰਦਾਸ ਜੀ ਦਾ ਨਾਂ ਵੀ ਸ਼ਾਮਲ ਹੈ। ਸਿੱਖ ਪੰਥ ਦੇ ਸਭ ਤੋਂ ਪਹਿਲੇ ਵਿਦਵਾਨ ਤੇ ਗੁਰਮਤਿ ਦੇ ਵਿਆਖਿਆਕਾਰ ਮੰਨੇ ਜਾਂਦੇ ਭਾਈ ਗੁਰਦਾਸ ਜੀ ਦੇ ਜਨਮ ਬਾਰੇ ਕੋਈ ਠੋਸ ਤੇ ਪੱਕਾ ਹਵਾਲਾ ਨਹੀਂ ਮਿਲਦਾ। ਗਿਆਨੀ ਨਰੈਣ ਸਿੰਘ ਨੇ ਉਨ੍ਹਾਂ ਦਾ ਜਨਮ 2 ਕਤਕ ਸੰਮਤ 1612 ਲਿਖਿਆ ਹੈ, ਜਦ ਕਿ ਡਾ. ਸੁਖਦਿਆਲ ਸਿੰਘ ਉਨ੍ਹਾਂ ਦਾ ਜਨਮ 1553 ਈ. ਮੰਨਦੇ ਹਨ। ਭਾਈ ਗੁਰਦਾਸ ਜੀ ਦਾ ਜਨਮ ਗੁਰੂ ਅਮਰਦਾਸ ਜੀ ਦੇ ਪਿੰਡ ਬਾਸਰਕੇ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਭਾਈ ਈਸ਼ਰ ਦਾਸ ਸੀ, ਜੋ ਗੁਰੂ ਅਮਰਦਾਸ ਜੀ ਦੇ ਚਚੇਰੇ ਭਰਾ ਸਨ। ਭਾਈ ਸਾਹਿਬ ਦੀ ਉਮਰ ਕਰੀਬ ਤਿੰਨ ਸਾਲ ਹੀ ਸੀ ਕਿ ਪਿਤਾ ਦਾ ਦੇਹਾਂਤ ਹੋ ਗਿਆ। ਮਾਤਾ ਜੀ ਉਨ੍ਹਾਂ ਨੂੰ ਗੁਰੂ ਅਮਰਦਾਸ ਜੀ ਦੀ ਛਤਰ- ਛਾਇਆ ਵਿੱਚ ਗੋਇੰਦਵਾਲ ਸਾਹਿਬ ਲੈ ਆਏ। ਉਹ ਰਿਸ਼ਤੇ ਵਜੋਂ ਗੁਰੂ ਅਮਰਦਾਸ ਜੀ ਦੇ ਭਤੀਜੇ ਅਤੇ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲੱਗਦੇ ਸਨ।
ਭਾਈ ਗੁਰਦਾਸ ਜੀ ਨੂੰ ਚਾਰ ਗੁਰੂ ਸਾਹਿਬਾਨ ਦੀ ਹਜ਼ੂਰੀ ਵਿੱਚ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ। ਗਿਆਨੀ ਨਰੈਣ ਸਿੰਘ ਮੁਤਾਬਕ ਅੰਦਾਜ਼ਨ 1686 ਸੰਮਤ ਵਿੱਚ ਉਹ ਚਲਾਣਾ ਕਰ ਗਏ। ਡਾ. ਸੁਖਦਿਆਲ ਸਿੰਘ ਉਨ੍ਹਾਂ ਦੇ ਅਕਾਲ ਚਲਾਣੇ ਦੀ ਮਿਤੀ 1629 ਈ. ਮੰਨਦੇ ਹਨ। ਭਾਈ ਗੁਰਦਾਸ ਜੀ ਦੀ ਰਚਨਾ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਨਹੀਂ ਹੈ ਪਰ ਉਨ੍ਹਾਂ ਦੀਆਂ ਰਚਨਾਵਾਂ ਨੂੰ ‘ਗੁਰਬਾਣੀ ਦੀ ਕੁੰਜੀ’ ਹੋਣ ਦਾ ਮਾਣ ਪ੍ਰਾਪਤ ਹੈ।
ਭਾਈ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲੇਖਕ ਹੋਣ ਦਾ ਮਾਣ ਪ੍ਰਾਪਤ ਹੈ। ਅਕਾਲ ਤਖਤ ਦੇ ਪਹਿਲੇ ਜਥੇਦਾਰ ਹੋਣ ਦਾ ਸੁਭਾਗ ਵੀ ਉਨ੍ਹਾਂ ਨੂੰ ਹੀ ਮਿਲਿਆ। ਉਨ੍ਹਾਂ ਦੀ ਪੰਜਾਬੀ ਰਚਨਾ ਵਾਰਾਂ ਦੇ ਰੂਪ ਵਿੱਚ ਮਿਲਦੀ ਹੈ, ਜਿਨ੍ਹਾਂ ਦੀ ਗਿਣਤੀ 40 ਮੰਨੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਕਬਿੱਤ ਅਤੇ ਸਵੱਈਆਂ ਦੀ ਰਚਨਾ ਵੀ ਕੀਤੀ, ਜੋ ਬ੍ਰਜ ਭਾਸ਼ਾ ਵਿੱਚ ਹਨ।
ਭਾਈ ਸਾਹਿਬ ਗੁਰਮੁਖੀ, ਬ੍ਰਜ, ਹਿੰਦੀ, ਅਰਬੀ, ਫਾਰਸੀ ਦੇ ਵਿਦਵਾਨ ਸਨ। ਸਿੱਖ ਸਿਧਾਂਤ, ਸਿੱਖ ਦਰਸ਼ਨ ਅਤੇ ਹੋਰ ਧਰਮਾਂ ਦੇ ਸਾਹਿਤ ਤੇ ਦਰਸ਼ਨ ਬਾਰੇ ਉਨ੍ਹਾਂ ਨੂੰ ਡੂੰਘੀ ਜਾਣਕਾਰੀ ਸੀ। ਭਾਈ ਗੁਰਦਾਸ ਦੀ ਰਚਨਾ ਨੂੰ ‘ਸਿੱਖੀ ਦਾ ਰਹਿਤਨਾਮਾ’ ਵਜੋਂ ਵੀ ਸਵੀਕਾਰ ਕੀਤਾ ਗਿਆ ਹੈ।
ਭਾਈ ਗੁਰਦਾਸ ਜੀ ਦੀਆਂ ਵਾਰਾਂ ’ਚੋਂ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਸਮੇਂ ਬਾਰੇ ਸਭ ਤੋਂ ਪ੍ਰਮਾਣਿਕ ਅਤੇ ਸਟੀਕ ਹਵਾਲੇ ਮਿਲਦੇ ਹਨ। ਅਸਲ ਵਿੱਚ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿੱਚ ਹੀ ਗੁਰੂ ਨਾਨਕ ਦੇਵ ਜੀ ਬਾਰੇ ਭਰਪੂਰ ਚਰਚਾ ਮਿਲਦੀ ਹੈ। ਇਸ ਤੋਂ ਇਲਾਵਾ 11ਵੀਂ, 24ਵੀਂ, 25ਵੀਂ ਅਤੇ 26ਵੀਂ ਸਮੇਤ ਹੋਰ ਵਾਰਾਂ ਦੀਆਂ ਵੱਖ- ਵੱਖ ਪਉੜੀਆਂ ਵਿੱਚ ਵੀ ਗੁਰੂ-ਬਾਬੇ ਬਾਰੇ ਉਲੇਖਯੋਗ ਰੂਪ ਵਿੱਚ ਚਰਚਾ ਮਿਲਦੀ ਹੈ।
ਭਾਈ ਗੁਰਦਾਸ ਦੀ ਪਹਿਲੀ ਵਾਰ ਵਿੱਚ 49 ਪਉੜੀਆਂ ਹਨ। ਇਸ ਵਿਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਸ੍ਰਿਸ਼ਟੀ ਰਚਨਾ, ਮਨੁੱਖਾ ਜੂਨ ਦੀ ਉਤਪਤੀ, ਚਾਰ ਯੁੱਗਾਂ ਦੀ ਸਥਾਪਨਾ, ਚਾਰ ਵਰਨਾਂ, ਹਿੰਦੂ ਮੁਸਲਮਾਨਾਂ ਦੇ ਝਗੜੇ ਆਦਿ ਦਾ ਵਰਣਨ ਕਰਨ ਪਿੱਛੋਂ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮਹੱਤਵਪੂਰਨ ਤੱਥਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਨ੍ਹਾਂ ਪਉੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼, ਉਨ੍ਹਾਂ ਦਾ ਘਰੋਂ ਚੱਲਣਾ, ਉਸ ਸਮੇਂ ਦੇ ਹਾਲਾਤ ਦਾ ਵਰਣਨ, ਰਾਜਿਆਂ ਵਿੱਚ ਹਉਮੈ ਦਾ ਹੰਕਾਰ, ਗੁਰੂ ਨਾਨਕ ਦਾ ਸੁਮੇਰ ਪਰਬਤ ’ਤੇ ਪਹੁੰਚਣਾ, ਸਿੱਧਾਂ ਨਾਲ ਸਵਾਲ-ਜਵਾਬ, ਕਲਯੁਗ ਵਿੱਚ ਹਨੇਰਗਰਦੀ ਦਾ ਵਰਣਨ, ਸਿੱਧਾਂ ਵੱਲੋਂ ਗੁਰੂ ਜੀ ਦੀ ਪ੍ਰੀਖਿਆ, ਗੁਰੂ ਜੀ ਦੇ ਮੱਕੇ ਦੀ ਯਾਤਰਾ, ਕਾਜ਼ੀਆਂ-ਮੌਲਵੀਆਂ ਵੱਲੋਂ ਗੁਰੂ ਜੀ ਨਾਲ ਬਹਿਸ, ਗੁਰੂ ਜੀ ਦੀ ਮੱਕੇ ਵਿੱਚ ਜਿੱਤ, ਗੁਰੂ ਜੀ ਦਾ ਬਗਦਾਦ ਪਹੁੰਚਣਾ, ਗੁਰੂ ਜੀ ਦੀ ਕਲਾ, ਸਤਿਨਾਮ ਦਾ ਚੱਕਰ, ਕਰਤਾਰਪੁਰ ਰਹਿਣਾ, ਸ਼ਿਵਰਾਤਰੀ ਦਾ ਮੇਲਾ, ਜੋਗੀਆਂ ਨਾਲ ਚਰਚਾ, ਸਿੱਧਾਂ ਵੱਲੋਂ ਕਰਾਮਾਤਾਂ, ਸਿੱਧਾਂ ਨਾਲ ਫੇਰ ਸਵਾਲ ਜਵਾਬ, ਸੱਚੇ ਸ਼ਬਦ ਦਾ ਪ੍ਰਤਾਪ, ਸਿੱਧਾਂ ਨੂੰ ਜਿੱਤਣਾ ਤੇ ਮੁਲਤਾਨ ਜਾਣਾ ਆਦਿ ਦਾ ਬਿਰਤਾਂਤ ਹੈ।
ਇਨ੍ਹਾਂ ਵਾਰਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ, ਜੋਤੀ ਜੋਤਿ ਦੀਆਂ ਤਰੀਕਾਂ ਅਤੇ ਉਨ੍ਹਾਂ ਦੇ ਸਕੇ- ਸਬੰਧੀਆਂ ਦਾ ਕੋਈ ਵੇਰਵਾ ਤਾਂ ਨਹੀਂ ਹੈ ਪਰ ਗੁਰੂ ਜੀ ਦੇ ਪ੍ਰਭਾਵਸ਼ਾਲੀ ਸ਼ਖਸੀਅਤ ਨੂੰ ਚਿਤਰਿਆ ਗਿਆ ਹੈ। ਇਤਿਹਾਸਕ ਪੱਖੋਂ ਇਨ੍ਹਾਂ ਵਾਰਾਂ ਵਿੱਚ ਉਸ ਸਮੇਂ ਦੀ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਅਵਸਥਾ ਦਾ ਡੂੰਘਾ ਵਿਸ਼ਲੇਸ਼ਣ ਕੀਤਾ ਗਿਆ ਹੈ। ਭਾਈ ਸਾਹਿਬ ਦੱਸਦੇ ਹਨ ਕਿ ਪਰਮਾਤਮਾ ਨੇ ਦੁਖੀ ਦੁਨੀਆਂ ਦੀ ਪੁਕਾਰ ਸੁਣ ਕੇ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ’ਤੇ ਭੇਜਿਆ। ਦੇਸ਼ ਵਾਸੀ ਚਾਰ ਵਰਣਾਂ ਵਿੱਚ ਵੰਡੇ ਹੋਏ ਸਨ ਪਰ ਗੁਰੂ ਜੀ ਨੇ ਕਲਯੁਗ ਵਿੱਚ ਅਵਤਾਰ ਧਾਰ ਕੇ ਦੁਨੀਆਂ ਦੇ ਲੋਕਾਂ ਨੂੰ ਸਤਿਨਾਮੁ ਦਾ ਮੰਤਰ ਦ੍ਰਿੜ੍ਹ ਕਰਵਾਇਆ ਤੇ ਕਲਯੁਗੀ ਲੋਕਾਂ ਦਾ ਉਧਾਰ ਕਰਨ ਦੀ ਕੋਸ਼ਿਸ਼ ਕੀਤੀ।
ਗੁਰੂ ਸਾਹਿਬ ਨੇ ਚਾਰ ਉਦਾਸੀਆਂ (ਪ੍ਰਚਾਰ ਦੌਰੇ) ਕੀਤੀਆਂ। ਇਨ੍ਹਾਂ ਉਦਾਸੀਆਂ ਦੌਰਾਨ ਉਹ ਵੱਖ-ਵੱਖ ਮੱਤ- ਮਤਾਂਤਰਾਂ, ਭੇਖਾਂ, ਜਾਤਾਂ- ਪਾਤਾਂ, ਵਰਣਾਂ, ਚਿਹਨਾਂ, ਧਰਮਾਂ, ਰੰਗਾਂ, ਰੂਪਾਂ ਅਤੇ ਨਸਲਾਂ ਦੇ ਲੋਕਾਂ ਨੂੰ ਮਿਲੇ, ਜਿਨ੍ਹਾਂ ਵਿੱਚ ਜਤੀ, ਸਤੀ, ਸਿੱਧ, ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲੇ, ਚੰਗੇ- ਮਾੜੇ ਗੁਣਾਂ ਵਾਲੇ ਸਾਰੇ ਲੋਕ ਸ਼ਾਮਲ ਸਨ।
ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਅਗਿਆਨਤਾ ਰੂਪੀ ਹਨੇਰਾ ਮਿਟ ਗਿਆ ਅਤੇ ਸੱਚ ਦੇ ਸੂਰਜ ਦਾ ਪ੍ਰਕਾਸ਼ ਹੋਇਆ। ਗੁਰੂ ਜੀ ਧਰਤ ਲੋਕਾਈ ਨੂੰ ਸੋਧਣ ਲਈ ਹਿੰਦੂਆਂ ਦੇ ਤੀਰਥਾਂ ’ਤੇ ਗਏ, ਪਰਬਤਾਂ ’ਤੇ ਜਾ ਕੇ ਸਿੱਧਾਂ ਜੋਗੀਆਂ ਨਾਲ ਗੋਸ਼ਟਾਂ ਕੀਤੀਆਂ ਪਰ ਕਿਧਰੇ ਵੀ ਗੁਰਮੁਖ ਬਿਰਤੀ ਵਾਲੇ ਇਨਸਾਨ ਦੇ ਦਰਸ਼ਨ ਉਨ੍ਹਾਂ ਨੂੰ ਨਹੀਂ ਹੋਏ।
ਗੁਰੂ ਜੀ ਦੀਆਂ ਯਾਤਰਾਵਾਂ ਦੌਰਾਨ ਉਨ੍ਹਾਂ ਦਾ ਸਾਥੀ ਭਾਈ ਮਰਦਾਨਾ ਵੀ ਉਨ੍ਹਾਂ ਦੇ ਨਾਲ ਸੀ:
ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।
ਭਾਰਤ ਤੋਂ ਬਾਹਰ ਗੁਰੂ ਜੀ ਨੇ ਮੁਸਲਮਾਨਾਂ ਦੇ ਪਵਿੱਤਰ ਅਸਥਾਨਾਂ ਮੱਕਾ, ਮਦੀਨਾ ਅਤੇ ਬਗ਼ਦਾਦ ਦੀ ਜ਼ਿਆਰਤ ਕੀਤੀ। ਮੌਲਾਣਿਆਂ ਤੇ ਕਾਜ਼ੀਆਂ ਨਾਲ ਚਰਚਾ ਕਰ ਕੇ ਉਨ੍ਹਾਂ ਨੂੰ ਧਰਮ ਦੇ ਅਸਲੀ ਅਰਥ ਦ੍ਰਿੜ੍ਹ ਕਰਵਾਏ ਅਤੇ ਉਨ੍ਹਾਂ ਦੇ ਅਭਿਮਾਨ ਨੂੰ ਚਕਨਾਚੂਰ ਕੀਤਾ। ਭਾਈ ਸਾਹਿਬ ਇਸ ਪ੍ਰਸੰਗ ਵਿੱਚ ਲਿਖਦੇ ਹਨ:
ਗੜ ਬਗਦਾਦੁ ਨਿਵਾਏਕੈ ਮਕਾ ਮਦੀਨਾ ਸਭੇ ਨਿਵਾਇਆ।
ਗੁਰੂ ਜੀ ਦੇ ਸਮੇਂ ਵਿੱਚ ਉੱਚੇ ਅਹੁਦੇ ’ਤੇ ਬੈਠੇ ਸਾਰੇ ਹੀ ਲੋਕ ਅਤਿਆਚਾਰੀ ਤੇ ਪਾਪੀ ਬਣ ਗਏ ਸਨ। ਗਿਆਨ ਵਿਹੂਣੇ ਲੋਕ ਕੂੜ ਤੇ ਝੂਠ ਬੋਲ ਰਹੇ ਸਨ। ਨਿਆਂ ਤੇ ਇਨਸਾਫ਼ ਕਰਨ ਵਾਲੇ ਮੁਸਲਮਾਨ ਕਾਜ਼ੀ ਰਿਸ਼ਵਤਾਂ ਲੈ ਕੇ ਗਲਤ ਫੈਸਲੇ ਕਰ ਰਹੇ ਸਨ। ਹਰ ਤਰ੍ਹਾਂ ਦੇ ਕਾਰਜ ਨੂੰ ਸਿਰਫ ਪੈਸੇ ਦੀ ਦ੍ਰਿਸ਼ਟੀ ਤੋਂ ਵੇਖਿਆ ਜਾ ਰਿਹਾ ਸੀ। ਅਜਿਹੇ ਕਲਯੁਗੀ ਸਮੇਂ ਦੀ ਭਾਈ ਸਾਹਿਬ ਨੇ ਬੜੇ ਹੀ ਸਟੀਕ ਢੰਗ ਨਾਲ ਵਿਆਖਿਆ ਕੀਤੀ ਹੈ:
ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ।
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਆਲਾਈ।
ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ।
ਸੇਵਕ ਬੈਠਨਿ ਘਰਾ ਵਿਚਿ ਗੁਰੂ ਉਠਿ ਘਰੀ ਤਿਨਾੜੇ ਜਾਈ।
ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕ ਗਵਾਈ।
ਇਸਤ੍ਰੀ ਪੁਰਖੈ ਦਾਮ ਹਿਤੁ ਭਾਵੈ ਆਇ ਕਿਥਾਊ ਜਾਈ।
ਵਰਤਿਆ ਪਾਪ ਸਭਸ ਜਗ ਮਾਂਹੀ।
ਜਿੱਥੇ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਮੁਬਾਰਕ ਕਦਮ ਪਏ, ਉੱਥੇ ਉੱਥੇ ਸਭ ਧਰਮਾਂ ਦੇ ਲੋਕ ਉਨ੍ਹਾਂ ਨੂੰ ਆਪੋ ਆਪਣਾ ਗੁਰੂ/ਪੀਰ ਮੰਨਣ ਲੱਗ ਪਏ ਅਤੇ ਲੋਕਾਂ ਨੇ ਧਰਮਸ਼ਾਲਾਵਾਂ ਸਥਾਪਤ ਕਰ ਕੇ ਹਰਿ-ਕੀਰਤਨ ਸ਼ੁਰੂ ਕਰ ਦਿੱਤਾ:
ਘਰਿ ਘਰਿ ਬਾਬਾ ਪੂਜੀਐ ਹਿੰਦੂ ਮੁਸਲਮਾਨ ਗੁਆਈ।
(ਵਾਰ 1/34)
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ।
(ਵਾਰ 1/27)
ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ ਗੁਰੂ ਜੀ ਜਦੋਂ ਨਦੀ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਮੁਖਾਰਬਿੰਦ ’ਚੋਂ ਜਿਹੜਾ ਪਹਿਲਾਂ ਵਾਕ ਨਿਕਲਿਆ ਸੀ ਉਹ ਸੀ , ‘ਨਾ ਕੋ ਹਿੰਦੂ ਨਾ ਮੁਸਲਮਾਨ।’ ਜਦੋਂ ਗੁਰੂ ਜੀ ਨੂੰ ਪੁੱਛਿਆ ਗਿਆ ਕਿ ਜੇ ਕੋਈ ਹਿੰਦੂ ਜਾਂ ਮੁਸਲਮਾਨ ਨਹੀਂ ਹੈ ਤਾਂ ਅਸੀਂ ਕਿਸ ਨੂੰ ਮੰਨੀਏ, ਕਿਸ ਰਾਹ ’ਤੇ ਤੁਰੀਏ। ਗੁਰੂ ਜੀ ਨੇ ਖੁਦਾ ਦੇ ਰਾਹ ’ਤੇ ਚੱਲਣ ਲਈ ਕਿਹਾ। ਉਨ੍ਹਾਂ ਕਿਹਾ ਕਿ ਖੁਦਾ ਨਾ ਨਾ ਹਿੰਦੂ ਹੈ ਅਤੇ ਨਾ ਮੁਸਲਮਾਨ। ਮੱਕੇ ਦੀ ਧਰਤੀ ’ਤੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਕਾਜ਼ੀਆਂ ਨੇ ਪੁੱਛਿਆ ਕਿ ਤੁਹਾਡੀ ਨਜ਼ਰ ਵਿੱਚ ਹਿੰਦੂ ਵੱਡਾ ਹੈ ਜਾਂ ਮੁਸਲਮਾਨ, ਤਾਂ ਗੁਰੂ ਜੀ ਦਾ ਉੱਤਰ ਸਾਫ਼ ਤੇ ਸਪਸ਼ਟ ਸੀ:
ਪਪੁਛਨਿ ਗਲ ਈਮਾਨ ਦੀ ਕਾਜੀ ਮੁਲਾਂ ਇਕਠੇ ਹੋਈ।
ਵਡਾ ਸਾਂਗ ਵਰਤਾਇਆ ਲਖਿ ਨ ਸਕੈ ਕੁਦਰਤਿ ਕੋਈ।
ਪੁਛ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ?
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ।
ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਲਹਨਿ ਨ ਢੋਈ।
ਕਚਾ ਰੰਗੁ ਕਸੁੰਭ ਦਾ ਪਾਣੀ ਧੋਤੈ ਥਿਰ ਨ ਰਹੋਈ।
ਕਰਨਿ ਬਖੀਲੀ ਆਪਿ ਵਿਚਿ ਰਾਮ ਰਹੀਮ ਇੱਕ ਥਾਇ ਖਲੋਈ।
ਰਾਹ ਸੈੈਤਾਨੀ ਦੁਨੀਆਂ ਗੋਈ।
(ਵਾਰ 1/33)
ਦੇਸ਼-ਵਿਦੇਸ਼ ਦਾ ਭ੍ਰਮਣ ਕਰਨ ਪਿੱਛੋਂ ਜਦੋਂ ਗੁਰੂ ਜੀ ਕਰਤਾਰਪੁਰ ਆਣ ਬਿਰਾਜੇ, ਤਾਂ ਉਨ੍ਹਾਂ ਨੇ ਗੁਰਿਆਈ ਦਾ ਤਿਲਕ ਭਾਈ ਲਹਿਣਾ ਜੀ ਨੂੰ ਲਾਇਆ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਸਿਰਫ਼ ਸਰੀਰ ਦਾ ਚੋਲ਼ਾ ਹੀ ਬਦਲਿਆ ਅਤੇ ਆਪਣੀ ਜੋਤਿ ਨੂੰ ਗੁਰੂ ਅੰਗਦ ਦੇਵ ਵਿੱਚ ਟਿਕਾ ਕੇ ਅਜਿਹੇ ਨਵੇਂ ਮੱਤ ਦੀ ਨੀਂਹ ਰੱਖੀ ਜਿਸ ਨੂੰ ਸੱਚਾ ਸੁੱਚਾ ਸਿੱਖ ਧਰਮ ਹੋਣ ਦਾ ਮਾਣ ਪ੍ਰਾਪਤ ਹੈ।
ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਤੋਂ ਇਲਾਵਾ ਜਿਨ੍ਹਾਂ ਬਾਕੀ ਵਾਰਾਂ ਦੀਆਂ ਵੱਖ-ਵੱਖ ਪਉੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਨੂੰ ਚਿੱਤਰਿਆ ਹੈ, ਉੱਥੇ ਵੀ ਗੁਰੂ ਨਾਨਕ ਦੇਵ ਜੀ ਨੂੰ ਸਾਰੇ ਸੰਸਾਰ ਦੇ ਗੁਰੂ (ਜਗਤੁ ਗੁਰੂ ਗੁਰੁ ਨਾਨਕ ਦੇਉ, ਵਾਰ 24/ 2); ਜਾਹਰਾ ਪੀਰ (ਜ਼ਾਹਰ ਪੀਰ ਜਗਤੁ ਗੁਰੁ ਬਾਬਾ,ਵਾਰ 24/3); ਹਰ ਪੱਖ ਤੋਂ ਪੂਰੇ ਗੁਰੂ (ਪੂਰਾ ਸਤਿਗੁਰ ਜਾਣੀਐ ਪੂਰੈ ਪੂਰਾ ਠਾਟ ਬਣਾਯਾ,ਵਾਰ 26/16); ਗੁਣਾਂ ਦਾ ਖ਼ਜ਼ਾਨਾ, ਨਿਰਭਉ ਨਿਰਵੈਰ (ਗੁਰ ਪੂਰਾ ਨਿਰਵੈਰ ਹੈ...; ਗੁਰ ਪੂਰਾ ਨਿਰਭਉ ਸਦਾ...ਵਾਰ 26/19); ਦੀਨ ਦੁਨੀਆਂ ਦਾ ਪਾਤਸ਼ਾਹ (ਦੀਨ ਦੁਨੀਆਂ ਦਾ ਪਾਤਿਸ਼ਾਹ ਬੇਮੁਹਤਾਜ ਰਾਜ ਘਰ ਆਯਾ,ਵਾਰ 26/21) ਆਦਿ ਲਕਬਾਂ ਨਾਲ ਵਡਿਆਇਆ ਹੈ।
ਸੰਪਰਕ: 94176-92015

Advertisement

Advertisement
Advertisement
Author Image

joginder kumar

View all posts

Advertisement