ਪੁਲੀਸ ’ਤੇ ਗੋਲੀ ਚਲਾਉਣ ਵਾਲਾ ਕਾਬੂ
ਪੱਤਰ ਪ੍ਰੇਰਕ
ਤਰਨ ਤਾਰਨ, 18 ਨਵੰਬਰ
ਚੋਹਲਾ ਸਾਹਿਬ ਪੁਲੀਸ ’ਤੇ ਬੀਤੀ ਦੇਰ ਸ਼ਾਮ ਗੋਲੀ ਚਲਾਉਣ ਵਾਲੇ ਨਸ਼ਿਆਂ ਦਾ ਕਾਰੋਬਾਰ ਕਰਦੇ ਤਿੰਨ-ਮੈਂਬਰੀ ਗਰੋਹ ਦੇ ਇਕ ਮੈਂਬਰ ਸਣੇ ਦੋ ਜਣਿਆਂ ਨੂੰ ਪੁਲੀਸ ਨੇ ਕਾਬੂ ਕਰ ਲਿਆ। ਗਰੋਹ ਦਾ ਇਕ ਮੈਂਬਰ ਫਰਾਰ ਹੋ ਗਿਆ। ਡੀਐੱਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਅੱਜ ਇਥੇ ਦੱਸਿਆ ਕਿ ਗਰੋਹ ਦੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਖਾਰਾ ਪਿੰਡ ਦੇ ਵਾਸੀ ਗੁਰਜਿੰਦਰ ਸਿੰਘ ਬਿੱਲਾ ਅਤੇ ਇਮਾਨਦੀਪ ਸਿੰਘ ਮਾਨ ਸ਼ਾਮਲ ਹਨ ਜਦਕਿ ਫਰਾਰ ਹੋਏ ਮੁਲਜ਼ਮ ਦੀ ਪਛਾਣ ਜਸ਼ਨਦੀਪ ਸਿੰਘ ਵਾਸੀ ਖੜਕਾ ਵਜੋਂ ਹੋਈ ਹੈ| ਇਨ੍ਹਾਂ ਤਿੰਨਾਂ ਨੇ ਇਲਾਕੇ ਦੇ ਪਿੰਡ ਪੱਖੋਪੁਰ ਦੇ ਵਾਸੀ ਸੁਖਜਿੰਦਰ ਸਿੰਘ ਕਾਲਾ ਦੀ ਲੱਤ ’ਤੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ| ਗੁਰਜਿੰਦਰ ਸਿੰਘ ਤੇ ਇਮਾਨਦੀਪ ਸਿੰਘ ਨੂੰ ਚੋਹਲਾ ਸਾਹਿਬ ਪੁਲੀਸ ਦੇ ਵਧੀਕ ਥਾਣਾ ਮੁਖੀ ਸਬ ਇੰਸਪੈਕਟਰ ਵਿਪਿਨ ਕੁਮਾਰ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਗ੍ਰਿਫਤਾਰ ਕੀਤਾ ਸੀ| ਥਾਣਾ ਮੁਖੀ ਸਬ ਇੰਸਪੈਕਟਰ ਰਾਜ ਕੁਮਾਰ ਮੁਲਜ਼ਮ ਗੁਰਜਿੰਦਰ ਸਿੰਘ ਅਤੇ ਇਮਾਨਦੀਪ ਸਿੰਘ ਨੂੰ ਨਾਲ ਲੈ ਕੇ ਸੁਖਜਿੰਦਰ ਸਿੰਘ ਨੂੰ ਗੋਲੀ ਮਾਰਨ ਵਾਲੇ ਥਾਂ ਦਾ ਜਾਇਜ਼ਾ ਲੈਣ ਗਏ ਤਾਂ ਗੁਰਜਿੰਦਰ ਸਿੰਘ ਨੇ ਖੁਦ ਨੂੰ ਘਬਰਾਹਟ ਕਰਕੇ ਉਲਟੀ ਆਉਣ ਦੀ ਸ਼ਿਕਾਇਤ ਕੀਤੀ ਜਿਸ ’ਤੇ ਪੁਲੀਸ ਨੇ ਉਸ ਨੂੰ ਗੱਡੀ ਤੋਂ ਉਤਾਰ ਦਿੱਤਾ। ਇਸੇ ਦੌਰਾਨ ਉਸ ਨੇ ਆਪਣੀ ਡੱਬ ’ਚ ਲੁਕਾਏ ਪਿਸਤੌਲ ਨਾਲ ਥਾਣਾ ਮੁਖੀ ’ਤੇ ਗੋਲੀ ਚਲਾ ਦਿੱਤੀ। ਆਪਣੇ ਬਚਾਅ ਲਈ ਥਾਣਾ ਮੁਖੀ ਵੱਲੋਂ ਚਲਾਈ ਜਵਾਬੀ ਗੋਲੀ ਗੁਰਜਿੰਦਰ ਸਿੰਘ ਦੀ ਲੱਤ ’ਤੇ ਲੱਗੀ ਤਾਂ ਪੁਲੀਸ ਨੇ ਉਸ ਨੂੰ ਹਥਿਆਰ ਸਣੇ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਮੁਲਜ਼ਮ ਤੋਂ ਦੋ ਦੇਸੀ ਪਿਸਤੌਲ, ਦੋ ਮੈਗਜ਼ੀਨ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਸਬੰਧੀ ਪੁਲੀਸ ਨੇ ਦੋ ਕੇਸ ਦਰਜ ਕੀਤੇ ਹਨ|