ਝਗੜੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 20 ਅਗਸਤ
ਬਾਬੈਨ ਦੀ ਇੰਦਰਾ ਕਲੋਨੀ ਵਿੱਚ ਬੀਤੇ 14 ਅਗਸਤ ਨੂੰ ਹੋਏ ਝਗੜੇ ਵਿੱਚ ਸਿਰ ਵਿੱਚ ਸੱਟ ਲਗਣ ਕਰਕੇ ਜ਼ਖ਼ਮੀ ਹੋਏ ਸ਼ਾਦੀ ਰਾਮ ਨੇ ਪੀਜੀਆਈ ਚੰਡਗੜ ਵਿੱਚ ਆਖਰੀ ਸਾਹ ਲਿਆ। ਪੁਲੀਸ ਨੇ ਸ਼ਾਦੀ ਰਾਮ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਸ਼ਾਦੀ ਰਾਮ ਦੇ ਪਰਿਵਾਰ ਵਿੱਚ ਭਾਰੀ ਗੁੱਸਾ ਦੇਖਦੇ ਹੋਏ ਪੁਲੀਸ ਪੂਰੀ ਤਰ੍ਹਾਂ ਮੁਸਤੈਦ ਰਹੀ। ਸ਼ਾਦੀ ਰਾਮ ਦਾ ਅੰਤਿਮ ਸਸਕਾਰ ਹੋ ਜਾਣ ਤੋਂ ਬਾਅਦ ਹੀ ਪੁਲੀਸ ਨੇ ਰਾਹਤ ਦਾ ਸਾਹ ਲਿਆ। ਮ੍ਰਿਤਕ ਸ਼ਾਦੀ ਰਾਮ ਦੇ ਪਰਿਵਾਰ ਵਾਲੇ ਸ਼ਾਦੀ ਰਾਮ ਦੇ ਸਸਕਾਰ ਤੋਂ ਪਹਿਲਾਂ ਹਮਲਾਵਰਾਂ ਦੀ ਗ੍ਰਿਫਤਾਰੀ ਦੀ ਮੰਗ ’ਤੇ ਅੜੇ ਹੋਏ ਸਨ। ਪੁਲੀਸ ਵਲੋਂ ਜਲਦੀ ਹੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲੈਣ ਦਾ ਭਰੋਸਾ ਦੇਣ ਤੋਂ ਬਾਅਦ ਹੀ ਪਰਿਵਾਰ ਅੰਤਿਮ ਸੰਸਕਾਰ ਲਈ ਰਾਜ਼ੀ ਹੋਇਆ। ਸ਼ਾਦੀ ਰਾਮ ਦੇ ਪਰਿਵਾਰ ਨੇ ਹਮਲਾਵਰਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਸ਼ਾਦੀ ਰਾਮ ਦੀ ਧੀ ਪੂਨਮ ਨੇ ਦੋਸ਼ ਲਾਇਆ ਹੈ ਕਿ 14 ਅਗਸਤ ਨੂੰ ਉਸ ਦਾ ਆਪਣੀ ਚਾਚੀ ਪ੍ਰੇਮ ਲਤਾ ਪਤਨੀ ਬਲਕਾਰ ਸਿੰਘ ਦੇ ਨਾਲ ਝਗੜਾ ਹੋ ਗਿਆ ਸੀ । ਉਸ ਦੇ ਪਿਤਾ ਸ਼ਾਦੀ ਰਾਮ ਨੇ ਵਿੱਚ ਵਿਚਾਲੇ ਆ ਕੇ ਮੌਕੇ ’ਤੇ ਝਗੜਾ ਖਤਮ ਕਰਵਾ ਦਿੱਤਾ ਸੀ ਤੇ ਉਹ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਉਣ ਲਈ ਜਾ ਰਹੇ ਸਨ ਤਾਂ ਸੂਬਾ ਸਿੰਘ ਉਰਫ ਸ਼ੁਭਮ, ਚਾਚੀ ਪ੍ਰੇਮ ਲਤਾ ਤੇ ਲੜਕੀ ਕੋਮਲ ਉਨ੍ਹਾਂ ਦੇ ਪਿੱਛੇ ਆ ਗਏ। ਜਦੋਂ ਉਹ ਥਾਣੇ ਦੇ ਸਾਹਮਣੇ ਪੁੱਜੇ ਤਾਂ ਸੂਬਾ ਸਿੰਘ ਉਰਫ ਸ਼ੁਭਮ ਨੇ ਡੰਡੇ ਨਾਲ ਉਸ ਦੇ ਪਿਤਾ ਉਪਰ ਹਮਲਾ ਕਰ ਦਿੱਤਾ ਤੇ ਚਾਚੀ ਪ੍ਰੇਮ ਲਤਾ ਤੇ ਉਨ੍ਹਾਂ ਦੀ ਬੇਟੀ ਕੋਮਲ ਨੇ ਵੀ ਉਸ ਦੇ ਪਿਤਾ ਨੂੰ ਲੱਤਾਂ ਤੇ ਮੁੱਕੇ ਮਾਰੇ ਤੇ ਜਾਂਦੇ ਜਾਂਦੇ ਮਾਰ ਦੇਣ ਦੀ ਧਮਕੀ ਦੇ ਗਏ। ਸੱਟ ਲੱਗਣ ਕਾਰਨ ਉਸ ਦਾ ਪਿਤਾ ਬੇਹੋਸ਼ ਹੋ ਕੇ ਸੜਕ ’ਤੇ ਡਿਗ ਪਿਆ, ਜਿਸ ਨੂੰ ਬਾਬੈਨ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਕੁਰੂਕਸ਼ੇਤਰ ਰੈਫਰ ਕਰ ਦਿੱਤਾ ਕੁਰੂਕਸ਼ੇਤਰ ਤੋਂ ਡਾਕਟਰਾਂ ਨੇ ਉਸ ਦੇ ਪਿਤਾ ਸ਼ਾਦੀ ਰਾਮ ਨੂੰ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਸੀ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਏਐੱਸਆਈ ਬਲਬੀਰ ਦੱਤ ਦਾ ਕਹਿਣਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਨੇ ਪਹਿਲਾਂ ਹੀ ਮ੍ਰਿਤਕ ਸ਼ਾਦੀ ਰਾਮ ਦੀ ਲੜਕੀ ਪੂਨਮ ਦੀ ਸ਼ਿਕਾਇਤ ’ਤੇ ਸੂਬਾ ਸਿੰਘ ਉਰਫ ਸ਼ੁਭਮ, ਪ੍ਰੇਮ ਲਤਾ ਤੇ ਕੋਮਲ ਖ਼ਿਲਾਫ਼ ਕੇਸ ਮਾਮਲਾ ਦਰਜ ਕੀਤਾ ਹੋਇਆ ਹੈ, ਸ਼ਾਦੀ ਰਾਮ ਦੀ ਮੌਤ ਤੋਂ ਬਾਅਦ ਪੁਲੀਸ ਨੇ ਧਾਰਾ-302 ਹੋਰ ਲਾ ਦਿੱਤੀ ਹੈ। ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ।