For the best experience, open
https://m.punjabitribuneonline.com
on your mobile browser.
Advertisement

ਚੁਣਾਵੀ ਜੰਗ ਦੀਆਂ ਤਿਆਰੀਆਂ ਦਾ ਦੌਰ

07:47 AM Jul 24, 2023 IST
ਚੁਣਾਵੀ ਜੰਗ ਦੀਆਂ ਤਿਆਰੀਆਂ ਦਾ ਦੌਰ
Advertisement

Advertisement

ਰਾਧਿਕਾ ਰਾਮਾਸੇਸ਼ਨ


ਸਮੇਂ ਸਮੇਂ ’ਤੇ ਭਾਰਤ ਦੇ ਧਰਾਤਲ ਉਪਰ ਕੁਲੀਸ਼ਨ ਰਾਜਨੀਤੀ ਦਾ ਪ੍ਰਭਾਵ ਰਿਹਾ ਹੈ ਪਰ 2014 ਵਿਚ ਭਾਜਪਾ ਨੂੰ ਆਪਣੇ ਬਲਬੁੱਤੇ ਬਹੁਮਤ ਹਾਸਲ ਹੋ ਜਾਣ ਤੋਂ ਬਾਅਦ ਲੋਕਾਂ ਦੇ ਮਨਮਸਤਕ ਤੋਂ ਕੁਲੀਸ਼ਨ ਰਾਜਨੀਤੀ ਦਾ ਪ੍ਰਭਾਵ ਪੇਤਲਾ ਪੈਂਦਾ ਚਲਾ ਗਿਆ ਸੀ। ਭਾਜਪਾ ਨੂੰ ਹੁਣ ਆਪਣੇ ਉਨ੍ਹਾਂ ਸਾਥੀਆਂ ਦੀ ਲੋੜ ਨਹੀਂ ਰਹਿ ਗਈ ਸੀ ਜਨਿ੍ਹਾਂ ਤੋਂ ਲੋੜ ਪੈਣ ’ਤੇ ਕਿਸੇ ਮੌਕੇ ਸਮਝੌਤਾ ਕਰਨ ਜਾਂ ਤੋੜਨ ਦੀ ਤਵੱਕੋ ਕੀਤੀ ਜਾਂਦੀ ਸੀ। ਉਸ ਸਾਲ ਮਈ ਮਹੀਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਜਪਾ ਨੂੰ ਅਸਥਿਰਤਾ ਖਿਲਾਫ਼ ਭਰਵੀਂ ਤਾਕਤ ਮਿਲਣ ਦੇ ਬਾਵਜੂਦ ਉਹ ਆਪਣੀਆਂ ਸਾਥੀ ਪਾਰਟੀਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਉਨ੍ਹਾਂ ਨੂੰ ਆਪਣੀ ਸਰਕਾਰ ਦਾ ਹਿੱਸਾ ਬਣਨ ਦੀ ਆਗਿਆ ਦੇਣਗੇ।
ਇਹ ਬਿਆਨ ਉਨ੍ਹਾਂ ਸਮਿਆਂ ਦਾ ਸੰਕੇਤਕ ਰੂਪ ਵਿਚ ਚੇਤਾ ਕਰਾਉਂਦਾ ਸੀ ਜਦੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਨੂੰ ਆਪਣੀਆਂ ਸਹਿਯੋਗੀ ਪਾਰਟੀਆਂ ਦੀ ਹਮਾਇਤ ਦੀ ਬਹੁਤ ਲੋੜ ਪਈ ਸੀ। ਅਜਿਹਾ ਜਾਪਦਾ ਸੀ ਕਿ ਮੋਦੀ, ਵਾਜਪਾਈ ਵਲੋਂ ਕਾਇਮ ਕੀਤੇ ਗਏ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਨੂੰ ਤੋੜਨਾ ਨਹੀਂ ਚਾਹੁੰਦੇ ਸਨ ਕਿਉਂਕਿ ਪਤਾ ਨਹੀਂ ਮੁੜ ਕਦੋਂ ਉਸ ਦੀ ਲੋੜ ਪੈ ਜਾਵੇ।
ਐੱਨਡੀਏ ਜਿਹੇ ਗੱਠਜੋੜ ਵਿਹਾਰ ਤੇ ਅੰਤਰ-ਨਿਰਭਰਤਾ ਦੀ ਘਾੜਤ ਹੁੰਦੇ ਹਨ ਅਤੇ ਸਮੇਂ ਸਮੇਂ ਤਬਦੀਲ ਹੁੰਦੇ ਰਹਿੰਦੇ ਹਨ। ਜਦੋਂ ਕੁਝ ਆਗੂਆਂ ਨੂੰ ਇਹ ਵਿਸ਼ਵਾਸ ਹੋ ਜਾਂਦਾ ਹੈ ਕਿ ਉਨ੍ਹਾਂ ਦੇ ਸਿਆਸੀ ਹਿੱਤ ਖ਼ਤਰੇ ਵਿਚ ਹਨ ਤਾਂ ਉਹ ਪਾਰਟੀਆਂ ਛੱਡ ਕੇ ਚਲੀਆਂ ਜਾਂਦੀਆਂ ਹਨ; ਕੁਝ ਹੋਰ ਪਾਰਟੀਆਂ ਜਿ਼ਆਦਾ ਲਾਹੇ ਦੀ ਤਲਾਸ਼ ਵਿਚ ਚਲੀਆਂ ਜਾਂਦੀਆਂ ਹਨ। 2014 ਵਿਚ 11 ਪਾਰਟੀਆਂ ਮੋਦੀ ਸਰਕਾਰ ਵਿਚ ਹਿੱਸੇਦਾਰ ਬਣੀਆਂ ਸਨ ਜਦਕਿ ਕੁਝ ਹੋਰ ਪਾਰਟੀਆਂ ਜਿਵੇਂ ਹਰਿਆਣਾ ਜਨਹਿਤ ਕਾਂਗਰਸ ਦਾ ਲੋਕ ਸਭਾ ਚੋਣਾਂ ਵਿਚ ਖਾਤਾ ਨਾ ਖੁੱਲ੍ਹਣ ਕਰ ਕੇ ਸਰਕਾਰ ਵਿਚ ਸ਼ਾਮਲ ਨਾ ਹੋ ਸਕੀਆਂ। 2019 ਵਿਚ ਅਣਵੰਡੀ ਸ਼ਿਵ ਸੈਨਾ, ਸ਼੍ਰੋਮਣੀ ਅਕਾਲੀ ਦਲ ਅਤੇ ਅੰਨਾ ਡੀਐੱਮਕੇ ਮੋਦੀ ਦੇ ਨਾਲ ਸਨ। ਮੋਦੀ ਨਾਲ ਨਿਤੀਸ਼ ਕੁਮਾਰ ਦੀ ਅਣਬਣ ਹੋਣ ਕਰ ਕੇ 2014 ਤੋਂ ਪਹਿਲਾਂ ਐੱਨਡੀਏ ਤੋਂ ਕਨਿਾਰਾਕਸ਼ੀ ਕਰਨ ਵਾਲਾ ਜਨਤਾ ਦਲ (ਯੂ) ਵੀ ਵਾਪਸ ਆ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਧਰਮ ਨਿਰਪੱਖ ਖੇਮੇ ਵਿਚ ਜਾਣ ਅਤੇ ਹਾਸ਼ੀਏ ’ਤੇ ਵਿਚਰਨ ਦੀ ਕੋਈ ਤੁੱਕ ਨਹੀਂ ਬਣਦੀ। ਉਦੋਂ ਤੱਕ ਭਾਜਪਾ ਨੇ ਉੱਤਰ ਪੂਰਬੀ ਖਿੱਤੇ ਵਿਚ ਨਵੇਂ ਭਿਆਲ ਲੱਭ ਲਏ ਸਨ। ਉਸ ਸਾਲ ਹੋਈਆਂ ਚੋਣਾਂ ਵਿਚ ਭਾਜਪਾ ਨੇ ਨਵੀਂ ਉਚਾਣ ਛੋਹੀ ਜਿਸ ਕਰ ਕੇ ਐੱਨਡੀਏ ਅਪ੍ਰਸੰਗਕ ਹੋ ਗਿਆ ਸੀ। ਭਾਜਪਾ ਸੱਤਾ ਦਾ ਧੁਰਾ ਬਣ ਗਈ। ਐੱਨਡੀਏ ਦੀਆਂ ਭਾਈਵਾਲ ਪਾਰਟੀਆਂ ਕੋਲ ਉਹ ਦਮ ਖ਼ਮ ਨਹੀਂ ਬਚਿਆ ਸੀ ਜੋ ਕਦੇ ਵਾਜਪਾਈ ਦੀ ਅਗਵਾਈ ਵਾਲੀ ਕੁਲੀਸ਼ਨ ਸਰਕਾਰ ਵੇਲੇ ਸੀ।
ਉਦੋਂ ਅਤੇ ਹੁਣ ਦੇ ਸਮੇਂ ਵਿਚ ਫ਼ਰਕ ਇਹ ਆ ਗਿਆ ਕਿ ਮੋਦੀ ਨੇ ਕਦੇ ਕੋਈ ਸੰਚਾਲਨ ਕਮੇਟੀ ਬਣਾਉਣ ਦੀ ਖੇਚਲ ਨਹੀਂ ਕੀਤੀ ਅਤੇ ਐੱਨਡੀਏ ਦੀਆਂ ਮੀਟਿੰਗਾਂ ਦਾ ਸਿਲਸਿਲਾ ਬੰਦ ਹੋ ਕੇ ਰਹਿ ਗਿਆ; ਵਾਜਪਾਈ ਸੰਚਾਲਨ ਕਮੇਟੀ ਦਾ ਕਨਵੀਨਰ ਕਿਸੇ ਗ਼ੈਰ-ਭਾਜਪਾ ਪਾਰਟੀ ਦੇ ਆਗੂ ਨੂੰ ਥਾਪਦੇ ਸਨ। ਮੋਦੀ ਦੇ ਐੱਨਡੀਏ ਦਾ ਕੋਈ ਚਿਹਰਾ ਨਹੀਂ ਹੈ। ਇਸ ਦਾ ਨਾਂ ਉਦੋਂ ਸੁਣਨ ਵਿਚ ਆਇਆ ਸੀ ਜਦੋਂ ਰਾਮ ਵਿਲਾਸ ਪਾਸਵਾਨ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਚਿਰਾਗ ਪਾਸਵਾਨ ਅਤੇ ਉਸ ਦੇ ਚਾਚੇ ਪਸ਼ੂਪਤੀ ਕੁਮਾਰ ਪਾਰਸ ਵਿਚਕਾਰ ਵਿਰਾਸਤ ਦੀ ਲੜਾਈ ਛਿੜ ਪਈ ਸੀ। ਜਦੋਂ ਪਾਰਸ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਨਾਲ ਲੈ ਕੇ ਵੱਖ ਹੋ ਗਏ ਸਨ ਤਾਂ ਇਹ ਭਾਜਪਾ ਹੀ ਸੀ ਜਿਸ ਨੇ ਪਾਰਸ ਨੂੰ ਥਾਪੜਾ ਦੇ ਕੇ ਪਰਿਵਾਰ ਵਿਚ ਕਲੇਸ਼ ਵਧਾਇਆ ਸੀ ਜਿਸ ਤੋਂ ਬਾਅਦ ਚਿਰਾਗ ਪਾਸਵਾਨ ਕੋਲ ਸਿਰਫ਼ ਆਪਣੀ ਸੀਟ ਤੋਂ ਬਨਿਾਂ ਕੁਝ ਵੀ ਨਹੀਂ ਬਚਿਆ ਸੀ। ਪਾਰਸ ਪਹਿਲਾ ਭਿਆਲ ਸੀ ਜਿਸ ਨੂੰ ਸ਼ੁੱਧ ਉਪਯੋਗਤਾ ਕਰ ਕੇ ਮੋਦੀ ਵਜ਼ਾਰਤ ਵਿਚ ਸ਼ਾਮਲ ਕੀਤਾ ਗਿਆ ਸੀ।
ਐੱਨਡੀਏ ਦੇ ਪ੍ਰਸੰਗ ਵਿਚ ਉਦੋਂ ਅਣਕਿਆਸਿਆ ਮੋੜ ਆ ਗਿਆ ਜਦੋਂ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਇਹ ਐਲਾਨ ਕੀਤਾ ਸੀ ਕਿ 18 ਜੁਲਾਈ ਨੂੰ ਨਵੀਂ ਦਿੱਲੀ ਵਿਚ ਹੋਣ ਵਾਲੀ ਮੀਟਿੰਗ ਵਿਚ 38 ਭਾਈਵਾਲ ਪਾਰਟੀਆਂ ਦੇ ਆਗੂ ਸ਼ਾਮਲ ਹੋਣਗੇ। ਇਹ ਪਾਰਟੀਆਂ ਕੌਣ ਸਨ? ਸ਼ਿਵ ਸੈਨਾ ਜੋ ਭਾਜਪਾ ਦੀ ਸਭ ਤੋਂ ਪੁਰਾਣੀ ਸਹਿਯੋਗੀ ਰਹੀ ਸੀ, ਦੋਫਾੜ ਹੋ ਗਈ ਅਤੇ ਇਸ ਦਾ ਏਕਨਾਥ ਸ਼ਿੰਦੇ ਦੀ ਅਗਵਾਈ ਵਾਲਾ ਧੜਾ ਭਾਜਪਾ ਨਾਲ ਆ ਗਿਆ ਹੈ। ਪਾਰਟੀ ਦੇ ਬਾਨੀ ਬਾਲਾਸਾਹਿਬ ਠਾਕਰੇ ਦੇ ਪੁੱਤਰ ਊਧਵ ਠਾਕਰੇ ਜੋ ਮਹਾਰਾਸ਼ਟਰ ਵਿਚ ਮਹਾ ਵਿਕਾਸ ਅਗਾੜੀ ਸਰਕਾਰ ਦੀ ਅਗਵਾਈ ਵੀ ਕਰਦੇ ਰਹੇ ਹਨ, ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਭਾਜਪਾ ਨਾਲੋਂ ਆਪਣੇ ਸਾਰੇ ਸੰਬੰਧ ਤੋੜ ਲਏ ਹਨ ਅਤੇ ਇਹ ਵਿਰੋਧੀ ਧਿਰ ਦੇ ਮੁਹਾਜ਼ ਵਿਚ ਸ਼ਾਮਲ ਹੈ। ਭਾਜਪਾ ਦੇ ਜੋੜ ਤੋੜ ਨੂੰ ਊਧਵ ਮਾਤ ਨਹੀਂ ਦੇ ਸਕੇ। ਇਸੇ ਤਰ੍ਹਾਂ 2020 ਵਿਚ ਸ਼੍ਰੋਮਣੀ ਅਕਾਲੀ ਦਲ ਐੱਨਡੀਏ ’ਚੋਂ ਬਾਹਰ ਹੋ ਗਿਆ ਸੀ ਜਦਕਿ ਜਨਤਾ ਦਲ (ਯੂ) ਪਿਛਲੇ ਸਾਲ ਬਿਹਾਰ ਵਿਚ ਮਹਾਗਠਬੰਧਨ ਵਿਚ ਵਾਪਸ ਆ ਗਿਆ ਸੀ।
ਮਹਾਰਾਸ਼ਟਰ ਵਿਚ ਤਕੜਾ ਝਟਕਾ ਉਦੋਂ ਲੱਗਿਆ ਜਦੋਂ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਵਿਚ ਫੁੱਟ ਪੈ ਗਈ। ਬਗ਼ਾਵਤ ਕਰਨ ਵਾਲਾ ਵੀ ਹੋਰ ਕੋਈ ਨਹੀਂ ਸੀ ਸਗੋਂ ਪਵਾਰ ਦਾ ਭਤੀਜਾ ਅਜੀਤ ਪਵਾਰ ਸੀ ਜੋ ਐੱਨਡੀਏ ਵਿਚ ਸ਼ਾਮਲ ਹੋ ਗਿਆ ਹੈ। ਨਵੀਂ ਦਿੱਲੀ ਵਿਚ ਐੱਨਡੀਏ ਦੇ ਸ਼ੋਅ ਦੌਰਾਨ ਭਾਜਪਾ ਚਿਰਾਗ ਪਾਸਵਾਨ ਨੂੰ ਲਿਆਉਣ ਵਿਚ ਕਾਮਯਾਬ ਹੋਈ। ਹਾਲਾਂਕਿ ਤੈਲਗੂ ਦੇਸਮ ਪਾਰਟੀ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ ਪਰ ਇਸ ਗੱਲ ਦੇ ਆਸਾਰ ਹਨ ਕਿ ਉਹ ਵੀ ਐੱਨਡੀਏ ਵਿਚ ਵਾਪਸ ਆ ਸਕਦੇ ਹਨ।
ਐੱਨਡੀਏ ਦੀ ਮੀਟਿੰਗ ਦਾ ਕੇਂਦਰ ਬਿੰਦੂ ਮੋਦੀ ਹੀ ਬਣੇ ਹੋਏ ਸਨ ਤੇ ਸਾਰੇ ਆਗੂ ਉਨ੍ਹਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਣ ਵਿਚ ਲੱਗੇ ਹੋਏ ਸਨ। ਆਪਣੇ ਲੰਮੇ ਭਾਸ਼ਣ ਵਿਚ ਮੋਦੀ ਨੇ ਉਨ੍ਹਾਂ ਆਗੂਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਨਿ੍ਹਾਂ ਦੀ ਮੀਟਿੰਗ ਕੁਝ ਸਮਾਂ ਪਹਿਲਾਂ ਖਤਮ ਹੋਈ ਸੀ। ਨਵੀਂ ਦਿੱਲੀ ਤੋਂ ਕਰੀਬ ਦੋ ਹਜ਼ਾਰ ਕਿਲੋਮੀਟਰ ਦੂਰ ਬੰਗਲੁਰੂ ਵਿਖੇ ਵਿਰੋਧੀ ਧਿਰ ਦੀਆਂ ਪਾਰਟੀਆਂ ਦੀ ਇਕੱਤਰਤਾ ਹੋਈ ਜਿਸ ਵਿਚ ਲੰਮਾ ਸਮਾਂ ਕਾਂਗਰਸ ਦੀਆਂ ਸਹਿਯੋਗੀ ਪਾਰਟੀਆਂ ਜਿਵੇਂ ਡੀਐੱਮਕੇ, ਰਾਸ਼ਟਰੀ ਜਨਤਾ ਦਲ ਅਤੇ ਝਾਰਖੰਡ ਮੁਕਤੀ ਮੋਰਚਾ ਤੋਂ ਇਲਾਵਾ ਊਧਵ ਠਾਕਰੇ ਦੀ ਸ਼ਿਵ ਸੈਨਾ, ਆਮ ਆਦਮੀ ਪਾਰਟੀ, ਜਨਤਾ ਦਲ (ਯੂ), ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਰਾਸ਼ਟਰੀ ਲੋਕ ਦਲ ਆਦਿ ਸ਼ਾਮਲ ਹੋਏ। ਪਟਨਾ ਵਿਚ 23 ਜੂਨ ਦੀ ਪਹਿਲੀ ਇਕੱਤਰਤਾ ਤੋਂ ਬਾਅਦ ਇਸ ਦੀ ਵਿਉਂਤਬੰਦੀ ਕੀਤੀ ਗਈ। ਜਾਪਦਾ ਹੈ ਕਿ 26 ਪਾਰਟੀਆਂ ਦੀ ਇਕੱਤਰਤਾ ਨੂੰ ਦੇਖ ਕੇ ਐੱਨਡੀਏ ਨੂੰ ਸੁਰਜੀਤ ਕਰਨ ਦਾ ਯਕਦਮ ਖਿਆਲ ਆਇਆ ਹੈ।
ਪਟਨਾ ਦੀ ਕਵਾਇਦ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਬੰਗਲੁਰੂ ਵਿਚ ਕੁਝ ਕਦਮ ਹੋਰ ਪੇਸ਼ਕਦਮੀ ਕੀਤੀ ਹੈ। ਸਭ ਤੋਂ ਅਹਿਮ ਕੰਮ ਇਸ ਕੁਲੀਸ਼ਨ ਦੇ ਨਾਮਕਰਨ ‘INDIA’ (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) ਦੇ ਰੂਪ ਵਿਚ ਹੋਇਆ ਹੈ। ਇਸ ਦੇ ਨਾਮ ’ਚੋਂ ਧਰਮ ਨਿਰਪੱਖਤਾ ਅਤੇ ਸਮਾਜਵਾਦ ਜਿਹੇ ਸ਼ਬਦਾਂ ਦੀ ਅਣਹੋਂਦ ਗੌਰਤਲਬ ਹੈ ਅਤੇ ਇਸ ਦਾ ਮਤਾ ਤਿਆਰ ਕਰਨ ਵੇਲੇ ਹਰ ਇੱਕ ਭਿਆਲ ਦੇ ਸਰੋਕਾਰਾਂ ਨੂੰ ਥਾਂ ਦਿੱਤੀ ਗਈ ਹੈ। ਜੇ ਵਿਰੋਧੀ ਧਿਰ ਨੇ ਭਾਜਪਾ ਦਾ ਭਰੋਸੇਮੰਦ ਬਦਲ ਬਣਨਾ ਹੈ ਤਾਂ ਹੁਣ ਤੋਂ ਲੈ ਕੇ 2024 ਤੱਕ ਇਸ ਨੂੰ ਆਪਣੇ ਕਾਰਜ ਅੰਜਾਮ ਦੇਣੇ ਪੈਣਗੇ। ਜਿੱਥੋਂ ਤੱਕ ਭਾਜਪਾ ਦਾ ਸਵਾਲ ਹੈ, ਇਸ ਦੇ ਸਾਹਮਣੇ ਬੁਨਿਆਦੀ ਸਵਾਲ ਇਹ ਰਹੇਗਾ ਕਿ ਜੇ ਚੋਣ ਪ੍ਰਚਾਰ ਦਾ ਧੁਰਾ ਮੋਦੀ ਨੇ ਹੀ ਬਣਨਾ ਹੈ ਜਿਵੇਂ ਆਸ ਹੈ ਕਿ ਉਹੀ ਬਣਨਗੇ, ਤਾਂ ਫਿਰ ਐੱਨਡੀਏ ਨੂੰ ਸੁਰਜੀਤ ਕਰਨ ਦੀ ਕੀ ਮਜਬੂਰੀ ਹੈ?
*ਲੇਖਕ ਸੀਨੀਅਰ ਪੱਤਰਕਾਰ ਹੈ।

Advertisement
Author Image

Advertisement
Advertisement
×