ਬਦਲੀ ਰੱਦ ਕਰਵਾਉਣ ਲਈ ਸੂਬਾਈ ਰੈਲੀ ਕਰੇਗੀ ਲੋਕ ਸੰਘਰਸ਼ ਕਮੇਟੀ
ਨਿੱਜੀ ਪੱਤਰ ਪ੍ਰੇਰਕ
ਮੋਗਾ, 26 ਜੂਨ
ਸਮਾਜ ਸੇਵੀ ਤੇ ਜੁਝਾਰੂ ਮੁਲਾਜ਼ਮ ਆਗੂ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਕਥਿਤ ਸਿਆਸੀ ਦਬਾਅ ਹੇਠ ਕੀਤੀ ਗਈ ਬਦਲੀ ਰੁਕਵਾਉਣ ਲਈ ਗਠਿਤ ਕੀਤੀ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਵੱਲੋਂ ਪ੍ਰੈਸ ਕਾਨਫਰੰਸ ਵਿਚ ਸਥਾਨਕ ਸਿਵਲ ਹਸਪਤਾਲ ‘ਚ ਭ੍ਰਿਸ਼ਟਾਚਾਰ ਬਾਰੇ ਅਹਿਮ ਖੁਲਾਸੇ ਕੀਤੇ ਗਏ। ਹੈਲਥ ਸੁਪਰਵਾਈਜ਼ਰ ਅਤੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਲਗਾਏ ਗਏ ਦੋਸ਼ਾਂ ਬਾਅਦ ਵਿਧਾਇਕ ਦੀ ਗੱਡੀ ਚਲਾ ਰਹੇ ਸਰਕਾਰੀ ਡਰਾਈਵਰ ਨੂੰ ਉਸੇ ਦਿਨ ਫ਼ਾਰਗ ਕਰਕੇ ਸਿਵਲ ਹਸਪਤਾਲ ਵਾਪਸ ਭੇਜ ਦਿੱਤਾ ਗਿਆ ਹੈ ਅਤੇ ਏਸੀ ਵੀ ਹਸਪਤਾਲ ਪਹੁੰਚ ਗਿਆ ਹੈ। ਉਨ੍ਹਾਂ ਪਿਛਲੇ ਛੇ ਸਾਲਾਂ ਦੌਰਾਨ ਵੱਡੀ ਪੱਧਰ ‘ਤੇ ਹੋਏ ਭ੍ਰਿਸ਼ਟਾਚਾਰ ਨੂੰ ਫਾਈਲਾਂ ਵਿੱਚ ਦਬਾਇਆ ਗਿਆ ਹੈ। ਇਸ ਲਈ ਸਾਰੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਲਈ ਵਿਜੀਲੈਂਸ ਜਾਂਚ ਹੋਣੀ ਜ਼ਰੂਰੀ ਹੈ। ਦੂਜੇ ਪਾਸੇ ਵਿਧਾਇਕਾ ਅਮਨਦੀਪ ਅਰੋੜਾ ਵੱਲੋਂ ਉਕਤ ਦੋਸ਼ਾਂ ਨੂੰ ਨਕਾਰਿਆ ਜਾ ਚੁੱਕਾ ਹੈ।
ਇਸ ਮੌਕੇ ਸੰਘਰਸ਼ ਕਮੇਟੀ ਕਨਵੀਨਰ ਕਰਮਜੀਤ ਸਿੰਘ ਮਾਣੂਕੇ ਅਤੇ ਡਾ. ਇੰਦਰਵੀਰ ਸਿੰਘ ਗਿੱਲ ਨੇ ਕਿਹਾ ਕਿ ਕਮੇਟੀ ਦਾ ਪਹਿਲਾ ਮਕਸਦ ਮਹਿੰਦਰ ਪਾਲ ਲੂੰਬਾ ਦੀ ਬਦਲੀ ਰੱਦ ਕਰਵਾਉਣਾ ਹੈ ਅਤੇ ਦੂਸਰਾ ਮਨੋਰਥ ਸਿਹਤ ਵਿਭਾਗ ਵਿਚ ਫ਼ੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾ ਕੇ ਸਿਹਤ ਸਹੂਲਤਾਂ ਦੇ ਮਿਆਰ ਵਿੱਚ ਵਾਧਾ ਕਰਨਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸ੍ਰੀ ਲੂੰਬਾ ਦੀ ਬਦਲੀ ਤੁਰੰਤ ਰੱਦ ਨਾ ਕੀਤੀ ਗਈ ਤਾਂ 3 ਜੁਲਾਈ ਨੂੰ ਨੇਚਰ ਪਾਰਕ ਵਿੱਚ ਪੰਜਾਬ ਭਰ ਤੋਂ ਲੋਕਾਂ ਦਾ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਵਿਧਾਇਕਾ ਦੇ ਘਰ ਵੱਲ ਮਾਰਚ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਸਿਵਲ ਸਰਜਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਅਗਸਤ 2022 ਵਿੱਚ ਹਸਪਤਲ ਲਈ ਖਰੀਦ ਕੀਤੇ ਚਾਰ ਏਸੀ ਅਤੇ ਦੋ ਫਰਿੱਜਾਂ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ।