For the best experience, open
https://m.punjabitribuneonline.com
on your mobile browser.
Advertisement

ਪਿੰਡ ਖਿਆਲੀ ਤੇ ਬਾਹੋ ਸਿਵੀਆਂ ਦੇ ਲੋਕਾਂ ਨੇ ਦਿਖਾਈ ਭਾਈਚਾਰਕ ਸਾਂਝ

11:01 AM Jun 02, 2024 IST
ਪਿੰਡ ਖਿਆਲੀ ਤੇ ਬਾਹੋ ਸਿਵੀਆਂ ਦੇ ਲੋਕਾਂ ਨੇ ਦਿਖਾਈ ਭਾਈਚਾਰਕ ਸਾਂਝ
ਬਾਹੋ ਸਿਵੀਆਂ ਵਿੱਚ ਸਾਂਝੇ ਪੋਲਿੰਗ ਬੂਥ ’ਤੇ ਮੌਜੂਦ ਵੱਖ-ਵੱਖ ਪਾਰਟੀਆਂ ਦੇ ਵਰਕਰ।
Advertisement

ਨਵਕਿਰਨ ਸਿੰਘ
ਮਹਿਲ ਕਲਾਂ, 1 ਜੂਨ
ਪਿੰਡ ਖਿਆਲੀ ਵਾਸੀਆਂ ਨੇ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਪੈਦਾ ਕਰਦਿਆਂ ਅੱਜ ਲੋਕ ਸਭਾ ਚੋਣ ਦੌਰਾਨ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਪੋਲਿੰਗ ਬੂਥ ਨਹੀਂ ਲਾਇਆ ਗਿਆ ਹੈ। ਸਰਪੰਚ ਗਮਦੂਰ ਸਿੰਘ, ਮਨਦੀਪ ਸ਼ਰਮਾ, ਕੁਲਵੰਤ ਸਿੰਘ ਤੇ ਕਬੱਡੀ ਕੁਮੈਂਟੇਟਰ ਲੱਖਾ ਸਿੰਘ ਖ਼ਿਆਲੀ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਇਕੱਠ ਕਰਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਸੀ ਕਿ ਪੋਲਿੰਗ ਸਟੇਸ਼ਨ ਦੇ ਨੇੜੇ ਕਿਸੇ ਵੀ ਸਿਅਸੀ ਪਾਰਟੀ ਦਾ ਪੋਲਿੰਗ ਬੂਥ ਨਹੀਂ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੂਥ ਲੈਵਲ ਅਫ਼ਸਰਾਂ (ਬੀਐੱਲਓ) ਵੱਲੋਂ ਘਰ-ਘਰ ਜਾ ਕੇ ਵੋਟ ਪਰਚੀਆਂ ਵੰਡ ਦਿੱਤੀਆਂ ਸਨ। ਇਸ ਲਈ ਵੋਟਰ ਆਪਣੇ ਘਰਾਂ ਤੋਂ ਸਿੱਧੇ ਪੋਲਿੰਗ ਸਟੇਸ਼ਨ ’ਤੇ ਵੋਟ ਪਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ’ਚ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਹੀ ਇਹ ਫੈਸਲਾ ਲਿਆ ਗਿਆ ਹੈ ਕਿਉਂਕਿ ਕਈ ਵਾਰ ਪੋਲਿੰਗ ਬੂਥਾਂ ਕਾਰਨ ਮਾਹੌਲ ਤਣਾਅਪੂਰਨ ਬਣ ਜਾਂਦਾ ਹੈ। ਮਹਿਲ ਕਲਾਂ ਖੇਤਰ ਦੇ ਪਿੰਡਾਂ ਵਿੱਚ ਅੱਜ ਮਹੌਲ ਸ਼ਾਂਤੀ ਪੂਰਨ ਰਿਹਾ।

Advertisement

ਪਿੰਡ ਖਿਆਲੀ ਦੇ ਪੋਲਿੰਗ ਬੂਥ ਦੇ ਬਾਹਰ ਪੱਸਰੀ ਸੁੰਨ। -ਫੋਟੋਆਂ: ਪੰਜਾਬੀ ਟ੍ਰਿਬਿਊਨ

ਸੰਗਤ ਮੰਡੀ (ਧਰਮਪਾਲ ਸਿੰਘ ਤੂਰ): ਬਠਿੰਡਾ ਦਿਹਾਤੀ ਦੇ ਪਿੰਡ ਬਾਹੋ ਸਿਵੀਆਂ ਵਿਚ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਵੱਲੋਂ ਪੋਲਿੰਗ ਸਟੇਸ਼ਨ ਦੇ ਬਾਹਰ ਸਾਂਝਾ ਪੋਲਿੰਗ ਬੂਥ ਲਾਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ। ਪੋਲਿੰਗ ਬੂਥ ’ਤੇ ਮੌਜੂਦ ਕਾਂਗਰਸੀ ਆਗੂ ਅਮਨਦੀਪ ਸਿੰਘ, ਅਕਾਲੀ ਆਗੂ ਅੰਗਰੇਜ਼ ਸਿੰਘ ਅਤੇ ਆਪ ਆਗੂ ਗਮਦੂਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਵੋਟਾਂ ਮੌਕੇ ਤਕਰਾਰਬਾਜ਼ੀ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਠਾ ਪੋਲਿੰਗ ਬੂਥ ਲਾਇਆ ਗਿਆ ਹੈ। ਅਕਸਰ ਵੋਟਾਂ ਵੇਲੇ ਲੋਕਾਂ ਵਿੱਚ ਤਣਾਅ ਭਰਿਆ ਮਹੌਲ ਬਣ ਜਾਂਦਾ ਹੈ ਜਿਸ ਨੂੰ ਭਾਈਚਾਰਕ ਸਾਂਝ ਵਿੱਚ ਬਦਲਣ ਲਈ ਉਨ੍ਹਾਂ ਵੱਲੋਂ ਸਾਂਝਾ ਬੂਥ ਲਾ ਕੇ ਨਵੀਂ ਪਿਰਤ ਪਾਈ ਹੈ। ਉਨ੍ਹਾਂ ਬਾਕੀ ਪਿੰਡਾਂ ਦੇ ਲੋਕਾਂ ਨੂੰ ਵੀ ਕਿਸੇ ਪਿੱਛੇ ਲੜਨ ਦੀ ਥਾਂ ਇਕੱਠੇ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਸੁਖਪਾਲ ਸਿੰਘ, ਗੁਰਨਾਮ ਸਿੰਘ, ਸੁਖਮੰਦਰ ਸਿੰਘ, ਕੁਲਦੀਪ ਸਿੰਘ, ਕਾਕਾ ਸਿੰਘ ਅਤੇ ਸਾਧੂ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।

Advertisement

ਜੇਠੂਕੇ ਵਾਸੀਆਂ ਨੇ ਪੋਲਿੰਗ ਬੂਥ ਦੀ ਥਾਂ ਲਾਈ ਛਬੀਲ

ਚਾਉਕੇ (ਰਮਨਦੀਪ ਸਿੰਘ): ਲੋਕ ਸਭਾ ਚੋਣਾਂ ਦੌਰਾਨ ਪਿੰਡ ਜੇਠੂਕੇ ਵਾਸੀਆਂ ਨੇ ਪਿੰਡ ਵਿੱਚ ਪੋਲਿੰਗ ਬੂਥ ਦੀ ਥਾਂ ਠੰਢੇ ਮਿੱਠੇ ਪਾਣੀ ਦੀ ਛਬੀਲ ਲਾਕੇ ਪਿੰਡ ਦੇ ਏਕੇ ਵਿੱਚ ਮਿਠਾਸ ਘੋਲ ਦਿੱਤੀ ਹੈ। ਪਿੰਡ ਦੇ ਪੜ੍ਹੇ ਲਿਖੇ ਨੈਸ਼ਨਲ ਅਵਾਰਡੀ ਸਰਬਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਚੋਣਾਂ ਤੋਂ ਕੁਝ ਦਿਨ ਪਹਿਲਾਂ ਪਿੰਡ ਵਿਚ ਇਕੱਠ ਕਰਕੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਸੀ ਕਿ ਪਿੰਡ ਵਿਚ ਕਿਸੇ ਵੀ ਸਿਆਸੀ ਪਾਰਟੀ ਦਾ ਪੋਲਿੰਗ ਬੂਥ ਨਹੀਂ ਲੱਗੇਗਾ ਸਗੋਂ ਇੱਕ ਮਿੱਠੇ ਪਾਣੀ ਦੀ ਛਬੀਲ ਲਗਾਈ ਜਾਵੇਗੀ।

Advertisement
Author Image

Advertisement