ਪਿੰਡ ਬਾੜੀ ਪੱਤੀ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸੇ
ਪੱਤਰ ਪ੍ਰੇਰਕ
ਮੁਕੇਰੀਆਂ, 17 ਸਤੰਬਰ
ਕੰਢੀ ਖੇਤਰ ਦੇ ਪਿੰਡ ਬਾੜੀ ਪੱਤੀ ਬਲਾਂਬ ਦੇ ਵਸਨੀਕ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਮਸਲਾ ਹੱਲ ਨਾ ਹੋਣ ’ਤੇ ਲੋਕਾਂ ਨੇ ਜਲ ਸਪਲਾਈ ਅਧਿਕਾਰੀਆਂ ਖ਼ਿਲਾਫ਼ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਪਿੰਡ ਵਾਸੀਆਂ ਮੰਗਲ ਸਿੰਘ, ਸੀਮਾ ਦੇਵੀ, ਰਾਣੀ, ਬੱਬਲੀ, ਪ੍ਰਕਾਸ਼ੋ ਦੇਵੀ ਅਤੇ ਫੌਜੀ ਦਰਸ਼ਨ ਸਿੰਘ ਆਦਿ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਇਹ ਕਈ ਵਾਰ ਮਾਮਲਾ ਵਿਭਾਗੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ, ਪਰ ਕੋਈ ਵੀ ਅਧਿਕਾਰੀ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ ਕਰ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਦੂਰ ਦੁਰੇਡਿਓਂ ਪਾਣੀ ਲਿਆ ਕੇ ਗੁਜ਼ਾਰਾ ਕਰਨਾ ਪੈਂਦਾ ਹੈ। ਲੋਕਾਂ ਅਨੁਸਾਰ ਇੱਕ ਜਲ ਸਪਲਾਈ ਸਕੀਮ ਤੋਂ ਕਰੀਬ 5 ਪਿੰਡਾਂ ਨੂੰ ਪਾਣੀ ਸਪਲਾਈ ਹੁੰਦਾ ਹੈ ਅਤੇ ਕਈ ਵਾਰ ਇਸ ਕੰਮ ਵਿੱਚ ਲੱਗੇ ਮੁਲਾਜ਼ਮ ਪੱਖਪਾਤੀ ਤਰੀਕੇ ਨਾਲ ਪਾਣੀ ਦੇ ਵਾਲਬ ਖੋਲ੍ਹ ਦੇ ਹਨ, ਜਿਸ ਕਾਰਨ ਉਹ ਕਈ ਕਈ ਦਿਨ ਪਾਣੀ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੰਢੀ ਵਿੱਚ ਪੀਣ ਵਾਲਾ ਪਾਣੀ ਜਲ ਸਪਲਾਈ ਸਕੀਮਾਂ ਤੋਂ ਬਿਨਾਂ ਸੰਭਵ ਹੀ ਨਹੀਂ ਹੈ ਅਤੇ ਨਾ ਹੀ ਕੋਈ ਲੱਖਾਂ ਰੁਪਏ ਖਰਚ ਕੇ ਆਪਣੇ ਨਿੱਜੀ ਬੋਰ ਕਰਵਾ ਸਕਦੇ ਹਨ। ਜਲ ਸਪਲਾਈ ਵਿਭਾਗ ਜੇਈ ਤਰੁਣ ਕੁਮਾਰ ਨੇ ਕਿਹਾ ਕਿ ਪੰਪ ਅਪਰੇਟਰ ਦੀ ਕਾਰਗੁਜ਼ਾਰੀ ਬਾਰੇ ਮਾਮਲਾ ਵਿਭਾਗੀ ਐੱਸਡੀਓ ਦੇ ਧਿਆਨ ਵਿੱਚ ਵੀ ਮਾਮਲਾ ਲਿਆ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਉਹ ਛੁੱਟੀ ’ਤੇ ਹਨ ਅਤੇ ਆ ਕੇ ਸਾਰੇ ਮਾਮਲੇ ਦੀ ਜਾਂਚ ਕਰਕੇ ਲੋਕਾਂ ਨੂੰ ਯੋਗ ਸਮੇਂ ’ਤੇ ਪਾਣੀ ਮੁਹੱਈਆ ਕਰਾਉਣ ਲਈ ਯਤਨ ਕਰਨਗੇ। ਅਪਰੇਟਰ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਸ਼ਿਕਾਇਤ ਕਰਤਾਵਾਂ ਦੇ ਘਰ ਉੱਚੀ ਜਗ੍ਹਾ ’ਤੇ ਹੋਣ ਕਾਰਨ ਕਈ ਵਾਰ ਅਜਿਹੀ ਸਮੱਸਿਆ ਆਉਂਦੀ ਹੈ।