ਭਾਖੜਾ ਨਹਿਰ ਦਾ ਪੁਲ ਚਾਲੂ ਕਰਵਾਉਣ ਲਈ ਪਿੰਡਾਂ ਦੇ ਲੋਕਾਂ ਨੇ ਧਰਨਾ ਲਾਇਆ
ਪੱਤਰ ਪ੍ਰੇਰਕ
ਸਮਾਣਾ, 22 ਅਗਸਤ
ਪਿਛਲੇ ਕਾਫੀ ਸਮੇਂ ਤੋਂ ਭਾਖੜਾ ਮੇਨ ਲਾਈਨ ਅਤੇ ਪਿੰਡ ਢੈਂਠਲ ਨੇੜੇ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰੇ ਨਹਿਰ ਦੇ ਪੁਲ ਨੂੰ ਚਾਲੂ ਨਾ ਕਰਨ ਦੇ ਰੋਸ ਵਜੋਂ ਅੱਜ ਨੇੜਲੇ ਕਈ ਪਿੰਡਾਂ ਦੇ ਲੋਕਾਂ ਨੇ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਸਮਾਣਾ-ਪਟਿਆਲਾ ਸੜਕ ’ਤੇ ਧਰਨਾ ਲਗਾ ਕੇ ਟਰੈਫਿਕ ਜਾਮ ਕਰ ਦਿੱਤਾ। ਟਰੈਫਿਕ ਜਾਮ ਕਰਨ ਨਾਲ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਸਵਾਰੀਆਂ ਨੂੰ ਗਰਮੀ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਥਾਣਾ ਸਦਰ ਦੇ ਮੁਖੀ ਨੇ ਜੰਗਲਾਤ ਵਿਭਾਗ ਦੇ ਵਣ ਰੇਂਜ ਅਫਸਰ ਨਾਲ ਮਿਲ ਕੇ ਜਲਦੀ ਕੰਮ ਕਰਵਾਉਣ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ। ਧਰਨਾਕਾਰੀਆਂ ਨੇ ਦੱਸਿਆ ਕਿ ਸਾਲ ਤੋਂ ਵੱਧ ਸਮਾਂ ਪੁਲ ਬੰਦ ਹੋਣ ਕਰ ਕੇ ਕਰੀਬ 25 ਪਿੰਡਾਂ ਦਾ ਸੰਪਰਕ ਆਪਸ ਵਿੱਚ ਕੱਟਿਆ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ 7 ਅਗਸਤ ਨੂੰ ਪੁਲ ਚਾਲੂ ਕਰਨ ਲਈ ਐੱਸਡੀਐੱਮ ਸਮਾਣਾ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜ ਚੁੱਕੇ ਹਨ। ਉੱਧਰ, ਜੰਗਲਾਤ ਵਿਭਾਗ ਦੇ ਵਣ ਰੇਂਜ ਅਫਸਰ ਮਨਦੀਪ ਸਿੰਘ ਢਿੱਲੋਂ ਨੇ ਦਰਖੱਤ ਕੱਟਣ ਦੀ ਮਨਜ਼ੂਰੀ ਲਈ ਫਾਈਲ ਭਾਰਤ ਸਰਕਾਰ ਨੂੰ ਭੇਜੀ ਹੋਣ ਦੀ ਗੱਲ ਆਖੀ ਤੇ ਭਰੋਸਾ ਦਿੱਤਾ ਕਿ ਅਗਲੀ ਮੀਟਿੰਗ ਵਿੱਚ ਕੌਮੀ ਗਰੀਨ ਟ੍ਰਿਬਿਊਨਲ ਤੋਂ ਮਨਜ਼ੂਰੀ ਲੈ ਕੇ ਕੰਮ ਕੀਤਾ ਜਾਵੇਗਾ।