For the best experience, open
https://m.punjabitribuneonline.com
on your mobile browser.
Advertisement

ਉਝ ਦਰਿਆ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਹੜ੍ਹ ਦਾ ਸਹਿਮ

06:47 AM Jul 26, 2024 IST
ਉਝ ਦਰਿਆ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਹੜ੍ਹ ਦਾ ਸਹਿਮ
ਉਝ ਦਰਿਆ ਵਾਲੇ ਪੁਲ ਦਾ ਕਿਨਾਰਾ ਦਿਖਾਉਂਦਾ ਹੋਇਆ ਹਜ਼ਾਰੀ ਲਾਲ, ਜਿਥੇ ਕਰੇਟ ਨਾ ਬੰਨ੍ਹੇ ਜਾਣ ਕਾਰਨ ਹੜ੍ਹ ਦਾ ਪਾਣੀ ਬਮਿਆਲ ਕਸਬੇ ਅੰਦਰ ਵੜ ਸਕਦਾ ਹੈ।
Advertisement

ਐਨਪੀ. ਧਵਨ
ਪਠਾਨਕੋਟ, 25 ਜੁਲਾਈ
ਮੌਨਸੂਨ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪਰ ਡਰੇਨੇਜ ਵਿਭਾਗ ਵੱਲੋਂ ਸਰਹੱਦੀ ਖੇਤਰ ਅੰਦਰ ਪੈਂਦੇ ਉਝ ਦਰਿਆ ਤੇ ਸਪਰ ਅਤੇ ਪੱਥਰਾਂ ਦੇ ਕਰੇਟ ਨਾ ਬੰਨ੍ਹਣ ਕਾਰਨ ਕਈ ਪਿੰਡਾਂ ਦੇ ਲੋਕਾਂ ਅੰਦਰ ਹੜ੍ਹ ਦੇ ਖਤਰੇ ਨੂੰ ਲੈ ਕੇ ਡਰ ਸਤਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਆਏ ਹੜ੍ਹਾਂ ਵਿੱਚ ਦਰਿਆ ਦੇ ਪਾਣੀ ਨਾਲ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਸੀ। ਇਸ ਦਾ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਅਤੇ ਨਾ ਹੀ ਵਿਭਾਗ ਨੇ ਬੀਤੇ ਤੋਂ ਕੋਈ ਸਬਕ ਲੈ ਕੇ ਉਨ੍ਹਾਂ ਦੇ ਬਚਾਅ ਲਈ ਕੋਈ ਕਾਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਸ ਹਲਕੇ ਦੇ ਮੰਤਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਮਿਆਲ ਦੇ ਸਰਹੱਦੀ ਖੇਤਰ ਦਾ ਦੌਰਾ ਕਰਕੇ ਦਾਅਵਾ ਕੀਤਾ ਸੀ ਕਿ ਪ੍ਰਸ਼ਾਸਨ ਨੇ ਹੜ੍ਹਾਂ ਤੋਂ ਬਚਾਅ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਹਨ।
ਪੱਤਰਕਾਰ ਵੱਲੋਂ ਬਮਿਆਲ ਵਿਖੇ ਉਝ ਦਰਿਆ ’ਤੇ ਬਣੇ ਪੁਲ ਦਾ ਜਦ ਦੌਰਾ ਕੀਤਾ ਗਿਆ ਤਾਂ ਲੋਕਾਂ ਨੇ ਦੱਸਿਆ ਕਿ ਪੁਲ ਬਹੁਤ ਨੀਵਾਂ ਬਣਿਆ ਹੋਇਆ ਹੈ। ਜਦ ਵੀ ਦਰਿਆ ਵਿੱਚ ਹੜ੍ਹ ਆਉਂਦਾ ਹੈ ਤਾਂ ਪਾਣੀ ਪੁਲ ਦੇ ਨਾਲ ਟਕਰਾ ਕੇ ਬੈਕ ਮਾਰਦਾ ਹੈ ਅਤੇ ਫਿਰ ਇਹ ਪਾਣੀ ਪੁਲ ਦੇ ਮੂਹਰੇ ਦਰਿਆ ਦੇ ਦੋਨੋਂ ਕਿਨਾਰਿਆਂ ਨੂੰ ਖੋਰਾ ਲਗਾਉਂਦਾ ਹੈ। ਪਿਛਲੇ ਸਾਲ ਵੀ 19 ਜੁਲਾਈ ਨੂੰ ਤੜਕੇ 4 ਵਜੇ 2.50 ਲੱਖ ਕਿਊਸਿਕ ਪਾਣੀ ਜਦ ਆਇਆ ਤਾਂ ਇਹ ਸਾਰਾ ਪਾਣੀ ਭੂਮੀ ਕਟਾਵ ਕਰਦਾ ਹੋਇਆ ਬਮਿਆਲ ਦੇ ਚਾਂਦਨੀ ਚੌਕ ਬਾਜ਼ਾਰ ਵਿੱਚ ਜਾ ਵੜਿਆ। ਦੂਜੇ ਕਿਨਾਰੇ ਤੋਂ ਪਾਣੀ ਮਾਰ ਕਰਦਾ ਹੋਇਆ ਸਰੋਟਾ, ਸਿੰਬਲ ਕੁੱਲੀਆਂ ਤੇ ਬੀਐਸਐਫ ਦੀ ਬਮਿਆਲ ਫਾਰਵਰਡ ਪੋਸਟ ਕੋਲ ਪੈਂਦੀ 250 ਕਿੱਲੇ ਜ਼ਮੀਨ ਵਿੱਚ ਪਾਣੀ ਖੜ੍ਹੀ ਫਸਲ ਵਿੱਚ ਜਾ ਵੜਿਆ ਅਤੇ ਝੋਨੇ ਦੀ ਖੜ੍ਹੀ ਫਸਲ ਮਿੱਟੀ ਹੇਠਾਂ ਦੱਬ ਗਈ। ਲੋਕਾਂ ਦਾ ਕਹਿਣਾ ਸੀ ਕਿ ਦਰਿਆ ਦੇ ਕਿਨਾਰਿਆਂ ਨੂੰ ਤਾਂ ਇਸ ਵਾਰ ਵੀ ਮਜ਼ਬੂਤ ਨਹੀਂ ਕੀਤਾ ਗਿਆ ਭਾਵ ਕੋਈ ਸਪਰ ਵਗੈਰਾ ਨਹੀਂ ਬੰਨ੍ਹਿਆ ਗਿਆ। ਜੇ ਇਸ ਵਾਰ ਵੀ ਉਸੇ ਮਾਤਰਾ ਵਿੱਚ ਹੜ੍ਹ ਦਾ ਪਾਣੀ ਆ ਗਿਆ ਤਾਂ ਫਿਰ ਉਨ੍ਹਾਂ ਨੂੰ ਕੋਈ ਵੀ ਨਹੀਂ ਬਚਾ ਸਕੇਗਾ। ਇਹ ਸਾਰੀ ਚਿੰਤਾ ਕਿਸਾਨ ਮਹਿੰਦਰ ਸਿੰਘ, ਹਜ਼ਾਰੀ ਲਾਲ, ਦਨਵਾਲ ਦੇ ਸਰਪੰਚ ਬਲਵੀਰ ਸਿੰਘ, ਰਣਜੀਤ ਸਿੰਘ, ਅਸ਼ਵਨੀ ਕੁਮਾਰ, ਦਿਲਾਵਰ ਕੁਮਾਰ ਨੇ ਪ੍ਰਗਟ ਕੀਤੀ।
ਇਸੇ ਤਰ੍ਹਾਂ ਪਹਾੜੀਪੁਰ ਵਿਖੇ ਬੀਐੱਸਐੱਫ ਦੀ ਪੋਸਟ ਨੂੰ ਬਚਾਉਣ ਲਈ ਜੋ ਕਰੇਟ ਬੰਨ੍ਹੇ ਜਾ ਰਹੇ ਹਨ, ਉਹ ਕੰਮ ਬਹੁਤ ਲੇਟ ਸ਼ੁਰੂ ਕੀਤਾ ਗਿਆ। ਉਥੇ ਕੌਮਾਂਤਰੀ ਸਰਹੱਦ ਦੀ ਜੋ ਕੰਡਿਆਲੀ ਤਾਰ ਪੈਂਦੀ ਹੈ, ਨੂੰ ਬਚਾਉਣ ਲਈ ਸ਼ੁਰੂ ਕੀਤੇ ਗਏ ਕੰਮ ਨੂੰ ਮੁਕੰਮਲ ਕਰਨ ਵਿੱਚ ਅਜੇ 20 ਦਿਨ ਹੋਰ ਲੱਗ ਜਾਣਗੇ। ਜਦਕਿ ਵਿਭਾਗੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਲੋਕ ਸਭਾ ਚੋਣਾਂ ਦਾ ਚੋਣ ਜ਼ਾਬਤਾ ਲੱਗੇ ਹੋਣ ਕਾਰਨ ਕੰਮ ਪਹਿਲਾਂ ਸ਼ੁਰੂ ਨਹੀਂ ਹੋ ਸਕਿਆ।

Advertisement
Advertisement
Author Image

sukhwinder singh

View all posts

Advertisement