For the best experience, open
https://m.punjabitribuneonline.com
on your mobile browser.
Advertisement

ਚੀਨ ਵੱਲੋਂ ਲੱਦਾਖ ਦੀ ਜ਼ਮੀਨ ’ਤੇ ਕਬਜ਼ੇ ਕਾਰਨ ਸੂਬੇ ਦੇ ਲੋਕ ਚਿੰਤਤ: ਰਾਹੁਲ

07:12 AM Aug 21, 2023 IST
ਚੀਨ ਵੱਲੋਂ ਲੱਦਾਖ ਦੀ ਜ਼ਮੀਨ ’ਤੇ ਕਬਜ਼ੇ ਕਾਰਨ ਸੂਬੇ ਦੇ ਲੋਕ ਚਿੰਤਤ  ਰਾਹੁਲ
ਪੈਂਗੌਂਗ ਝੀਲ ਨੇੜੇ ਹੋਏ ਸਮਾਗਮ ਦੌਰਾਨ ਪਿਤਾ ਰਾਜੀਵ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆਈ
Advertisement

ਲੇਹ, 20 ਅਗਸਤ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਹਿਣਾ ਕਿ ਲੱਦਾਖ ਦੀ ਇਕ ਇੰਚ ਜ਼ਮੀਨ ਉਤੇ ਵੀ ਚੀਨ ਨੇ ਕਬਜ਼ਾ ਨਹੀਂ ਕੀਤਾ ਹੈ, ਸੱਚ ਨਹੀਂ ਹੈ। ਲੱਦਾਖ ਦੇ ਦੌਰੇ ਉਤੇ ਆਏ ਰਾਹੁਲ ਗਾਂਧੀ ਨੇ ਆਪਣੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਜੈਯੰਤੀ ਉਤੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਕਿਹਾ, ‘ਲੱਦਾਖ ਦੇ ਲੋਕ ਚੀਨੀ ਸੈਨਾ ਵੱਲੋਂ ਕਬਜ਼ੇ ਵਿਚ ਲਈ ਗਈ ਆਪਣੀ ਚਰਾਂਦ ਜ਼ਮੀਨ ਬਾਰੇ ਚਿੰਤਤ ਹਨ।’ ਗਾਂਧੀ ਨੇ ਮੀਡੀਆ ਨੂੰ ਕਿਹਾ, ‘ਸਾਰੇ ਲੋਕਾਂ (ਲੱਦਾਖ ਵਿਚ) ਦਾ ਕਹਿਣਾ ਹੈ ਕਿ ਚੀਨੀ ਸੈਨਾ ਨੇ ਘੁਸਪੈਠ ਕੀਤੀ ਹੈ ਤੇ ਸਾਡੀ ਚਰਾਂਦ ਭੂਮੀ ਉਤੇ ਕਬਜ਼ਾ ਕਰ ਲਿਆ ਹੈ ਤੇ ਉਹ ਹੁਣ ਉੱਥੇ ਨਹੀਂ ਜਾ ਸਕਦੇ। ਉਹ ਇਹ ਸਪੱਸ਼ਟ ਰੂਪ ਵਿਚ ਕਹਿ ਰਹੇ ਹਨ, ਜਦਕਿ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਇਕ ਇੰਚ ਵੀ ਜ਼ਮੀਨ ਨਹੀਂ ਲਈ ਗਈ, ਜੋ ਸੱਚ ਨਹੀਂ ਹੈ।’ ਕਾਂਗਰਸ ਨੇਤਾ ਨੇ ਕਿਹਾ ਕਿ ਉਹ ਆਪਣੀ ‘ਭਾਰਤ ਜੋੜੋ’ ਯਾਤਰਾ ਦੌਰਾਨ ਲੱਦਾਖ ਜਾਣ ਦੀ ਯੋਜਨਾ ਬਣਾ ਰਹੇ ਸਨ, ਪਰ ਕੁਝ ‘ਕਾਰਨਾਂ ਕਰ ਕੇ’ ਉਨ੍ਹਾਂ ਨੂੰ ਉਹ ਯੋਜਨਾ ਤਿਆਗਣੀ ਪਈ। ਉਨ੍ਹਾਂ ਕਿਹਾ, ‘ਮੈਂ ਉਦੋਂ ਸੋਚਿਆ ਕਿ ਮੈਨੂੰ ਆ ਕੇ ਲੱਦਾਖ ਦਾ ਵਿਸਤ੍ਰਿਤ ਦੌਰਾ ਕਰਨਾ ਚਾਹੀਦਾ ਹੈ। ਮੈਂ ਪੈਂਗੌਂਗ ਆਇਆ ਤੇ ਨੁਬਰਾ ਅਤੇ ਕਾਰਗਿਲ ਦਾ ਵੀ ਦੌਰਾ ਕਰਨ ਜਾ ਰਿਹਾ ਹਾਂ। ਵਿਚਾਰ ਇਹ ਹੈ ਕਿ ਲੋਕਾਂ ਦਾ ਕੀ ਕਹਿਣਾ ਹੈ ਤੇ ਉਨ੍ਹਾਂ ਦੀਆਂ ਚਿੰਤਾਵਾਂ ਕੀ ਹਨ, ਇਹ ਸੁਣਨਾ ਹੈ।’ ਰਾਹੁਲ ਗਾਂਧੀ ਨੇ ਕਿਹਾ, ‘ਇਹ ਚਿੰਤਾ ਉਸ (ਚਰਾਗਾਹ) ਭੂਮੀ ਦੀ ਹੈ, ਜਿਸ ਉਤੇ ਚੀਨ ਨੇ ਕਬਜ਼ਾ ਕੀਤਾ ਹੈ। ਲੋਕ ਵੱਡੇ ਪੈਮਾਨੇ ਉਤੇ ਪ੍ਰਭਾਵਿਤ ਹੋਏ ਹਨ ਕਿਉਂਕਿ ਉਨ੍ਹਾਂ ਦੀ ਚਰਾਗਾਹ ਜ਼ਮੀਨ ਉਤੇ ਕਬਜ਼ਾ ਕਰ ਲਿਆ ਗਿਆ ਹੈ। ਲੋਕਾਂ ਦੀ ਇਕ ਹੋਰ ਵੱਡੀ ਚਿੰਤਾ ਮੋਬਾਈਲ ਸੰਪਰਕ ਦੀ ਕਮੀ ਹੈ। ਗਾਂਧੀ ਨੇ ਕਿਹਾ ਕਿ ਖੇਤਰ ਵਿਚ ਕਿਸੇ ਕੋਲੋਂ ਵੀ ਪੁੱਛ ਲਓ, ਉਹ ਤੁਹਾਨੂੰ ਦੱਸਣਗੇ ਕਿ ਚਰਾਗਾਹ ਭੂਮੀ ਉਤੇ ‘ਚੀਨੀ ਸੈਨਾ ਨੇ ਕਬਜ਼ਾ ਕਰ ਲਿਆ ਹੈ।’ ਜ਼ਿਕਰਯੋਗ ਹੈ ਕਿ ਕਾਂਗਰਸ ਚੀਨ ਦੇ ਨਾਲ ਲੱਗਦੀ ਸਰਹੱਦ ਦੀ ਸਥਿਤੀ ਬਾਰੇ ਸਰਕਾਰ ’ਤੇ ਸਵਾਲ ਉਠਾਉਂਦੀ ਰਹੀ ਹੈ। ਭਾਰਤ ਤੇ ਚੀਨ ਵਿਚਾਲੇ ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪੂਰਬੀ ਲੱਦਾਖ ਵਿਚ ਕੁਝ ਥਾਵਾਂ ’ਤੇ ਟਕਰਾਅ ਬਣਿਆ ਹੋਇਆ ਹੈ।
ਹਾਲਾਂਕਿ ਕਈ ਗੇੜਾਂ ਦੀ ਦੁਵੱਲੀ ਵਾਰਤਾ ਤੋਂ ਬਾਅਦ ਸਰਹੱਦ ਨੇੜਲੀਆਂ ਕੁਝ ਥਾਵਾਂ ਤੋਂ ਫ਼ੌਜ ਵਾਪਸ ਵੀ ਸੱਦੀ ਗਈ ਹੈ। ਪੈਂਗੌਂਗ ਝੀਲ ਖੇਤਰ ਵਿਚ ਵੀ ਦੋਵਾਂ ਧਿਰਾਂ ਵਿਚਾਲੇ ਹਿੰਸਕ ਝੜਪ ਹੋ ਚੁੱਕੀ ਹੈ। -ਪੀਟੀਆਈ

Advertisement

ਰਾਹੁਲ ਨੇ ਪੈਂਗੌਂਗ ਝੀਲ ਕਿਨਾਰੇ ਮਨਾਈ ਪਿਤਾ ਰਾਜੀਵ ਗਾਂਧੀ ਦੀ ਜੈਅੰਤੀ

ਪੈਂਗੌਂਗ ਝੀਲ ਨੇੜੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਮਿਤ ਸ਼ਰਧਾਂਜਲੀ ਸਮਾਗਮ ’ਚ ਸ਼ਾਮਲ ਹੁੰਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆਈ

ਰਾਹੁਲ ਗਾਂਧੀ ਸ਼ਨਿਚਰਵਾਰ ਨੂੰ ਆਪਣੇ ਕਈ ਸਾਥੀਆਂ ਨਾਲ ਮੋਟਰਸਾਈਕਲ ਉਤੇ ਲੇਹ ਤੋਂ ਪੈਂਗੌਂਗ ਤੱਕ ਆਏ ਸਨ। ਅੱਜ ਸਵੇਰੇ ਉਨ੍ਹਾਂ ਝੀਲ ਕਿਨਾਰੇ ਆਪਣੇ ਪਿਤਾ ਦੀ ਜੈਅੰਤੀ (ਜਨਮ ਦਿਨ) ਮਨਾਈ। ਲੇਹ ਵਿਚ ਕਾਂਗਰਸ ਦੇ ਬੁਲਾਰੇ ਸੇਰਿੰਗ ਨਮਗਿਆਲ ਨੇ ਦੱਸਿਆ ਕਿ ਜੰਮੂ ਕਸ਼ਮੀਰ ਤੇ ਲੱਦਾਖ ਦੀ ਕਾਂਗਰਸ ਇੰਚਾਰਜ ਰਜਨੀ ਪਟੇਲ, ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਕਾਰ ਰਸੂਲ ਵਾਨੀ ਤੇ ਸਾਬਕਾ ਮੰਤਰੀ ਨਵਾਂਗ ਰਿਗਜਿਨ ਜੋਰਾ ਵੀ ਰਾਜੀਵ ਗਾਂਧੀ ਦੇ ਸ਼ਰਧਾਂਜਲੀ ਸਮਾਗਮ ਵਿਚ ਹਾਜ਼ਰ ਹੋਏ। ਰਾਹੁਲ ਗਾਂਧੀ ਮਗਰੋਂ ਪਾਰਟੀ ਦੇ ਕਈ ਸਹਿਯੋਗੀਆਂ ਦੇ ਨਾਲ ਨੁਬਰਾ ਘਾਟੀ ਲਈ ਰਵਾਨਾ ਹੋ ਗਏ, ਜਿੱਥੇ ਉਹ ਲੇਹ ਪਰਤਣ ਤੋਂ ਪਹਿਲਾਂ ਰਾਤ ਭਰ ਰੁਕਣਗੇ। ਰਾਹੁਲ ਭਲਕੇ ਜਾਂ ਮੰਗਲਵਾਰ ਨੂੰ ਕਾਰਗਿਲ ਜਾ ਸਕਦੇ ਹਨ।

Advertisement

‘ਚੀਨ ਦੀ ਪ੍ਰਾਪੇਗੰਡਾ ਮਸ਼ੀਨਰੀ’ ਵਾਂਗ ਕੰਮ ਕਰ ਰਹੇ ਨੇ ਰਾਹੁਲ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਅੱਜ ਰਾਹੁਲ ਗਾਂਧੀ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਚੀਨ ਨੇ ਲੱਦਾਖ ਵਿਚ ਚਰਾਂਦ ਭੂਮੀ ਉਤੇ ਕਬਜ਼ਾ ਕਰ ਲਿਆ ਹੈ। ਭਾਜਪਾ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਚੀਨ ਦੀ ‘ਪ੍ਰਾਪੇਗੰਡਾ ਮਸ਼ੀਨਰੀ’ ਵਾਂਗ ਬਿਆਨ ਦੇ ਕੇ ਭਾਰਤ ਦਾ ਅਪਮਾਨ ਕਰ ਰਹੇ ਹਨ। ਸੀਨੀਅਰ ਭਾਜਪਾ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਗਾਂਧੀ ਦੇ ਦਾਅਵਿਆਂ ਨੂੰ ‘ਬਿਲਕੁਲ ਗਲਤ’ ਦੱਸਦਿਆਂ ਖਾਰਜ ਕਰ ਦਿੱਤਾ ਤੇ ਕਿਹਾ ਕਿ ਭਾਰਤੀ ਸੈਨਿਕਾਂ ਦੀ ਬਹਾਦਰੀ ਤੇ ਬਲੀਦਾਨ ਕਾਰਨ ਚੀਨ ਨੂੰ ਗਲਵਾਨ ਵਿਚੋਂ ਪਿੱਛੇ ਹਟਣਾ ਪਿਆ ਹੈ। ਰਾਹੁਲ ਦੇ ਦਾਅਵਿਆਂ ਉਤੇ ਨਿਸ਼ਾਨਾ ਸੇਧਦਿਆਂ ਪ੍ਰਸਾਦ ਨੇ ਕਿਹਾ ਕਿ ਉਹ ਭਾਜਪਾ ਵੱਲੋਂ ਰਾਹੁਲ ਦੇ ਪੂਰੇ ਬਿਆਨ ਦੀ ਨਿੰਦਾ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਗਾਂਧੀ ਜਦ ਵੀ ਸਰਹੱਦੀ ਖੇਤਰਾਂ ਦਾ ਦੌਰਾ ਕਰਦੇ ਹਨ ਤਾਂ ਕੁਝ ਅਜਿਹਾ ਕਹਿੰਦੇ ਹਨ ਜਿਸ ਨਾਲ ਚੀਨ ਨੂੰ ਭਾਰਤ ਵਿਰੁੱਧ ਕੂੜ ਪ੍ਰਚਾਰ ਦਾ ਮੌਕਾ ਮਿਲਦਾ ਹੈ। ਪ੍ਰਸਾਦ ਨੇ ਕਿਹਾ ਕਿ ਭਾਰਤ-ਵਿਰੋਧੀ ਬਿਆਨ ਦੇਣਾ ਰਾਹੁਲ ਗਾਂਧੀ ਦੀ ਆਦਤ ਹੈ। ਭਾਜਪਾ ਨੇਤਾ ਨੇ ਭਾਰਤ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਉਤੇ ਗਾਂਧੀ ਦੀ ਸਮਝ ਉਤੇ ਵੀ ਸਵਾਲ ਉਠਾਇਆ ਤੇ ਕਾਂਗਰਸ ਆਗੂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਾਲ ਦੇਸ਼ ਦਾ ਹੌਸਲਾ ਪਸਤ ਨਾ ਕਰਨ। -ਪੀਟੀਆਈ

Advertisement
Author Image

sukhwinder singh

View all posts

Advertisement