ਕਾਂਗਰਸ ਸਰਕਾਰ ਤੋਂ ਤੰਗ ਆ ਚੁੱਕੇ ਨੇ ਤਿਲੰਗਾਨਾ ਦੇ ਲੋਕ: ਮੋਦੀ
ਨਵੀਂ ਦਿੱਲੀ, 28 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਤਿਲੰਗਾਨਾ ਦੇ ਲੋਕ ਉੱਥੋਂ ਦੀ ਕਾਂਗਰਸ ਸਰਕਾਰ ਤੋਂ ਤੰਗ ਆ ਚੁੱਕੇ ਹਨ ਅਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੇ ਕੁਸ਼ਾਸਨ ਦੀਆਂ ਭਿਆਨਕ ਯਾਦਾਂ ਅਜੇ ਵੀ ਉਨ੍ਹਾਂ ਦੇ ਮਨਾਂ ਵਿੱਚ ਤਾਜ਼ਾ ਹਨ, ਇਸ ਲਈ ਉਹ ਭਾਜਪਾ ਵੱਲ ਵੱਡੀ ਆਸ ਨਾਲ ਦੇਖ ਰਹੇ ਹਨ। ਪ੍ਰਧਾਨ ਮੰਤਰੀ ਤਿਲੰਗਾਨਾ ਦੇ ਭਾਜਪਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਮੀਟਿੰਗ ਦੀਆਂ ਤਸਵੀਰਾਂ ਸਾਂਝੀ ਕਰਦਿਆਂ ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਤੇ ਕਿਹਾ, ‘‘ਤਿਲੰਗਾਨਾ ਦੇ ਭਾਜਪਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਮੇਰੀ ਮੀਟਿੰਗ ਬਹੁਤ ਵਧੀਆ ਰਹੀ। ਸੂਬੇ ਵਿੱਚ ਸਾਡੀ ਪਾਰਟੀ ਦੀ ਮੌਜੂਦਗੀ ਤੇਜ਼ੀ ਨਾਲ ਵਧ ਰਹੀ ਹੈ। ਤਿਲੰਗਾਨਾ ਦੇ ਲੋਕ ਪਹਿਲਾਂ ਹੀ ਕਾਂਗਰਸ ਤੋਂ ਤੰਗ ਆ ਚੁੱਕੇ ਹਨ ਅਤੇ ਉਨ੍ਹਾਂ ਕੋਲ ਬੀਆਰਐੱਸ ਦੇ ਕੁਸ਼ਾਸਨ ਦੀਆਂ ਭਿਆਨਕ ਯਾਦਾਂ ਹਨ। ਉਹ ਵੱਡੀ ਉਮੀਦ ਨਾਲ ਭਾਜਪਾ ਵੱਲ ਦੇਖ ਰਹੇ ਹਨ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਬੀਆਰਐੱਸ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਭਾਜਪਾ ਲਗਾਤਾਰ ਆਵਾਜ਼ ਉਠਾਉਂਦੀ ਰਹੇਗੀ। ਉਨ੍ਹਾਂ ਕਿਹਾ, ‘‘ਸਾਡੇ ਕਾਰਕੁਨ ਵਿਕਾਸ ਦੇ ਏਜੰਡੇ ’ਤੇ ਵਿਸਥਾਰ ਨਾਲ ਕੰਮ ਕਰਦੇ ਰਹਿਣਗੇ।’’ -ਪੀਟੀਆਈ