ਦਸ ਦਿਨਾਂ ਤੋਂ ਪਾਣੀ ਨੂੰ ਤਰਸੇ ਸੌਲੀ ਭੋਲੀ ਤੇ ਕੈਲਾਸ਼ਪੁਰ ਦੇ ਲੋਕ
ਐਨ.ਪੀ. ਧਵਨ
ਪਠਾਨਕੋਟ, 5 ਸਤੰਬਰ
ਆਬਾਦੀ ਕੈਲਾਸ਼ਪੁਰ ਵਿੱਚ ਪਾਣੀ ਦੀ ਸਪਲਾਈ ਪਿਛਲੇ 10 ਦਿਨਾਂ ਤੋਂ ਨਾ ਹੋਣ ਕਾਰਨ ਅਬਾਦੀ ਸੌਲੀ ਭੋਲੀ, ਕੈਲਾਸ਼ਪੁਰ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਨੀਲਮ ਹੰਸ, ਆਰਤੀ, ਬੇਬੀ ਤੇ ਸੁਨੀਤਾ ਸਿੰਘ ਹੈਪੀ ਨੇ ਦੱਸਿਆ ਕਿ ਕੈਲਾਸ਼ਪੁਰ ਵਿੱਚ ਨਗਰ ਕੌਂਸਲ ਵੱਲੋਂ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਲੋਕਾਂ ਨੂੰ ਰੋਜ਼ਾਨਾ ਦੇ ਕੰਮ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰ ਦੇ ਜ਼ਰੂਰੀ ਕੰਮਾਂ ਲਈ ਵੀ ਲੋਕਾਂ ਨੂੰ ਬਾਹਰੋਂ ਪਾਣੀ ਲਿਆਉਣਾ ਪੈਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਨਗਰ ਕੌਂਸਲ ਵੱਲੋਂ 10 ਸਾਲ ਪਹਿਲਾਂ ਇੱਥੇ ਜਲ ਸਪਲਾਈ ਸਕੀਮ ਬਣਾਈ ਗਈ ਸੀ। ਉਸ ਸਮੇਂ ਲੋਕਾਂ ਨੂੰ ਇਸ ਸਕੀਮ ਦਾ ਪੂਰਾ ਲਾਭ ਨਹੀਂ ਮਿਲਿਆ ਕਿਉਂਕਿ ਪਾਣੀ ਦਾ ਦਬਾਅ ਬਹੁਤ ਘੱਟ ਹੈ।
ਉਨ੍ਹਾਂ ਨਗਰ ਕੌਂਸਲ ਦੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪਾਣੀ ਦੀ ਟੈਂਕੀ ਬਣਾਈ ਗਈ ਹੈ, ਉਸ ਵਿੱਚ ਪਾਣੀ ਸਟੋਰ ਕਰਕੇ ਸਪਲਾਈ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪੂਰਾ ਪਾਣੀ ਮਿਲ ਸਕੇ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਬਲਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਸਪਲਾਈ ਦੀ ਮੋਟਰ ’ਚ ਤਕਨੀਕੀ ਨੁਕਸ ਪੈਣ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਮੋਟਰ ਦੀ ਮੁਰੰਮਤ ਕਰਵਾ ਦਿੱਤੀ ਗਈ ਹੈ। ਮੁਲਾਜ਼ਮ ਕੰਮ ਕਰ ਰਹੇ ਹਨ ਅਤੇ ਅੱਜ ਹੀ ਪਾਣੀ ਦੀ ਸਪਲਾਈ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ।