ਬਿਜਲੀ ਪਾਣੀ ਨੂੰ ਤਰਸੇ ਮੀਰਪੁਰ ਵਾਸੀਆਂ ਨੇ ਸੜਕ ’ਤੇ ਲਾਇਆ ਜਾਮ
ਹਰਜੀਤ ਸਿੰਘ
ਡੇਰਾਬੱਸੀ, 25 ਜੂਨ
ਡੇਰਾਬੱਸੀ ਨਗਰ ਕੌਂਸਲ ਦੇ ਵਾਰਡ ਨੰਬਰ 3 ਤੇ 4 ਅਧੀਨ ਪੈਂਦੇ ਪਿੰਡ ਮੀਰਪੁਰ ਦੇ ਵਸਨੀਕ ਲੰਘੇ ਕਈ ਦਿਨਾਂ ਤੋਂ ਬਿਨਾਂ ਬਿਜਲੀ ਤੇ ਪੀਣ ਤੋਂ ਸਮਾਂ ਲੰਘਾ ਰਹੇ ਹਨ। ਪਾਵਰਕੌਮ ਅਤੇ ਨਗਰ ਕੌਂਸਲ ਵੱਲੋਂ ਕੋਈ ਸੁਣਵਾਈ ਨਾ ਹੋਣ ‘ਤੇ ਰੋਹ ਵਿੱਚ ਆਏ ਲੋਕਾਂ ਨੇ ਡੀਐੱਸਪੀ ਦਫ਼ਤਰ ਨੇੜੇ ਮੁਬਾਰਕਪੂਰ ਰਾਮਗੜ੍ਹ ਸੜਕ ‘ਤੇ ਜਾਮ ਲਗਾ ਦਿੱਤਾ। ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਜਾਮ ਲੱਗ ਗਿਆ। ਇਸ ਬਾਰੇ ਸੂਚਨਾ ਮਿਲਣ ‘ਤੇ ਥਾਣਾ ਮੁਖੀ ਜਸਕੰਵਲ ਸਿੰਘ ਸੇਖੋਂ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਸਮਝਾ ਕੇ ਸ਼ਾਂਤ ਕੀਤਾ ਅਤੇ ਲੋਕਾਂ ਨੂੰ ਸੜਕ ਤੋਂ ਪਾਸੇ ਕਰ ਕੇ ਆਵਾਜਾਈ ਬਹਾਲ ਕਰਵਾਈ। ਇਸ ਦੌਰਾਨ ਕਰੀਬ ਪੌਣਾ ਘੰਟਾ ਜਾਮ ਲੱਗਿਆ ਰਿਹਾ। ਇਸ ਮੌਕੇ ਲੋਕਾਂ ਵਲੋਂ ਜਬਰੀ ਵਾਹਨ ਕੱਢਣ ਦੀ ਕੋਸ਼ਿਸ਼ ਕਰਨ ‘ਤੇ ਸਥਿਤੀ ਤਣਾਅਪੂਰਨ ਹੋ ਗਈ ਜਦਕਿ ਜਾਮ ਵਿੱਚ ਫਸੀ ਐਂਬੂਲੈਂਸ ਨੂੰ ਧਰਨਾਕਾਰੀਆਂ ਨੇ ਰਾਹ ਦੇ ਕੇ ਕੱਢ ਦਿੱਤਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਚੱਲੀ ਆ ਰਹੀ ਹੈ। ਬਿਜਲੀ ਸਪਲਾਈ ਬੰਦ ਹੋਣ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਬੰਦ ਹੋ ਜਾਂਦੀ ਹੈ। ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਦੇ ਕੱਟਾਂ ਨੇ ਜਿਊਣਾ ਮੁਹਾਲ ਕੀਤਾ ਹੋਇਆ ਹੈ। ਸਾਰੀ- ਸਾਰੀ ਰਾਤ ਬਿਜਲੀ ਆਉਣ ਦੀ ਉਡੀਕ ਵਿੱਚ ਨਿਕਲ ਜਾਂਦੀ ਹੈ। ਗਰਮੀ ਵਿੱਚ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਹੋਰ ਮਾੜਾ ਹਾਲ ਹੋ ਜਾਂਦਾ ਹੈ। ਸਕੂਲ ਤੇ ਕਾਲਜ ਜਾਣ ਵਾਲੇ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ। ਪਾਵਰਕੌਮ ਦੇ ਹੈਲਪਲਾਈਨ ‘ਤੇ ਕੋਈ ਫੋਨ ਨਹੀਂ ਚੁੱਕਦਾ। ਉਨ੍ਹਾਂ ਦੋਸ਼ ਲਾਇਆ ਕਿ ਪਾਵਰਕੌਮ ਦੇ ਅਧਿਕਾਰੀਆਂ ਨੂੰ ਫੋਨ ਕਰਨ ‘ਤੇ ਉਹ ਤਸੱਲੀਬਖਸ਼ ਜਵਾਬ ਦੇਣ ਦੀ ਥਾਂ ਲਾਰੇ ਲਾਉਂਦੇ ਹਨ ਜਾਂ ਫੋਨ ਚੁੱਕਣਾ ਬੰਦ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤ ਕਰਨ ‘ਤੇ ਵਿਭਾਗ ਦੇ ਐੱਸਡੀਓ ਵੱਲੋਂ ਵੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ, ਜਿਸ ਤੋਂ ਤੰਗ ਹੋ ਕੇ ਅੱਜ ਉਨ੍ਹਾਂ ਸੜਕ ਜਾਮ ਕੀਤੀ। ਮੌਕੇ ‘ਤੇ ਪੁੱਜੇ ਡੇਰਾਬੱਸੀ ਦੇ ਥਾਣਾ ਮੁਖੀ ਜਸਕੰਵਲ ਸਿੰਘ ਸੇਖੋਂ ਨੇ ਮੁਜ਼ਾਹਰਾਕਾਰੀਆਂ ਨੂੰ ਜਾਮ ਵਿੱਚ ਫਸੇ ਲੋਕਾਂ ਦੀ ਪ੍ਰੇਸ਼ਾਨੀ ਦੱਸਦਿਆਂ ਸੜਕ ਤੋਂ ਹਟਣ ਲਈ ਰਾਜ਼ੀ ਕਰ ਲਿਆ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਠੀਕ ਨਾ ਹੋਈ ਤਾਂ ਪਾਵਰਕੌਮ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਲਈ ਵਿਭਾਗ ਦੇ ਅਧਿਕਾਰੀ ਜ਼ਿੰਮੇਵਾਰ ਹੋਣਗੇ।