ਰਸਤਾ ਬੰਦ ਕਰਨ ’ਤੇ ਭੜਕੇ ਮੈਗਜ਼ੀਨ ਮੁਹੱਲੇ ਦੇ ਲੋਕ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਅਕਤੂਬਰ
ਨਗਰ ਕੌਂਸ਼ਲ ਵਲੋਂ ਸ਼ਹਿਰ ਦੇ ਮੈਗਜ਼ੀਨ ਮੁਹੱਲੇ ਵਿਚ ਪਾਰਕ ਨਜ਼ਦੀਕ ਕੰਧ ਕੱਢ ਕੇ ਕਥਿਤ ਤੌਰ ’ਤੇ ਰਸਤਾ ਬੰਦ ਕਰਨ ਤੋਂ ਵਿਵਾਦ ਖੜ੍ਹਾ ਹੋ ਗਿਆ ਹੈ। ਮੁਹੱਲੇ ਦੇ ਲੋਕਾਂ ਵਲੋਂ ਇਸਨੂੰ ਪ੍ਰਸ਼ਾਸਨ ਦੀ ਧੱਕੇਸ਼ਾਹੀ ਕਰਾਰ ਦਿੱਤਾ ਗਿਆ। ਮੌਕੇ ’ਤੇ ਪੁੱਜੇ ਭਾਜਪਾ ਆਗੂ ਜਤਿੰਦਰ ਕਾਲੜਾ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਵਲੋਂ ਲੋਕਾਂ ਦਾ ਰਸਤਾ ਬੰਦ ਕਰਕੇ ਮੁਹੱਲੇ ਵਿਚ ਕੂੜੇ ਦਾ ਡੰਪ ਬਣਾਇਆ ਜਾ ਰਿਹਾ ਹੈ ਜਿਸਨੂੰ ਸ਼ਹਿਰ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਕੰਧ ਤੁਰੰਤ ਢਾਹੀ ਜਾਵੇ ਅਤੇ ਲੋਕਾਂ ਨੂੰ ਕਾਨੂੰਨ ਆਪਣੇ ਹੱਥ ਵਿਚ ਲੈਣ ਲਈ ਮਜ਼ਬੂਰ ਨਾ ਕੀਤਾ ਜਾਵੇ। ਮੈਗਜ਼ੀਨ ਮੁਹੱਲਾ, ਧਾਨਕ ਬਸਤੀ ਅਤੇ ਸੁਨਾਮੀ ਗੇਟ ਨੇੜੇ ਸਬਜ਼ੀ ਮੰਡੀ ਸੰਗਰੂਰ ਦੇ ਵਸਨੀਕਾਂ ਕਮਲ ਮਿੱਤਲ, ਸ਼ਾਮ ਅਗਰਵਾਲ, ਸੁਮਿਤ ਕੁਮਾਰ, ਰਾਜੇਸ ਮਲਿਕ, ਮਨੋਜ ਕੁਮਾਰ, ਸਤੀਸ਼ ਕੁਮਾਰ, ਲਖਵਿੰਦਰ ਸਿੰਘ ਆਦਿ ਨੇ ਕਿਹਾ ਕਿ ਇਸ ਏਰੀਏ ਵਿੱਚ ਪਾਰਕ ਬਣਿਆ ਹੋਇਆ ਹੈ। ਪਾਰਕ ਦੀ ਕੰਧ ਦੇ ਨਾਲ-ਨਾਲ ਰਸਤਾ ਲੱਗਦਾ ਹੈ ਜਿਸਨੂੰ ਨਗਰ ਕੌਂਸਲ ਵਲੋਂ ਕੰਧ ਕੱਢ ਕੇ ਬੰਦ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਕੌਂਸਲ ਵਲੋਂ ਰਸਤੇ ਵਾਲੀ ਜਗ੍ਹਾ ਵਿਚ ਕੂੜੇ ਦਾ ਡੰਪ ਬਣਾਇਆ ਜਾ ਰਿਹਾ ਹੈ ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਕੂੜੇ ਦਾ ਡੰਪ ਬਣਨ ਨਾਲ ਮੁਹੱਲੇ ਵਿਚ ਬੁਦਬੂ ਫੈਲਣ ਅਤੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਰਹੇਗਾ। ਨੇੜੇ ਹੀ ਆਦਰਸ਼ ਮਾਂਡਲ ਸੀਨੀਅਰ ਸੈਕੰਡਰੀ ਸਕੂਲ ਵੀ ਹੈ ਅਤੇ ਸਕੂਲ ਨੇੜੇ ਡੰਪ ਨਹੀਂ ਬਣਾਇਆ ਜਾ ਸਕਦਾ। ਇਸ ਮੌਕੇ ਭਾਜਪਾ ਆਗੂ ਜਤਿੰਦਰ ਕਾਲੜਾ ਨੇ ਕਿਹਾ ਕਿ ਜਿਹੜੇ ਵੀ ਅਧਿਕਾਰੀ ਧੱਕੇਸ਼ਾਹੀ ਕਰ ਰਹੇ ਹਨ। ਕਿਸੇ ਨੂੰ ਵੀ ਰਸਤਾ ਬੰਦ ਕਰਨ ਦਾ ਅਧਿਕਾਰ ਨਹੀਂ ਹੈ। ਨਗਰ ਕੌਂਸਲ ਦੇ ਕਰਮਚਾਰੀਆਂ ਅਨੁਸਾਰ ਇਹ ਜਗ੍ਹਾ ਨਗਰ ਕੌਂਸਲ ਦੀ ਹੈ ਅਤੇ ਰਸਤਾ ਨਹੀਂ ਹੈ। ਸਵੱਛ ਭਾਰਤ ਅਭਿਆਨ ਦੇ ਇੰਚਾਰਜ ਰਿਤੂ ਸ਼ਰਮਾ ਨੇ ਕਿਹਾ ਕਿ ਇਥੇ ਕੂੜੇ ਦਾ ਡੰਪ ਬਣਾਉਣ ਦੀ ਕੋਈ ਤਜਵੀਜ਼ ਨਹੀਂ ਹੈ। ਮੁਹੱਲੇ ਦੇ ਲੋਕਾਂ ਨੇ ਰਿਤੂ ਸ਼ਰਮਾ ਨੂੰ ਮੰਗ ਪੱਤਰ ਵੀ ਸੌਂਪਿਆ।