ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ, ਦਹਿਸ਼ਤਗਰਦੀ ਤੇ ਵੱਖਵਾਦ ਰਹਿਤ ਸਰਕਾਰ ਦੀ ਉਡੀਕ: ਮੋਦੀ
ਜੰਮੂ, 28 ਸਤੰਬਰ
Jammu and Kashmir Elections: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਮੌਜੂਦਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਥੇ ‘ਭ੍ਰਿਸ਼ਟਾਚਾਰ, ਦਹਿਸ਼ਤਗਰਦੀ ਅਤੇ ਵੱਖਵਾਦ’ ਮੁਕਤ ਸਰਕਾਰ ਦੇ ਬਣਨ ਦੀ ਉਡੀਕ ਕਰ ਰਹੇ ਹਨ। ਨਾਲ ਹੀ ਉਨ੍ਹਾਂ ਕਾਂਗਰਸ, ਨੈਸ਼ਨਲ ਫਾਨਫਰੰਸ (ਐੱਨਸੀ) ਅਤੇ ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਨੂੰ ਸੰਵਿਧਾਨ ਦੇ ‘ਸਭ ਤੋਂ ਵੱਡੇ ਦੁਸ਼ਮਣ’ ਕਰਾਰ ਦਿੱਤਾ।
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਆਖ਼ਰੀ ਗੇੜ ਲਈ ਇਥੇ ਐੱਮਏਐੱਮ ਸਟੇਡੀਅਮ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਰਹੱਦ ਪਾਰ 2016 ਦੀ ਸਰਜੀਕਲ ਸਟਰਾਈਕ ਦੇ ਹਵਾਲੇ ਨਾਲ ਮੋਦੀ ਨੇ ਕਿਹਾ, ‘‘ਦਹਿਸ਼ਗਰਦਾਂ ਦੇ ਆਕਾਵਾਂ ਨੂੰ ਪਤਾ ਹੈ ਕਿ ਜੇ ਅਸੀਂ ਕੁਝ ਗ਼ਲਤ ਕਰਾਂਗੇ ਤਾਂ ਮੋਦੀ ਸਾਨੂੰ ਪਤਾਲ ਵਿਚੋਂ ਵੀ ਲੱਭ ਲਿਆਵੇਗਾ।’’
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦਾ ਤੀਜਾ ਤੇ ਆਖ਼ਰੀ ਗੇੜ 1 ਅਕਤੂਬਰ ਨੂੰ ਹੋਵੇਗਾ। ਇਸ ਗੇੜ ਵਿਚ 40 ਸੀਟਾਂ ਲਈ ਵੋਟਾਂ ਪੈਣਗੀਆਂ, ਜਿਨ੍ਹਾਂ ਵਿਚੋਂ 24 ਹਲਕੇ ਜੰਮੂ ਖ਼ਿੱਤੇ ਅਤੇ 16 ਕਸ਼ਮੀਰ ਖ਼ਿੱਤੇ ਨਾਲ ਸਬੰਧਤ ਹਨ।
ਮੋਦੀ ਨੇ ਰੈਲੀ ਦੌਰਾਨ ਦਾਅਵਾ ਕੀਤਾ ਕਿ ਲੋਕਾਂ ਵਿਚ ਭਾਜਪਾ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਦੋਂਕਿ ਤਿੰਨ ਪਰਿਵਾਰਾਂ - ਕਾਂਗਰਸ, ਐੱਨਸੀ ਅਤੇ ਪੀਡੀਪ ਦੇ ਰਾਜ ਦੌਰਾਨ ਲੋਕਾਂ ਦੀ ਕੋਈ ਸੁਣਵਾਈ ਨਹੀਂ ਸੀ। ਉਨ੍ਹਾਂ ਕਿਹਾ, ‘‘ਲੋਕ ਹੁਣ ਭ੍ਰਿਸ਼ਟਾਚਾਰ, ਨੌਕਰੀਆਂ ਵਿਚ ਵਿਤਕਰੇਬਾਜ਼ੀ, ਦਹਿਸ਼ਤਗਰਤੀ, ਵੱਖਵਾਦ ਅਤੇ ਖ਼ੂਨ-ਖ਼ਰਾਬਾ ਨਹੀਂ ਚਾਹੁੰਦੇ। ਇਸ ਦੀ ਥਾਂ ਉਹ ਅਮਨ ਅਤੇ ਆਪਣੇ ਲੋਕਾਂ ਦਾ ਬਿਹਤਰ ਭਵਿੱਖ ਚਾਹੁੰਦੇ ਹਨ।’’ -ਪੀਟੀਆਈ