ਧਾਰ ਬਲਾਕ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸੇ
ਐਨ.ਪੀ.ਧਵਨ
ਪਠਾਨਕੋਟ, 24 ਜੁਲਾਈ
ਧਾਰਕਲਾਂ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ ਢਾਂਗੂ ਸੁਰਾਹ ਵਿੱਚ ਲੋਕਾਂ ਨੇ ਕੰਢੀ ਵਿਕਾਸ ਮੋਰਚਾ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਮੋਰਚੇ ਦੇ ਪ੍ਰਧਾਨ ਓਮ ਪ੍ਰਕਾਸ਼ ਮੱਘਰ, ਰਘੂਨਾਥ ਸਿੰਘ, ਰਜਨੀ ਦੇਵੀ, ਅੰਜੂ ਬਾਲਾ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਸੁਰੇਸ਼ ਕੁਮਾਰ, ਬਲਵੰਤ ਸਿੰਘ ਆਦਿ ਹਾਜ਼ਰ ਸਨ।
ਪਿੰਡ ਢਾਂਗੂ ਸੁਰਾਹ ਮੁਹੱਲਾ ਕਮਿਆਲੀਆਂ ਦੀਆਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਹੈ। ਉਨ੍ਹਾਂ ਨੂੰ ਰੋਜ਼ਾਨਾ ਘਰ ਵਿੱਚ ਵਰਤਣ ਅਤੇ ਪੀਣ ਵਾਲਾ ਪਾਣੀ ਲੈਣ ਲਈ ਪਹਾੜੀ ਤੋਂ ਹੇਠਾਂ ਇੱਕ-ਡੇਢ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ, ਇਹ ਰਸਤਾ ਬੇਹੱਦ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਾਣੀ ਦੀ ਪੂਰਤੀ ਲਈ ਬਾਰਸ਼ ਦੇ ਪਾਣੀ ਉਪਰ ਨਿਰਭਰ ਰਹਿਣਾ ਪੈ ਰਿਹਾ ਹੈ। ਪਰਨਾਲਿਆਂ ਰਾਹੀਂ ਆਉਣ ਵਾਲੇ ਪਾਣੀ ਨੂੰ ਵੀ ਉਹ ਹੋਰਨਾਂ ਲੋੜਾਂ ਲਈ ਵਰਤ ਰਹੇ ਹਨ।
ਕੰਢੀ ਵਿਕਾਸ ਮੋਰਚਾ ਦੇ ਪ੍ਰਧਾਨ ਓਮ ਪ੍ਰਕਾਸ਼ ਮੱਘਰ ਨੇ ਕਿਹਾ ਕਿ ਇਕ ਪਾਸੇ ਪੰਜਾਬ ਵਿੱਚ ਹੜ੍ਹ ਆਏ ਹੋਏ ਹਨ ਤਾਂ ਦੂਜੇ ਪਾਸੇ ਪੰਜਾਬ ਦਾ ਧਾਰ ਬਲਾਕ ਪੀਣ ਵਾਲੇ ਪਾਣੀ ਲਈ ਤਰਸ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਨੋਂ ਸੰਕਟ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਦੇਣ ਹਨ। ਉਨ੍ਹਾਂ ਕਿਹਾ ਕਿ ਜਦ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਦੇ ਹਨ ਤਾਂ ਉਹ ਇਹ ਕਹਿ ਕੇ ਪੱਲਾ ਝਾੜ ਜਾਂਦੇ ਹਨ ਕਿ ਬਿਜਲੀ ਦੀ ਘਾਟ ਕਾਰਨ ਪਾਣੀ ਦੀ ਪੂਰਤੀ ਨਹੀਂ ਹੋ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਨਿਾਂ ਵਿੱਚ ਉਹ ਸੰਘਰਸ਼ ਦੀ ਰੂਪ-ਰੇਖਾ ਉਲੀਕਣਗੇ।