ਸਰਕਾਰ ਤੋਂ ਝਾਕ ਛੱਡ ਲੋਕਾਂ ਖ਼ੁਦ ਕੀਤੀ ਸੀਵਰੇਜ ਦੀ ਸਫ਼ਾਈ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 12 ਮਾਰਚ
ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਰਮਜ਼ਾਨ ਸ਼ਰੀਫ਼ ਮਹੀਨੇ ਦੇ ਮੱਦੇਨਜ਼ਰ ਸ਼ਹਿਰ ਅੰਦਰ ਸਫ਼ਾਈ ਅਤੇ ਸੀਵਰੇਜ ਪ੍ਰਬੰਧ ਦੇ ਪੁਖ਼ਤਾ ਇੰਤਜ਼ਾਮ ਕਰਨ ਦੇ ਦਾਅਵੇ ਉਸ ਸਮੇਂ ਖੋਖਲੇ ਨਜ਼ਰ ਆਏ ਜਦ ਵਾਰਡ ਨੰਬਰ 27 ਅਧੀਨ ਪੈਂਦੀ ਮਦੀਨਾ ਬਸਤੀ ਦੇ ਵਾਸੀਆਂ ਨੂੰ ਬਸਤੀ ਦਾ ਦੋ ਦਿਨਾਂ ਤੋਂ ਬੰਦ ਪਿਆ ਸੀਵਰੇਜ ਖ਼ੁਦ ਸਾਫ਼ ਕਰਕੇ ਚਾਲੂ ਕਰਨਾ ਪਿਆ।
ਮਦੀਨਾ ਬਸਤੀ ਵਾਸੀ ਸਹਾਰਾ ਮੁਸਲਿਮ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਮੁਹੰਮਦ ਅਜ਼ਹਰ ਮੁਨੀਮ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਬਸਤੀ ਦਾ ਸੀਵਰੇਜ ਬੰਦ ਹੋਣ ਕਾਰਨ ਗਲੀਆਂ ਵਿੱਚ ਗੰਦਾ ਪਾਣੀ ਖੜ੍ਹ ਗਿਆ ਸੀ ਜਿਸ ਕਾਰਨ ਬਸਤੀ ਵਾਸੀਆਂ ਖ਼ਾਸ ਕਰਕੇ ਸਕੂਲੀ ਵਿਦਿਆਰਥੀਆਂ ਨੂੰ ਘਰਾਂ ਤੋਂ ਬਾਹਰ ਜਾਣ ਲਈ ਮੁਸ਼ਕਲ ਪੇਸ਼ ਆ ਰਹੀ ਸੀ। ਬਸਤੀ ਵਾਸੀਆਂ ਨੇ ਜਦੋਂ ਇਹ ਮਸਲਾ ਨਗਰ ਕੌਂਸਲ ਦੇ ਧਿਆਨ ਵਿੱਚ ਲਿਆਂਦਾ ਤਾਂ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਸੀਵਰੇਜ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਪਰ ਸੀਵਰੇਜ ਚੱਲ ਨਾ ਸਕਿਆ।
ਮੁਹੰਮਦ ਅਜ਼ਹਰ ਮੁਨੀਮ ਨੇ ਦੱਸਿਆ ਕਿ ਉਸ ਨੇ ਰਮਜ਼ਾਨ ਸ਼ਰੀਫ਼ ਮਹੀਨੇ ਦੇ ਮੱਦੇਨਜ਼ਰ ਬਸਤੀ ਦੇ ਨੌਜਵਾਨਾਂ ਨੂੰ ਖ਼ੁਦ ਸੀਵਰੇਜ ਚਾਲੂ ਕਰਨ ਦੀ ਫ਼ਰਿਆਦ ਕੀਤੀ ਤਾਂ ਬਸਤੀ ਦੇ ਮੁਹੰਮਦ ਸ਼ਕੀਲ ਹਾਫ਼ਿਜ਼, ਮੁਹੰਮਦ ਨਾਸਿਰ, ਮੁਹੰਮਦ ਸਲੀਮ ਸੀਮੂ, ਮੁਹੰਮਦ ਸਮੀਰ,ਮੁਹੰਮਦ ਸ਼ਰੀਫ਼ ਦਗਨੀ ਵਾਲਾ, ਮੀਕਾ ਸਿੰਘ, ਮੁਹੰਮਦ ਸਦਾਫ, ਯਾਸੀਨ ਸੀਨਾ, ਮੁਹੰਮਦ ਉਮਰ ਅਤੇ ਮਿੱਠੂ ਨੇ ਤਿੰਨ ਘੰਟਿਆਂ ਦੀ ਮੁਸ਼ੱਕਤ ਬਾਅਦ ਬੰਦ ਪਏ ਸੀਵਰੇਜ ਵਿੱਚੋਂ ਗਾਰਾ -ਮਿੱਟੀ ਅਤੇ ਹੋਰ ਨਿੱਕ-ਸੁੱਕ ਕੱਢ ਕੇ ਸੀਵਰੇਜ ਚਾਲੂ ਕੀਤਾ। ਉਨ੍ਹਾਂ ਦੱਸਿਆ ਕਿ ਮੁਹੰਮਦ ਸ਼ਕੀਲ ਹਾਫ਼ਿਜ਼ ਨੇ ਤਾਂ ਖ਼ੁਦ ਗਟਰ ਸਾਫ਼ ਕੀਤਾ ਤਾਂ ਸੀਵਰੇਜ ਚਾਲੂ ਹੋਇਆ।