ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ
ਐੱਨਪੀ ਧਵਨ
ਪਠਾਨਕੋਟ, 27 ਅਗਸਤ
ਸਟੇਟ ਪੈਨਸ਼ਨਰਜ਼ ਜੁਆਇੰੰਟ ਫਰੰਟ ਜ਼ਿਲ੍ਹਾ ਪਠਾਨਕੋਟ ਨੇ ਸੀਨੀਅਰ ਕਨਵੀਨਰ ਨਰੇਸ਼ ਕੁਮਾਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ’ਤੇ ਰੋਸ ਪ੍ਰਗਟ ਕੀਤਾ ਜਿਸ ਵਿੱਚ ਵੱਖ-ਵੱਖ ਵਿਭਾਗਾਂ ਤੋਂ ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਹਿੱਸਾ ਲਿਆ। ਰੋਸ ਪ੍ਰਗਟ ਕਰਨ ਵਾਲਿਆਂ ਵਿੱਚ ਰਾਮ ਦਾਸ, ਬਿਕਰਮਜੀਤ ਰੇਖੀ, ਮਾਸਟਰ ਸੱਤ ਪ੍ਰਕਾਸ਼, ਡਾ. ਲੇਖ ਰਾਜ, ਡਾ. ਕੇਵਲ ਕ੍ਰਿਸ਼ਨ, ਪ੍ਰਿੰਸੀਪਲ ਮੰਗਲਦਾਸ, ਚਮਨ ਗੁਪਤਾ, ਸੁਖਨਿੰਦਰ ਸ਼ਰਮਾ, ਬਲਵਿੰਦਰ ਆਦਿ ਸ਼ਾਮਲ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਨਵੀਨਰ ਨਰੇਸ਼ ਕੁਮਾਰ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਆਪ ਦੀ ਸਰਕਾਰ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਾ ਕਰਕੇ ਪੈਨਸ਼ਨਰਾਂ ਨਾਲ ਧੱਕਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਕਰ ਰਹੀ ਹੈ। ਪੰਜਾਬ ਸਰਕਾਰ ਦੇ ਇਸ ਵਤੀਰੇ ਤੋਂ ਦੁਖੀ ਹੋ ਕੇ ਪੈਨਸ਼ਨਰਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਪੈਨਸ਼ਨਰ 10 ਸਤੰਬਰ ਤੋਂ 24 ਦਸੰਬਰ ਤੱਕ ਸਰਕਾਰ ਦੇ 4 ਮੰਤਰੀਆਂ ਦੇ ਘਰਾਂ ਮੂਹਰੇ ਪ੍ਰਦਰਸ਼ਨ ਕਰਨਗੇ। ਪਹਿਲੇ ਪੜਾਅ ਵਿੱਚ ਅੰਮ੍ਰਿਤਸਰ ਵਿਖੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਰਿਹਾਹਿਸ਼ ’ਤੇ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਵਿੱਚ ਪਠਾਨਕੋਟ ਤੋਂ ਸਮੂਹ ਪੈਨਸ਼ਨਰ ਸ਼ਾਮਲ ਹੋਣਗੇ। ਬਾਅਦ ਵਿੱਚ ਸੰਗਰੂਰ, ਮਲੋਟ ਅਤੇ ਪਟਿਆਲਾ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣਗੇ।