ਪਾਵਰਕੌਮ ਦੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ
ਡੀਪੀਐੱਸ ਬੱਤਰਾ
ਸਮਰਾਲਾ, 10 ਜੁਲਾਈ
ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਮੰਡਲ ਸਮਰਾਲਾ ਦੇ ਪਾਵਰਕੌਮ ਪੈਨਸ਼ਨਰਾਂ ਵੱਲੋਂ ਅੱਜ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਮੰਨੀਆਂ ਗਈਆਂ ਮੰਗਾਂ ਲਾਗੂ ਨਾ ਕਰਨ ਅਤੇ ਜਬਰੀ 200 ਰੁਪਏ ਵਿਕਾਸ ਫੰਡ ਇਕੱਠਾ ਕਰਨ ਦੇ ਰੋਸ ਵਜੋਂ ਖਰਾਬ ਮੌਸਮ ਦੇ ਬਾਵਜੂਦ ਮੰਡਲ ਸਮਰਾਲਾ-ਘੁਲਾਲ ਵਿਖੇ ਰੋਸ ਧਰਨਾ ਮੰਡਲ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ ਅਤੇ ਪੰਜਾਬ ਸਰਕਾਰ, ਮੈਨੇਜਮੈਂਟ ਦੀ ਅਰਥੀ ਫੂਕੀ ਗਈ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਹੋਏ ਮੰਡਲ ਪ੍ਰਧਾਨ ਸਿਕੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ/ਮੈਨੇਜਮੈਂਟ ਮੀਟਿੰਗਾਂ ਵਿੱਚ ਤਾਂ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਸਬੰਧੀ ਆਪਣੀ ਸਹਿਮਤੀ ਪ੍ਰਗਟ ਕਰਦੀ ਹੈ ਅਤੇ ਫਿਰ ਉਨ੍ਹਾਂ ਨੂੰ ਲਮਕ ਅਵਸਥਾ ਵਿੱਚ ਰੱਖੀ ਰੱਖਦੀ ਹੈ। ਮੰਗਾਂ ਲਾਗੂ ਕਰਨ ਦੀ ਬਜਾਏ 200 ਰੁਪਏ ਦਾ ਜਬਰੀ ਵਿਕਾਸ ਫੰਡ 60 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਉੱਪਰ ਵੀ ਥੋਪ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੇਅ ਕਮਿਸ਼ਨ ਦੀਆਂ ਰਿਪੋਰਟ ਅਨੁਸਾਰ ਪੈਨਸ਼ਨਰਾਂ ਨੂੰ ਵੀ 2.59 ਦੇ ਫਾਰਮੂਲੇ ਨਾਲ ਪੇਅ ਸਕੇਲ ਸੋਧਣੇ ਹਨ, ਜੋ ਅਜੇ ਤੱਕ ਲਾਗੂ ਨਹੀਂ ਕੀਤੇ ਗਏੇ ਅਤੇ ਨਾ ਹੀ ਡੀ.ਏ. ਦੇ ਬਕਾਏ ਅਤੇ ਬਾਕੀ ਰਹਿੰਦੇ ਡੀ.ਏ. ਦੀਆਂ ਦੋ ਕਿਸ਼ਤਾਂ ਦਿੱਤੀਆਂ ਹਨ। ਅਜੇ ਪਾਵਰਕੌਮ ਦੇ ਪੈਨਸ਼ਨਰਾਂ ਨੂੰ ਬਿਜਲੀ ਵਿੱਚ ਵਰਤੋਂ ਦੀ ਛੋਟ ਵੀ ਨਹੀਂ ਦਿੱਤੀ ਗਈ ਅਤੇ ਨਾ ਹੀ ਇਲਾਜ ਲਈ ਕੈਸ਼ਲੈੱਸ ਸਕੀਮ ਲਾਗੂ ਕੀਤੀ ਗਈ ਹੈ। ਇਸ ਤੋਂ ਇਲਾਵਾ ਮੈਡੀਕਲ ਬਿੱਲ ਵੀ ਸਾਲਾਂ ਬੱਧੀ ਪਾਸ ਨਹੀਂ ਕੀਤੇ ਜਾਂਦੇ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੈਨਸ਼ਨਰਾਂ ਦੀ ਉਪਰੋਕਤ ਮੰਗਾਂ ਸਬੰਧੀ ਜਲਦੀ ਹੋਈ ਫੈਸਲਾ ਨਾ ਲਿਆ ਗਿਆ ਤਾਂ 9 ਅਗਸਤ ਨੂੰ ਰੋਪੜ ਸਰਕਲ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਅਤੇ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਸਤੰਬਰ ਮਹੀਨੇ ਵਿੱਚ ਹੈੱਡ ਆਫਿਸ ਪਟਿਆਲਾ ਵਿਖੇ ਪੰਜਾਬ ਪੱਧਰੀ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਅੱਜ ਦੇ ਧਰਨੇ ਵਿੱਚ ਉਪਰੋਕਤ ਤੋਂ ਇਲਾਵਾ ਇੰਜ. ਪ੍ਰੇਮ ਸਿੰਘ ਸਾਬਕਾ ਐਸ.ਡੀ.ਓ., ਇੰਜ: ਜੁਗਲ ਕਿਸ਼ੋਰ ਸਾਹਨੀ, ਇੰਜ: ਹਰਚਰਨ ਸਿੰਘ ਸਾਬਕਾ ਐਸ. ਡੀ. ਓ., ਰਾਜਿੰਦਰਪਾਲ ਵਡੇਰਾ, ਜਗਤਾਰ ਸਿੰਘ ਪ੍ਰੈਸ ਸਕੱਤਰ, ਭੁਪਿੰਦਰ ਸਿੰਘ ਚਹਿਲਾਂ, ਸਰਕਲ ਆਗੂ ਪ੍ਰੇਮ ਕੁਮਾਰ ਆਦਿ ਹਾਜ਼ਰ ਸਨ।