ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਨੇ ਸੰਗਰੂਰ ਦੇ ਡੀਸੀ ਦਫ਼ਤਰ ਅੱਗੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਨਵੰਬਰ
ਆਲ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਵਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਗਿਆ ਅਤੇ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਭਲਕੇ 9 ਤੋਂ 11 ਨਵੰਬਰ ਤੱਕ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਪੁਤਲੇ ਫ਼ੂਕਣ ਦਾ ਐਲਾਨ ਕੀਤਾ ਗਿਆ। ਐਸੋਸੀਏਸ਼ਨ ਦੇ ਜ਼ਿਲ੍ਹਾ ਆਗੂਆਂ ਜਗਦੀਸ਼ ਸ਼ਰਮਾ, ਸੁਰਿੰਦਰ ਬਾਲੀਆਂ ਅਤੇ ਪੁਲੀਸ ਪੈਨਸ਼ਨਰਜ਼ ਦੇ ਪ੍ਰਧਾਨ ਅਜਮੇਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰ ਤਹਿਸੀਲ ਕੰਪਲੈਕਸ ਵਿਖੇ ਇਕੱਠੇ ਹੋਏ, ਜਿਸ ਮਗਰੋਂ ਡੀਸੀ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜਗਦੀਸ਼ ਸ਼ਰਮਾ, ਸੁਰਿੰਦਰ ਬਾਲੀਆਂ, ਬਿੱਕਰ ਸਿੰਘ ਸਬਿੀਆ, ਭਰਥਰੀ ਸਿੰਘ ਅਤੇ ਬਲਵੰਤ ਸਿੰਘ ਨੇ ਕਿਹਾ ਕਿ ਪੈਨਸ਼ਨਰਾਂ ਦੀਆਂ ਮੰਗਾਂ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ ਜਿਨ੍ਹਾਂ ਦਾ ਸਰਕਾਰ ਵਲੋਂ ਨਿਪਟਾਰਾ ਨਹੀਂ ਕੀਤਾ ਗਿਆ ਜਿਸ ਕਾਰਨ ਪੈਨਸ਼ਨਰਾਂ ਨੂੰ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਪੈਨਸ਼ਨਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 1-1-2016 ਤੋਂ 30-06-2021 ਤੱਕ ਦੇ 66 ਮਹੀਨੇ ਦੇ ਬਕਾਏ, ਜੁਲਾਈ- 22 ਤੋਂ ਡੀਏ ਦੀਆਂ 3 ਕਿਸ਼ਤਾਂ ਦਾ 12% ਵਾਧਾ, 2.59 ਗੁਣਾਂਕ, ਨੋਸ਼ਨਲ ਪੇ-ਫਿਕਸ਼ੇਸਨ ਦਾ ਫਾਰਮੂਲਾ, ਅਦਾਲਤਾਂ ਦੇ ਫੈਸਲੇ ਅਤੇ ਪਿਛਲੇ 210 ਮਹੀਨੇ ਦੀਆਂ ਡੀਏ ਦੀਆਂ ਕਿਸ਼ਤਾਂ ਦੇ ਬਕਾਏ ਨਾ ਦੇ ਕੇ ਪੈਨਸਨਰਾਂ ਨਾਲ ਬਹੁਤ ਧੱਕਾ ਅਤੇ ਬੇ-ਇਨਸਾਫੀ ਕੀਤੀ ਜਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ, ਚੰਡੀਗੜ੍ਹ, ਦਿੱਲੀ, ਉੜੀਸਾ, ਹਰਿਆਣਾ 46% ਡੀ.ਏ ਸਮੇਤ ਬਕਾਏ ਦੇ ਦਿੱਤੇ ਹਨ ਪਰ ਪੰਜਾਬ ਸਰਕਾਰ ਕੇਵਲ 34% ਡੀਏ ਦੇ ਰਹੀ ਹੈ ਜੋ ਸ਼ਰੇਆਮ ਬੇ-ਇਨਸਾਫੀ ਹੈ। ਪਿਛਲੀਆਂ ਸਰਕਾਰਾਂ ਵੱਲੋਂ ਪੰਜਵੇਂ ਤਨਖਾਹ ਕਮਿਸ਼ਨ ਦੇ ਡੀ.ਏ ਦੇ ਰਹਿੰਦੇ ਬਕਾਏ, 80 ਸਾਲਾਂ ਬਜ਼ੁਰਗ ਪੈਨਸ਼ਨਰਾਂ ਨੂੰ ਯਕਮੁਕਤ ਪੇਮੈਂਟ ਕਰ ਦਿੱਤੀ ਸੀ । ਮੌਜੂਦਾ ਸਰਕਾਰ ਨੇ ਸਿਰਫ਼ ਆਈਏਐੱਸ/ਆਈਪੀਐੱਸ ਅਧਿਕਾਰੀਆਂ ਨੂੰ ਕਿਸ਼ਤ ਸਮੇਤ ਸਾਰੇ ਬਕਾਏ ਦਿੱਤੇ ਜਾ ਚੁੱਕੇ ਹਨ ਪਰ ਸਰਕਾਰ ਨੇ 6 ਨਵੰਬਰ 2023 ਨੂੰ ਕੈਬਨਿਟ ਮੀਟਿੰਗ ਵਿੱਚ ਬਕਾਏ ਅਤੇ ਡੀਏ ਦੀਆਂ ਕਿਸ਼ਤਾਂ ਨਾ ਦੇ ਕੇ ਬੇ-ਇਨਸਾਫੀ ਕੀਤੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਜੁਆਇੰਟ ਫਰੰਟ ਦੇ ਫੈਸਲੇ ਅਨੁਸਾਰ ਮਤਿੀ 9, 10 ਅਤੇ 11 ਨਵੰਬਰ ਨੂੰ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਅੱਗੇ ਪੰਜਾਬ ਸਰਕਾਰ ਦੇ ਪੁਤਲੇ ਫ਼ੂਕੇ ਜਾਣਗੇ। ਇਸ ਮੌਕੇ ਮੇਲਾ ਸਿੰਘ ਪੁੰਨਾਵਾਲ, ਸੀਤਾ ਰਾਮ ਸਰਮਾਂ, ਸ਼ਿਵ ਕੁਮਾਰ, ਹਰਚਰਨ ਸਿੰਘ, ਮੰਗਲ ਰਾਣਾ, ਕਰਨੈਲ ਸਿੰਘ, ਸਤਨਾਮ ਸਿੰਘ ਬਾਜਵਾ, ਸੁਖਮੰਦਰ ਸਿੰਘ, ਬਲਬੀਰ ਸਿੰਘ ਰਤਨ, ਬਲਵੰਤ ਸਿੰਘ ਢਿੱਲੋਂ, ਭੀਮ ਸੈਨ, ਰਾਮ ਲਾਲ ਸਰਮਾਂ, ਜਗਦੇਵ ਸਿੰਘ ਤੂੰਗਾ, ਨਾਨਕ ਸਿੰਘ ਦੁੱਗਾਂ, ਸੁਖਵਿੰਦਰ ਸਿੰਘ ਖੇੜੀ, ਪਵਨ ਕੁਮਾਰ ਜੋਸ਼ੀ, ਪਵਨ ਸਿੰਗਲਾ ਐੱਸਡੀਓ, ਨਛੱਤਰ ਸਿੰਘ ਘਾਬਦਾਂ, ਪ੍ਰਸ਼ੋਤਮ ਦਾਸ ਸ਼ਰਮਾ, ਸੱਤਪਾਲ ਕਲਸੀ, ਕੁਲਵੰਤ ਸਿੰਘ ਤੇ ਜਗਪਾਲ ਸਿੰਘ ਸ਼ਾਮਲ ਸਨ।