ਪੈਨਸ਼ਨਰਾਂ ਨੇ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਅਕਤੂਬਰ
ਆਲ ਪੈਨਸਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਦੀ ਅਗਵਾਈ ਸਰਪ੍ਰਸਤ ਜਗਦੀਸ ਸ਼ਰਮਾ, ਪ੍ਰਧਾਨ ਸੁਰਿੰਦਰ ਬਾਲੀਆਂ, ਪੁਲੀਸ ਪੈਨਸ਼ਨਰ ਪ੍ਰਧਾਨ ਅਜਮੇਰ ਸਿੰਘ, ਬਾਲ ਕਿਸ਼ਨ ਮੋਦਗਿੱਲ ਮਨੀਸਟੀਰੀਅਲ ਪੈਨਸ਼ਨਰ ਐਸੋਸੀਏਸ਼ਨ ਦੇ ਸਰਪ੍ਰਸਤ ਪਵਨ ਕੁਮਾਰ ਸ਼ਰਮਾ ਵੱਲੋਂ ਕੀਤੀ ਗਈ।
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਕਾਰਨ ਪੈਨਸ਼ਨਰਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਕਾਲੀ ਦੀਵਾਲੀ ਮਨਾਈ ਸੀ ਅਤੇ ਇਸ ਸਾਲ ਵੀ ਸਰਕਾਰ ਦੀ ਚੁੱਪ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਤਾਂ 3 ਨਵੰਬਰ, 7 ਨਵੰਬਰ, 9 ਨਵੰਬਰ ਅਤੇ 10 ਨਵੰਬਰ ਨੂੰ ਚਾਰ ਜ਼ਿਮਨੀ ਚੋਣਾਂ ਵਿੱਚ ਕਾਲੇ ਝੰਡਿਆਂ ਨਾਲ ਪਿੰਡ-ਪਿੰਡ ਜਾ ਕੇ ਰੋਸ ਮਾਰਚ ਕੀਤੇ ਜਾਣਗੇ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕੁਲਵੰਤ ਸਿੰਘ,ਰਾਜਿੰਦਰ ਕੁਮਾਰ, ਬਲਵੰਤ ਢਿੱਲੋਂ, ਰਾਮ ਲਾਲ ਸ਼ਰਮਾ, ਸੁਖਮੰਦਰ ਸਿੰਘ, ਹਵਾ ਸਿੰਘ, ਗੁਰਚਰਨ ਸਿੰਘ, ਹਰਨੇਕ ਸਿੰਘ, ਚੰਦਰ ਪ੍ਰਕਾਸ਼, ਭਗਵਾਨ ਦਾਸ, ਮੇਲਾ ਸਿੰਘ, ਸੀਤ ਰਾਮ ਸ਼ਰਮਾ, ਬਾਲ ਕਿਸ਼ਨ ਚੌਹਾਨ ਹਾਜ਼ਰ ਸਨ।