ਪੈਨਸ਼ਨਰਾਂ ਵੱਲੋਂ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਸੰਘਰਸ਼ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਖੰਨਾ, 24 ਜੂਨ
ਅੱਜ ਇਥੇ ਪੈਨਸ਼ਨਰਜ਼ ਐਸੋਸ਼ੀਏਸ਼ਨ ਦੇ ਮੈਂਬਰਾਂ ਦੀ ਇੱਕਤਰਤਾ ਬਲਬੀਰ ਚੰਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੈਨਸ਼ਨਰਾਂ ਨੇ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਵਿਕਾਸ ਦੇ ਨਾਂਅ ‘ਤੇ 200 ਰੁਪਏ ਪ੍ਰਤੀ ਮਹੀਨਾ ਪੈਨਸ਼ਨਰਜ਼ ਤੋਂ ਵਸੂਲੀ ਕਰਨ ਦੇ ਫਰਮਾਨ ਦੀ ਚਰਚਾ 3 ਲੱਖ ਤੋਂ ਵੱਧ ਪੈਨਸ਼ਨਰ ‘ਚ ਸ਼ੁਰੂ ਹੋਈ ਜਿਨ੍ਹਾਂ ਸਰਕਾਰ ਦੀ ਕਾਰਜਕਾਰਨੀ ਸ਼ੈਲੀ ਦਾ ਸਖ਼ਤ ਵਿਰੋਧ ਕੀਤਾ। ਇਸ ਮੌਕੇ ਬਲਬੀਰ ਚੰਦ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਪੈਨਸ਼ਨਰਜ਼ 26 ਜੂਨ ਨੂੰ ਸਵੇਰੇ ਇਥੋਂ ਦੇ ਲਲਹੇੜੀ ਚੌਕ ‘ਤੇ ਰੋਸ ਰੈਲੀ ਕੱਢਣਗੇ। ਇਸ ਦੌਰਾਨ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੇ ਘਰ ਦਾ ਘਿਰਾਓ ਕਰ ਕੇ ਟੈਕਸ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।
ਲੁਧਿਆਣਾ (ਖੇਤਰੀ ਪ੍ਰਤੀਨਿਧ): ਪੀਏਯੂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੋਂ 200 ਰੁਪਏ ਪ੍ਰਤੀ ਮਹੀਨਾ ਉਗਰਾਹੁਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਐਸੋਸੀਏਸ਼ਨ ਦੇ ਨੁਮਾਇੰਦਿਆ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨ ਧਾਰਕਾਂ ਨੂੰ ਡੀਏ ਦੇ ਬਕਾਏ ਦੇਣ ਤੋਂ ਆਨਾਕਾਨੀ ਕਰ ਰਹੀ ਹੈ ਪਰ ਦੂਜੇ ਪਾਸੇ ਵਿਕਾਸ ਦੇ ਨਾਂ ਹੇਠ ਉਨ੍ਹਾਂ ਉੱਪਰ 200 ਰੁਪਏ ਪ੍ਰਤੀ ਮਹੀਨੇ ਦਾ ਜਜ਼ੀਆ ਉਗਰਾਹੁਣ ਲਈ ਫੁਰਮਾਨ ਜਾਰੀ ਕਰ ਦਿੱਤੇ ਹਨ।
ਐਸੋਸੀਏਸਨ ਦੇ ਪ੍ਰਧਾਨ ਸੁਖਦੇਵ ਸਿੰਘ, ਉੱਪ ਪ੍ਰਧਾਨ ਜਸਵੰਤ ਜੀਰਖ, ਜਨਰਲ ਸਕੱਤਰ ਆਸਾ ਸਿੰਘ ਪੰਨੂ ਅਤੇ ਜੁਆਇੰਟ ਸਕੱਤਰ ਸਵਰਨ ਸਿੰਘ ਰਾਣਾ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਉਸਨੇ ਕਿਹੜੇ ਵਿਕਾਸ ਬਦਲੇ ਇਹ ਟੈਕਸ ਲਾਇਆ ਹੈ? ਆਗੂਆਂ ਨੇ ਮੰਗ ਕੀਤੀ ਹੈ ਕਿ ਲਾਏ ਗਏ ਇਸ ਜਜ਼ੀਆ ਟੈਕਸ ਦਾ ਫੁਰਮਾਨ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਆਗੂਆਂ ਨੇ ‘ਆਪ’ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕਰਦਿਆਂ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਹਰ ਰੋਜ਼ ਮੰਤਰੀਆਂ ਦੇ ਘਿਰਾਓ ਹੋ ਰਹੇ ਹਨ, ਕੀ ਇਹ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਨ ਹੋ ਰਹੇ ਹਨ ? ਆਗੂਆਂ ਨੇ ਮੰਗ ਕੀਤੀ ਹੈ ਕਿ ਲਾਏ ਗਏ ਇਸ ਜਜ਼ੀਆ ਟੈਕਸ ਦਾ ਫੁਰਮਾਨ ਤੁਰੰਤ ਵਾਪਸ ਲਿਆ ਜਾਵੇ।