ਦੇਸ਼ ਭਗਤ ਯਾਦਗਾਰ ਕਮੇਟੀ ਨੇ ਕੀਤੀ ਬੁੱਧੀਜੀਵੀਆਂ ਨੂੰ ਰਿਹਾਅ ਕਰਨ ਦੀ ਮੰਗ
ਪੱਤਰ ਪ੍ਰੇਰਕ
ਜਲੰਧਰ , 14 ਅਕਤੂਬਰ
ਲੋਕ ਹੱਕਾਂ ਲਈ ਜੂਝਣ ਵਾਲੇ ਬੁੱਧੀਮਾਨ ਪ੍ਰੋ. ਜੀ.ਐੱਨ. ਸਾਈਂ ਬਾਬਾ ਦੇ ਦੇਹਾਂਤ ’ਤੇ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਉਨ੍ਹਾਂ ਦੇ ਪਰਿਵਾਰ, ਸਾਕ-ਸਬੰਧੀਆਂ ਅਤੇ ਸੰਗੀ ਸਾਥੀਆਂ ਨਾਲ ਦੁੱਖ਼ ’ਚ ਸ਼ਰੀਕ ਹੁੰਦਿਆਂ ਉਨ੍ਹਾਂ ਦੀ ਮੌਤ ਨੂੰ ਸੰਸਥਾਗਤ ਹੱਤਿਆ ਦਾ ਨਾਂਅ ਦਿੱਤਾ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੋਸ਼ ਲਾਇਆ ਹੈ ਕਿ ਜੇਲ੍ਹ ਦੇ ਮਾਨਵ ਵਿਰੋਧੀ ਹਾਲਾਤ, ਯੂ.ਏ.ਪੀ.ਏ. ਵਰਗੇ ਕਾਲ਼ੇ ਕਾਨੂੰਨ ਪ੍ਰੋ. ਸਾਈਂ ਬਾਬਾ ਨੂੰ ਸਾਡੇ ਕੋਲੋਂ ਖੋਹਣ ਦੇ ਜ਼ਿੰਮੇਵਾਰ ਹਨ।
ਉਨ੍ਹਾਂ ਕਿਹਾ ਕਿ ਸਮਾਜਿਕ ਅਤੇ ਜਮਹੂਰੀ ਲਹਿਰ ਦੀ ਬੁਲੰਦ ਆਵਾਜ਼ ਸਟੈਨ ਸੁਆਮੀ ਅਤੇ ਭਰ ਜੁਆਨ ਆਦਿਵਾਸੀ ਕਾਰਕੁਨ ਪਾਂਡੂ ਨਰੋਟੇ ਵੀ ਇਸੇ ਤਰ੍ਹਾਂ ਜਮਹੂਰੀ ਲਹਿਰ ਕੋਲੋਂ ਖੋਹੇ ਗਏ ਹਨ।
ਕਮੇਟੀ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਸਭਨਾਂ ਬੁੱਧੀਜੀਵੀਆਂ, ਸਮਾਜਕ, ਜਮਹੂਰੀ ਕਾਮਿਆਂ ਨੂੰ ਬਿਨਾ ਸ਼ਰਤ ਤੁਰੰਤ ਰਿਹਾਅ ਕੀਤਾ ਜਾਏ। ਯੂ.ਏ.ਪੀ.ਏ. ਵਰਗੇ ਕਾਲ਼ੇ ਕਾਨੂੰਨ ਰੱਦ ਕੀਤੇ ਜਾਣ ਅਤੇ ਜਮਹੂਰੀ ਆਵਾਜ਼ ਦਾ ਗਲਾ ਘੁੱਟਣਾ ਬੰਦ ਕੀਤਾ ਜਾਏ।
ਅੱਜ ਦੀ ਸੋਗ ਬੈਠਕ ਵਿੱਚ ਬਰਮਿੰਘਮ (ਯੂ.ਕੇ.) ਤੋਂ ਆਏ ਪਿਆਰਾ ਸਿੰਘ ਪੁਰੇਵਾਲ ਤੋਂ ਇਲਾਵਾ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਅਤੇ ਸੁਰਿੰਦਰ ਕੁਮਾਰੀ ਕੋਛੜ ਨੇ ਵੀ ਪ੍ਰੋ. ਸਾਈ ਬਾਬਾ ਨੂੰ ਸ਼ਰਧਾਂਜਲੀ ਭੇਂਟ ਕੀਤੀ।