ਮਰੀਜ਼ ਨੇ ਹਸਪਤਾਲ ਦੀ ਚੌਥੀ ਮੰਜ਼ਿਲ ਤੋਂ ਮਾਰੀ ਛਾਲ, ਮੌਤ
ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਕਤੂਬਰ
ਇੱਥੇ ਦਿੱਲੀ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਪੱਛਮੀ ਦਿੱਲੀ ਦੇ ਦਵਾਰਕਾ ਖੇਤਰ ਵਿੱਚ ਇੱਕ ਨਿੱਜੀ ਹਸਪਤਾਲ ਦੀ ਚੌਥੀ ਮੰਜ਼ਿਲ ਤੋਂ ਕਥਿਤ ਤੌਰ ’ਤੇ ਛਾਲ ਮਾਰਨ ਤੋਂ ਬਾਅਦ ਇੱਕ 63 ਸਾਲਾ ਸੇਵਾਮੁਕਤ ਕੇਂਦਰੀ ਸਰਕਾਰੀ ਕਰਮਚਾਰੀ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸਬੰਧਤ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਮੌਤ ’ਤੇ ਸ਼ੱਕ ਪ੍ਰਗਟਾਇਆ ਹੈ। ਉਧਰ, ਪਹਿਲੀ ਨਜ਼ਰੇ ਇਹ ਮਾਨਸਿਕ ਪ੍ਰੇਸ਼ਾਨੀ ਨਾਲ ਹੋਈ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦਵਾਰਕਾ ਦੇ ਮੋਹਨ ਗਾਰਡਨ ਖੇਤਰ ਦੇ ਵਾਸੀ ਜੈ ਸਿੰਘ ਰਾਵਤ ਵਜੋਂ ਹੋਈ ਹੈ ਅਤੇ ਉਹ ਤਿੰਨ ਸਾਲ ਪਹਿਲਾਂ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਇਆ ਸੀ। ਪੁਲੀਸ ਨੂੰ ਇਸ ਸਬੰਧੀ ਸ਼ੁੱਕਰਵਾਰ ਰਾਤ ਨੂੰ ਇੱਕ ਨਿੱਜੀ ਹਸਪਤਾਲ ਤੋਂ ਇਸ ਸਬੰਧੀ ਫੋਨ ਆਇਆ ਸੀ। ੈ। ਹਸਪਤਾਲ ਦੇ ਬਿਆਨ ਅਨੁਸਾਰ ਮਰੀਜ਼ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਪਹਿਲਾਂ ਵੀ ਕਈ ਵਾਰ ਇਸੇ ਹਸਪਤਾਲ ਵਿੱਚ ਦਾਖ਼ਲ ਸੀ। ਉਸ ਨੂੰ ਹਾਲ ਹੀ ਵਿੱਚ 28 ਸਤੰਬਰ ਨੂੰ ਦਾਖਲ ਕਰਵਾਇਆ ਗਿਆ ਸੀ ਅਤੇ ਉਹ ਤਿੰਨ ਦਿਨਾਂ ਤੋਂ ਆਈਸੀਯੂ ਵਾਰਡ ਵਿੱਚ ਸੀ ਅਤੇ ਬਾਅਦ ਵਿੱਚ ਇੱਕ ਕਮਰੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਉਸ ਦੀ ਪਤਨੀ ਉਸ ਦੀ ਦੇਖਭਾਲ ਕਰ ਰਹੀ ਸੀ। ਰਾਤ ਕਰੀਬ 8 ਵਜੇ ਉਹ ਚੌਥੀ ਮੰਜ਼ਿਲ ’ਤੇ ਗਿਆ ਤੇ ਉਥੋਂ ਛਾਲ ਮਾਰ ਦਿੱਤੀ। ਪੁਲੀਸ ਨੇ ਮੋਹਨ ਬਾਗ ਥਾਣੇ ਵਿੱਚ ਇਸ ਸਬੰਧੀ ਕੇਸ ਦਰਜ ਕਰਕੇ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।