For the best experience, open
https://m.punjabitribuneonline.com
on your mobile browser.
Advertisement

ਪਾਿੜ੍ਹਆਂ ਲਈ ਜਾਨ ਦਾ ਖੌਅ ਬਣਿਆ ਪਟਿਆਲਾ-ਰਾਜਪੁਰਾ ਕੌਮੀ ਮਾਰਗ

07:47 AM Jul 16, 2024 IST
ਪਾਿੜ੍ਹਆਂ ਲਈ ਜਾਨ ਦਾ ਖੌਅ ਬਣਿਆ ਪਟਿਆਲਾ ਰਾਜਪੁਰਾ ਕੌਮੀ ਮਾਰਗ
ਕੌਮੀ ਮਾਰਗ ਪਾਰ ਕਰਨ ਲਈ ਵਾਹਨ ਲੰਘਣ ਦੀ ਉਡੀਕ ਕਰਦੇ ਹੋਏ ਸਕੂਲੀ ਬੱਚੇ । -ਫੋਟੋ: ਰਾਜੇਸ਼ ਸੱਚਰ
Advertisement

ਮੋਹਿਤ ਖੰਨਾ
ਪਟਿਆਲਾ (ਰਾਜਪੁਰਾ), 15 ਜੁਲਾਈ
ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਤਹਿਸੀਲ ਵਿੱਚ ਪੈਂਦੇ ਪਿੰਡ ਖੇੜੀ ਗੰਡਿਆਂ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਅਸਲ ਚੁਣੌਤੀ ਗਣਿਤ ਜਾਂ ਅੰਗਰੇਜ਼ੀ ਨਹੀਂ ਹੈ ਬਲਕਿ ਪਟਿਆਲਾ-ਰਾਜਪੁਰਾ ਕੌਮੀ ਮਾਰਗ (ਐੱਨਐੱਚ-64) ਹੈ ਜੋ ਕਿ ਚਹੁੰ-ਮਾਰਗੀ ਹੈ। ਇਸ ਕੌਮੀ ਮਾਰਗ ’ਤੇ ਭਾਰੀ ਆਵਾਜਾਈ ਨੂੰ ਲੰਘ ਕੇ ਅਤੇ ਆਪਣੀ ਜਾਨ ਤਲੀ ’ਤੇ ਰੱਖ ਕੇ ਰੋਜ਼ਾਨਾ ਪਿੰਡ ਦੇ ਬੱਚੇ ਸਿੱਖਿਆ ਹਾਸਲ ਕਰਨ ਲਈ ਸਕੂਲ ਜਾਂਦੇ ਹਨ। ਦੂਜੇ ਪਾਸੇ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰੀ ਸਕੂਲਾਂ, ਖ਼ਾਸ ਕਰ ਕੇ ਪਿੰਡਾਂ ਦੇ ਸਕੂਲਾਂ ’ਚ ਬਦਲਾਅ ਲਿਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ 6ਵੀਂ ਤੋਂ 10ਵੀਂ ਜਮਾਤ ਤੱਕ ਦੇ ਤਕਰੀਬਨ 200 ਬੱਚੇ ਰੋਜ਼ਾਨਾ ਭਾਰੀ ਆਵਾਜਾਈ ਵਾਲੇ ਇਸ ਕੌਮੀ ਮਾਰਗ ਨੂੰ ਪਾਰ ਕਰ ਕੇ ਸਕੂਲ ਪਹੁੰਚਦੇ ਹਨ। ਦੁਪਹਿਰ ਵੇਲੇ ਉਨ੍ਹਾਂ ਦਾ ਵਾਪਸੀ ਦਾ ਸਫ਼ਰ ਵੀ ਓਨਾ ਹੀ ਖ਼ਤਰਨਾਕ ਹੁੰਦਾ ਹੈ ਕਿਉਂਕਿ ਉਦੋਂ ਵੀ ਉਨ੍ਹਾਂ ਨੂੰ ਮੁੜ ਇਹ ਕੌਮੀ ਮਾਰਗ ਪਾਰ ਕਰਨਾ ਪੈਂਦਾ ਹੈ। ਅੱਠਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਕਿਹਾ, ‘‘ਸਾਡਾ ਬਾਪੂ ਕਿਹੜਾ ਡੀਸੀ ਲੱਗਿਆ। ਸਾਨੂੰ ਤਾਂ ਹਰ ਰੋਜ਼ ਆਪਣੀ ਜਾਨ ਤਲੀ ’ਤੇ ਰੱਖ ਕੇ ਸਕੂਲ ਜਾਣਾ ਪੈਂਦਾ ਹੈ।’’ ਇਕ ਸਥਾਨਕ ਵਸਨੀਕ ਤਰਸੇਮ ਸਿੰਘ ਸੜਕ ਪਾਰ ਕਰਨ ਵਿੱਚ ਆਪਣੇ ਅਤੇ ਹੋਰ ਬੱਚਿਆਂ ਦੀ ਮਦਦ ਕਰਦਾ ਹੈ। ਉਸ ਨੇ ਕਿਹਾ, ‘‘ਮੈਂ ਹਰ ਰੋਜ਼ ਘਰੋਂ ਇਹੀ ਅਰਦਾਸ ਕਰ ਕੇ ਤੁਰਦਾ ਹਾਂ ਕਿ ਬੱਚੇ ਸਹੀ-ਸਲਾਮਤ ਸਕੂਲੋਂ ਵਾਪਸ ਘਰ ਆ ਜਾਣ। ’’ ਉਸ ਨੇ ਕਿਹਾ, ‘‘ਕਈ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਸ਼ਾਹਰਾਹ ਅਥਾਰਿਟੀ ਨੇ ਨਾ ਤਾਂ ਇੱਥੇ ਕੋਈ ਸਾਈਨ ਬੋਰਡ ਲਾਇਆ ਤੇ ਨਾ ਹੀ ਸਪੀਡ ਬਰੇਕਰ ਜਾਂ ਪੈਦਲ ਚੱਲਣ ਵਾਲਿਆਂ ਲਈ ਕੋਈ ਓਵਰਪਾਸ ਬਣਾਇਆ ਹੈ।’’ ਇਸੇ ਦੌਰਾਨ ਖਾਨਪੁਰ ਪਿੰਡ ਦੇ ਵਸਨੀਕਾਂ ਨੇ ਵੀ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ।
ਉੱਧਰ, ਇਸ ਸਬੰਧੀ ਖੇੜੀ ਗੰਡਿਆਂ ਹਾਈ ਸਕੂਲ ਦੇ ਪ੍ਰਿੰਸੀਪਲ ਨਾਇਬ ਸਿੰਘ ਨੇ ਇਸ ਸਬੰਧੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਸਬੰਧੀ ਕਈ ਪੱਤਰ ਅਧਿਕਾਰੀਆਂ ਨੂੰ ਭੇਜੇ ਗਏ ਹਨ। ਉਨ੍ਹਾਂ ਕਿਹਾ, ‘‘ਸਾਨੂੰ ਪੈਦਲ ਚੱਲਣ ਵਾਲਿਆਂ ਲਈ ਇਕ ਓਵਰਪਾਸ ਅਤੇ ਇਕ ਸੁਰੱਖਿਅਤ ਰਸਤੇ ਦੀ ਲੋੜ ਹੈ ਤਾਂ ਜੋ ਵਿਦਿਆਰਥੀ ਬਿਨਾ ਕਿਸੇ ਡਰ ਤੋਂ ਸਕੂਲ ਆ ਸਕਣ ਅਤੇ ਵਾਪਸ ਘਰਾਂ ਨੂੰ ਜਾ ਸਕਣ।

Advertisement

ਸਾਡੇ ਕੋਲ ਇਸ ਸਬੰਧੀ ਕਦੇ ਕੋਈ ਸ਼ਿਕਾਇਤ ਨਹੀਂ ਆਈ: ਡੀਈਓ

ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਸੰਜੀਵ ਕੁਮਾਰ ਨੇ ਇਸ ਬਾਰੇ ਗੱਲ ਕਰਨ ’ਤੇ ਕਿਹਾ, ‘‘ਵਿਦਿਆਰਥੀਆਂ ਨੂੰ ਹਾਦਸੇ ਦੇ ਖ਼ਤਰੇ ਦੇ ਸਬੰਧ ਵਿੱਚ ਅੱਜ ਤੋਂ ਪਹਿਲਾਂ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ। ਹੁਣ ਜਦੋਂ ਤੁਸੀਂ ਇਹ ਮਾਮਲਾ ਸਾਡੇ ਧਿਆਨ ਵਿੱਚ ਲਿਆਂਦਾ ਹੈ ਤਾਂ ਅਸੀਂ ਮਸਲੇ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।’’

Advertisement
Author Image

joginder kumar

View all posts

Advertisement
Advertisement
×