ਖੁਸ਼ੀਆਂ ਦਾ ਰਾਹ
ਸੁਪਿੰਦਰ ਸਿੰਘ ਰਾਣਾ
ਘਰ ਦਾ ਗੇਟ ਖੜਕਿਆ। ਬਾਹਰ ਨਿਕਲਿਆ ਤਾਂ ਸਾਹਮਣੇ ਡਾ. ਕਰਨੈਲ ਸਿੰਘ ਸੋਮਲ ਖੜ੍ਹੇ ਸਨ। ਆਖਣ ਲੱਗੇ, ‘‘ਮੈਂ ਤੇਰੇ ਕੋਲ ਹੀ ਆਇਆ ਸੀ ਭਾਈ।’’ ਮੈਂ ਕਿਹਾ, ‘‘ਸੇਵਾ ਦੱਸੋ। ਫੋਨ ਕਰ ਦਿੰਦੇ ਘਰੇ ਆ ਜਾਂਦਾ। ਕਾਹਨੂੰ ਕਸ਼ਟ ਕਰਨਾ ਸੀ।’’ ਮੈਂ ਅੰਦਰ ਆਉਣ ਲਈ ਕਿਹਾ। ਉਹ ਆਖਣ ਲੱਗੇ, ‘‘ਇਹ ਮੇਰੀ ਆਖਰੀ ਕਿਤਾਬ ਦਾ ਖਰੜਾ ਹੈ। ਇਸ ’ਤੇ ਝਾਤ ਮਾਰ ਲੈਣੀ। ਹੁਣ ਉਮਰ ਜ਼ਿਆਦਾ ਹੋਣ ਕਾਰਨ ਪਹਿਲਾਂ ਵਾਲੀ ਗੱਲ ਨਹੀਂ ਰਹੀ। ਹੱਥ ਕੰਬ ਜਾਂਦੇ ਨੇ। ਯਾਦਦਾਸ਼ਤ ਵੀ ਪਹਿਲਾਂ ਵਾਲੀ ਨਹੀਂ ਰਹੀ। ਤੁਹਾਨੂੰ ਜ਼ਿਆਦਾ ਖੇਚਲ ਦੇ ਰਿਹਾ ਹਾਂ।’’ ਇਹ ਕਹਿੰਦਿਆਂ ਉਨ੍ਹਾਂ ਫਾਈਲ ਮੇਰੇ ਹੱਥਾਂ ਵਿੱਚ ਫੜਾ ਦਿੱਤੀ। ਮੈਂ ਆਖਿਆ, ‘‘ਅਜਿਹਾ ਆਖ ਕੇ ਤੁਸੀਂ ਮੈਨੂੰ ਸ਼ਰਮਿੰਦਾ ਕਰ ਰਹੇ ਹੋ। ਬਾਕੀ ਰਹੀ ਆਖਰੀ ਕਿਤਾਬ ਦੀ ਗੱਲ ਅਜੇ ਤਾਂ ਤੁਸੀਂ ਹੋਰ ਕਈ ਪੁਸਤਕਾਂ ਲਿਖਣੀਆਂ ਨੇ ਸਾਡੇ ਪੜ੍ਹਨ ਲਈ।’’ ਉਨ੍ਹਾਂ ਆਖਿਆ, ‘‘ਹੁਣ ਸਰੀਰ ਪਹਿਲਾਂ ਵਰਗਾ ਨਹੀਂ ਰਿਹਾ। ਇਸ ਲਈ ਇਹ ਆਖਰੀ ਪੁਸਤਕ ਹੀ ਸਮਝ ਲਓ।’’ ਇੰਨਾ ਕਹਿ ਕੇ ਉਹ ਤੁਰਨ ਲੱਗੇ। ਮੈਂ ਬਥੇਰਾ ਬੈਠਣ ਲਈ ਕਿਹਾ ਪਰ ਉਹ ਨਾ ਮੰਨੇ। ਪਿੱਛੇ ਜਿਹੇ ਉਨ੍ਹਾਂ ਦੀਆਂ ਜਿਹੜੀਆਂ ਦੋ-ਚਾਰ ਕਿਤਾਬਾਂ ਛਪੀਆਂ ਸਨ, ਉਨ੍ਹਾਂ ਦਾ ਖਰੜਾ ਉਨ੍ਹਾਂ ਮੈਥੋਂ ਪੜ੍ਹਾਇਆ ਸੀ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਸੀ ਕਿ ਅਜਿਹੇ ਸਾਹਿਤਕਾਰ ਸਾਡੇ ਘਰ ਦੇ ਨੇੜੇ ਰਹਿੰਦੇ ਹਨ ਅਤੇ ਉਨ੍ਹਾਂ ਸਦਕਾ ਹੀ ਮੈਨੂੰ ਵੀ ਲਿਖਣ ਦੀ ਚੇਟਕ ਲੱਗੀ। ਉਨ੍ਹਾਂ ਵੱਲੋਂ ਦਿੱਤਾ ਪੁਸਤਕ ਦਾ ਖਰੜਾ ਪੜ੍ਹਨ ਲਈ ਮੈਨੂੰ ਦੋ ਕੁ ਦਿਨ ਤਾਂ ਸਮਾਂ ਨਾ ਲੱਗਿਆ। ਤੀਜੇ ਦਿਨ ਪੈਨਸਿਲ ਲੈ ਕੇ ਸਵੇਰੇ ਹੀ ਇਸ ਨੂੰ ਪੜ੍ਹਨ ਲੱਗ ਪਿਆ। ਜਿਉਂ-ਜਿਉਂ ਇਸ ਨੂੰ ਪੜ੍ਹ ਰਿਹਾ ਸੀ ਤਾਂ ਮਹਿਸੂਸ ਹੋ ਰਿਹਾ ਸੀ ਕਿ ਸਾਡੇ ਘਰ ਵਿੱਚ ਅਤੇ ਨੇੜੇ ਕਾਫ਼ੀ ਅਜਿਹੇ ਵਿਅਕਤੀ ਰਹਿੰਦੇ ਹਨ, ਜਿਨ੍ਹਾਂ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਖ਼ੁਸ਼ੀਆਂ ਮਾਣੀਆਂ ਜਾ ਸਕਦੀਆਂ ਹਨ। ਇਸ ਲਈ ਦੂਰ ਕਿਤੇ ਜਾਣ ਦੀ ਲੋੜ ਨਹੀਂ।
ਪੁਸਤਕ ‘ਖੁਸ਼ੀਆਂ ਦੇ ਰਾਹ’ ਉਹ ਪਗਡੰਡੀ ਜਾਪ ਰਹੀ ਸੀ ਜੋ ਲੇਖਕ ਦੀ ਜ਼ਿੰਦਗੀ ਦਾ ਅਨੋਖਾ ਤਜਰਬਾ ਪੇਸ਼ ਕਰਦੀ ਹੈ। ਜਿਉਂ-ਜਿਉਂ ਪੁਸਤਕ ਪੜ੍ਹ ਰਿਹਾ ਸੀ ਤਾਂ ਵੱਖਰੀ ਤਰ੍ਹਾਂ ਦਾ ਸੁਖਾਵਾਂ ਅਹਿਸਾਸ ਹੋ ਰਿਹਾ ਸੀ। ਕੁਝ ਪੰਨੇ ਪੜ੍ਹਨ ਮਗਰੋਂ ਘਰ ਨੇੜੇ ਰਹਿੰਦੇ ਲਾਲ ਸਿੰਘ ਦਾ ਚਿਹਰਾ ਅੱਖਾਂ ਅੱਗੇ ਘੁੰਮਣ ਲੱਗਿਆ। ਉਸ ਦਾ ਪੁਰਾਣਾ ਪਿੰਡ ਕੁਰਾਲੀ ਕੋਲ ਘਟੌਰ ਹੈ। ਮਗਰੋਂ ਉਸ ਦੇ ਵੱਡ-ਵਡੇਰੇ ਜ਼ੀਰਕਪੁਰ ਕੋਲ ਭਬਾਤ ਪਿੰਡ ਆ ਵਸੇ। ਫੇਰ ਉਹ ਇੱਥੇ ਮੁਹਾਲੀ ਆ ਕੇ ਵਸ ਗਿਆ। ਉਹ ਸੀਟੀਯੂ (ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ) ਵਿਭਾਗ ਵਿੱਚੋਂ ਸੇਵਾਮੁਕਤ ਹੋਇਆ ਸੀ। ਉਸ ਨਾਲ ਜਾਣ ਪਛਾਣ ਗੁਰੂਘਰ ਦੀ ਕਮੇਟੀ ਦੀ ਚੋਣ ਵੇਲੇ ਹੋਈ। ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ। ਸੰਗਤ ਪਹਿਲੇ ਸਟੋਰ ਕੀਪਰਾਂ ਵੱਲੋਂ ਪੂਰਾ ਸਹਿਯੋਗ ਨਾ ਮਿਲਣ ਕਾਰਨ ਇਹ ਅਹੁਦਾ ਕਿਸੇ ਯੋਗ ਉਮੀਦਵਾਰ ਨੂੰ ਦੇਣਾ ਚਾਹੁੰਦੀ ਸੀ। ਸਾਰਿਆਂ ਪ੍ਰਬੰਧਕਾਂ ਨੇ ਇਸ ਕੰਮ ਲਈ ਲਾਲ ਸਿੰਘ ਦੀ ਚੋਣ ਕੀਤੀ। ਉਸ ਵੀ ਸਿਰ ਝੁਕਾ ਕੇ ਇਹ ਸੇਵਾ ਪ੍ਰਵਾਨ ਕੀਤੀ।
ਡਿਊਟੀ ਸੰਭਾਲਣ ਮਗਰੋਂ ਲਾਲ ਸਿੰਘ ਨੇ ਕੁਝ ਹੀ ਦਿਨਾਂ ਵਿੱਚ ਸਟੋਰ ਦਾ ਹੁਲੀਆ ਹੀ ਸਵਾਰ ਦਿੱਤਾ। ਸਫਾਈ ਕਰਵਾ ਕੇ ਸਾਰੀਆਂ ਚੀਜ਼ਾਂ ਤਰਤੀਬਵਾਰ ਰੱਖ ਦਿੱਤੀਆਂ। ਫਾਲਤੂ ਦਾ ਸਾਮਾਨ ਲੋੜਵੰਦਾਂ ਨੂੰ ਵੰਡ ਦਿੱਤਾ। ਉਸ ਸਟੋਰ ਦੀ ਇੱਕ ਚਾਬੀ ਸੇਵਾਦਾਰ ਨੂੰ ਦੇ ਦਿੱਤੀ, ਤਾਂ ਜੋ ਜੇ ਕਿਤੇ ਬਾਹਰ ਅੰਦਰ ਜਾਣਾ ਪਵੇ ਤਾਂ ਸੰਗਤ ਨੂੰ ਸਾਮਾਨ ਲੈਣ ਵਿੱਚ ਕੋਈ ਦਿੱਕਤ ਨਾ ਆਵੇ। ਹੁਣ ਕਿਸੇ ਨੂੰ ਸਟੋਰ ਵਿੱਚ ਕੋਈ ਚੀਜ਼ ਲੱਭਣ ਵਿੱਚ ਦਿੱਕਤ ਨਹੀਂ ਆਉਂਦੀ ਸੀ। ਪਹਿਲਾਂ ਜਿਵੇਂ ਸਾਮਾਨ ਸਵੇਰੇ ਸ਼ਾਮ ਹੀ ਮਿਲਿਆ ਕਰਦਾ ਸੀ, ਉਹ ਹੁਣ ਕਿਸੇ ਵੇਲੇ ਵੀ ਮਿਲ ਜਾਂਦਾ ਸੀ। ਲਾਲ ਸਿੰਘ ਨੇ ਆਪਣਾ ਫੋਨ ਨੰਬਰ ਸਟੋਰ ਦੇ ਬਾਹਰ ਲਿਖ ਕੇ ਲਾ ਦਿੱਤਾ ਸੀ। ਸੰਗਤ ਵੀ ਉਸ ਦੇ ਕੰਮ ਤੋਂ ਕਾਫ਼ੀ ਖ਼ੁਸ਼ ਸੀ। ਜਦੋਂ ਵੀ ਗੁਰੂਘਰ ਵਿੱੱਚ ਕੋਈ ਸਮਾਗਮ ਹੋਣਾ ਤਾਂ ਉਨ੍ਹਾਂ ਬੱਚਿਆਂ ਨੂੰ ਕਿਸੇ ਸਾਮਾਨ ਲਈ ਨਾਂਹ ਨਾ ਕਰਨੀ। ਬੱਚਿਆਂ ਨੇ ਵੀ ਉਤਸ਼ਾਹ ਨਾਲ ਕੰਮ ਕਰਨਾ। ਹਰ ਕਿਸੇ ਕੋਲੋਂ ਕੰਮ ਲੈਣ ਦੀ ਕਲਾ ਉਸ ਨੂੰ ਆਉਂਦੀ ਸੀ। ਭਾਂਡੇ ਧੋਣ ਮਗਰੋਂ ਜੇ ਕੋਈ ਸਾਮਾਨ ਘਟ ਜਾਂਦਾ ਤਾਂ ਉਹ ਕਦੇ ਕਿਸੇ ਨੂੰ ਗੁੱਸੇ ਨਾ ਹੁੰਦਾ। ਸਗੋਂ ਆਪਣੇ ਪੱਲਿਓਂ ਪੈਸੇ ਪਾ ਕੇ ਸਾਮਾਨ ਪੂਰਾ ਕਰ ਦਿੰਦਾ। ਹੁਣ ਹਰ ਕੋਈ ਦਫ਼ਤਰ ਨਾਲੋਂ ਸਟੋਰ ਵਿੱਚ ਬੈਠਣਾ ਪਸੰਦ ਕਰਦਾ ਸੀ। ਲਾਲ ਸਿੰਘ ਦਾ ਹਾਸਾ ਦੂਰ ਤੋਂ ਦੱਸ ਦਿੰਦਾ ਕਿ ਉਹ ਸਟੋਰ ਵਿੱਚ ਹਾਜ਼ਰ ਹੈ। ਹਰ ਕਿਸੇ ਦੇ ਦੁੱਖ ਵੇਲੇ ਉਹ ਸਭ ਤੋਂ ਅੱਗੇ ਹੁੰਦਾ। ਦੂਜਿਆਂ ਦੇ ਦੁੱਖ ਨੂੰ ਉਹ ਆਪਣਾ ਦੁੱਖ ਸਮਝਦਾ। ਨੇੜਲੇ ਕਾਲਜ ਦੇ ਵਿਦਿਆਰਥੀ ਜਦੋਂ ਸਾਲ ਮਗਰੋਂ ਸਾਂਝਾ ਸਮਾਗਮ ਕਰਦੇ ਤਾਂ ਉਨ੍ਹਾਂ ਦੀ ਮਦਦ ਕਰਦਾ। ਉਨ੍ਹਾਂ ਨੂੰ ਹਰ ਸਾਮਾਨ ਗੁਰੂਘਰ ਵਿੱਚੋਂ ਦੇ ਕੇ ਉਨ੍ਹਾਂ ਨਾਲ ਕੰਮ ਕਰਾਉਂਦਾ। ਜੇ ਕੋਈ ਵਿਅਕਤੀ ਦੋ ਚਾਰ ਦਿਨ ਦਿਖਾਈ ਨਾ ਦੇਵੇ ਤਾਂ ਉਸ ਦੇ ਘਰ ਜਾ ਕੇ ਉਸ ਦੀ ਖਬਰਸਾਰ ਜ਼ਰੂਰ ਲੈਂਦਾ। ਉਸ ਦੇ ਮਿਲਣਸਾਰ ਸੁਭਾਅ ਸਦਕਾ ਮੈਂ ਵੀ ਕਈ ਵਾਰ ਉਸ ਨੂੰ ਉਚੇਚਾ ਮਿਲਣ ਸਟੋਰ ਵਿੱਚ ਜਾਂਦਾ। ਉਸ ਕੋਲ ਬੈਠਿਆਂ ਸਮੇਂ ਦਾ ਪਤਾ ਹੀ ਨਾ ਲਗਦਾ। ਸਟੋਰ ਵਿੱਚ ਜੇ ਕੋਈ ਚੀਜ਼ ਬਹੁਤਾਤ ਵਿੱਚ ਹੋ ਜਾਂਦੀ ਤਾਂ ਉਹ ਪ੍ਰਬੰਧਕਾਂ ਦੀ ਸਹਿਮਤੀ ਨਾਲ ਸੇਵਾਦਾਰਾਂ ਨੂੰ ਵੰਡ ਦਿੰਦਾ। ਉਸ ਨੇ ਕਾਫ਼ੀ ਸਾਲ ਸਟੋਰ ਕੀਪਰ ਦੀ ਸੇਵਾ ਨਿਭਾਈ।
ਪ੍ਰਬੰਧਕ ਤਾਂ ਉਸ ਨੂੰ ਤੀਜੀ ਵਾਰ ਵੀ ਸਟੋਰ ਕੀਪਰ ਬਣਾਉਣਾ ਚਾਹੁੰਦੇ ਸਨ ਪਰ ਉਸ ਨੇ ਆਪਣੇ ਘਰ ਦੇ ਰੁਝੇਵਿਆਂ ਕਰਕੇ ਇਹ ਅਹੁਦਾ ਛੱਡਣ ਦੀ ਇੱਛਾ ਪ੍ਰਗਟਾਈ। ਉਹ ਚਾਹੁੰਦਾ ਸੀ ਕਿ ਹੁਣ ਕੋਈ ਹੋਰ ਇਹ ਸੇਵਾ ਕਰੇ। ਮਗਰੋਂ ਉਸ ਦੀ ਘਰਵਾਲੀ ਗੁਜ਼ਰ ਗਈ। ਹੁਣ ਵੀ ਉਹ ਸਵੇਰੇ ਪਾਰਕ ਵਿੱਚ ਯੋਗ ਕਰਦਾ ਅਤੇ ਠਹਾਕੇ ਮਾਰ ਕੇ ਹੱਸਦਾ ਦਿਖਾਈ ਦਿੰਦਾ। ਉਹ ਪਹਿਲੀ ਮਿਲਣੀ ਵਿੱਚ ਦੂਜੇ ਨੂੰ ਆਪਣਾ ਬਣਾ ਲੈਂਦਾ ਹੈ। ਪਿੱਛੇ ਜਿਹੇ ਉਸ ਨੂੰ ਉਸ ਦੇ ਵਿਭਾਗ ਨੇ ਅੱਸੀ ਸਾਲ ਦਾ ਹੋਣ ‘ਤੇ ਸਨਮਾਨਿਤ ਕੀਤਾ ਸੀ। ਉਹ ਕਿਸੇ ਕੰਮ ਨੂੰ ਨਾਂਹ ਨਾ ਕਰਦਾ ਤੇ ਹਰ ਕੰਮ ਵਿੱਚ ਮੋਹਰੀ ਹੁੰਦਾ। ਉਸ ਦੀ ਸਿਹਤ ਦੇਖ ਕੇ ਕੋਈ ਇਹ ਨਹੀਂ ਆਖ ਸਕਦਾ ਸੀ ਕਿ ਉਹ ਅੱਸੀ ਨੂੰ ਪਾਰ ਕਰ ਚੁੱਕਿਆ ਹੈ। ਸਾਈਕਲ ਚਲਾ ਕੇ ਪਾਰਕ ਵਿੱਚ ਤੜਕੇ ਹੀ ਪਹੁੰਚ ਜਾਂਦਾ। ਹੁਣ ਵੀ ਜਦੋਂ ਹਰ ਮਹੀਨੇ ਦੋ ਵਾਰੀ ਗੁਰੂਘਰ ਦੀ ਗੋਲਕ ਦੀ ਸੇਵਾ ਹੁੰਦੀ ਹੈ ਤਾਂ ਉਸ ਦੇ ਆਉਣ ਨਾਲ ਹਰ ਕਿਸੇ ਦਾ ਚਿਹਰਾ ਖਿੜ ਜਾਂਦਾ। ਉਹ ਆਪਣੀਆਂ ਗੱਲਾਂ ਨਾਲ ਹਰ ਕਿਸੇ ਦਾ ਜੀਅ ਲਾ ਕੇ ਰੱਖਦਾ। ਉਸ ਕੋਲ ਬੈਠਣ ਮਗਰੋਂ ਉੱਠਣ ਨੂੰ ਜੀਅ ਨਾ ਕਰਦਾ। ਪੁਸਤਕ ‘ਖੁਸ਼ੀਆਂ ਦੇ ਰਾਹ’ ਦਾ ਖਰੜਾ ਪੜ੍ਹਦਿਆਂ ਪਤਾ ਨਹੀਂ ਆਂਢ-ਗੁਆਂਢ ਦੇ ਕਿੰਨੇ ਚਿਹਰੇ ਅਤੇ ਆਪਣੇ ਘਰ ਦੇ ਕਈ ਸੁਹਾਵਣੇ ਪਲ ਅੱਖਾਂ ਅੱਗੋਂ ਗੁਜ਼ਰੇ। ਹੁਣ ਜਿੱਥੇ ਮੈਂ ਪੁਸਤਕ ਦਾ ਪਹਿਲਾ ਪਾਠਕ ਹੋਣ ਦਾ ਮਾਣ ਮਹਿਸੂਸ ਕਰ ਰਿਹਾ ਹਾਂ ਉਥੇ ਹੀ ਮੈਂ ਲੇਖਕ ਦਾ ਸ਼ੁਕਰਗੁਜ਼ਾਰ ਹਾਂ, ਜਿਸ ਕਾਰਨ ਮੈਂ ‘ਖੁਸ਼ੀਆਂ ਦੇ ਰਾਹ’ ਵੱਲ ਜਾਂਦੀਆਂ ਪਗਡੰਡੀਆਂ ’ਤੇ ਤੁਰਨ ਦਾ ਵੱਲ ਸਿੱਖ ਸਕਿਆਂ ਹਾਂ।
ਸੰਪਰਕ: 98152-33232