ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੌਜਵਾਨ ਅਤੇ ਖ਼ੁਦਮੁਖ਼ਤਾਰੀ ਦਾ ਰਾਹ

06:12 AM Aug 12, 2023 IST

ਡਾ. ਸ਼ਿਆਮ ਸੁੰਦਰ ਦੀਪਤੀ

ਨੌਜਵਾਨੀ ਦੀ ਇਕ ਤਸਵੀਰ ਜੋ ਪੇਸ਼ ਹੁੰਦੀ ਹੈ ਤੇ ਕਾਫੀ ਹੱਦ ਤਕ ਨਜ਼ਰ ਵੀ ਆਉਂਦੀ ਹੈ, ਉਹ ਜ਼ਰੂਰ ਨਿਰਾਸ਼ ਕਰਦੀ ਹੈ ਪਰ ਇਸ ਦਾ ਦੂਜਾ ਪਾਸਾ ਵੀ ਹੈ ਕਿ ਇਹ ਉਮਰ ਖ਼ੁਦਮੁਖ਼ਤਾਰੀ ਹਾਸਲ ਕਰਨ, ਆਤਮ-ਨਿਰਭਰ ਹੋਣ, ਆਪਣੀ ਜ਼ਿੰਦਗੀ ਦੇ ਫ਼ੈਸਲੇ ਆਪ ਕਰਨ ਦੀ ਸਮਰੱਥਾ ਵਾਲੇ ਹੁਨਰ ਦੀ ਵੀ ਹੈ; ਨਤੀਜੇ ਵਜੋਂ ਆਪਣਾ ਰਾਹ ਤਲਾਸ਼ ਕੇ ਬੁਲੰਦੀਆਂ ਹਾਸਲ ਕਰਨ ਦੇ ਯੋਗ ਵੀ ਹੈ। ਇਕ ਪਾਸੇ ਨੌਜਵਾਨ ਭੀੜ ਦਾ ਹਿੱਸਾ ਬਣ ਕੇ ਤੋੜ-ਫੋੜ, ਤਬਾਹੀ ਵੱਲ ਪਿਆ ਦਿਸਦਾ ਹੈ, ਨਵੇਂ ਭੀੜ-ਤੰਤਰ ਦਾ ਆਗੂ ਬਣ ਕੇ ਹਜੂਮੀ ਹੱਤਿਆ (ਲਿੰਚਿਗ) ਕਰਦਾ (ਭੀੜ-ਹਿੰਸਾ ਰਾਹੀਂ ਦੰਗਈ ਬਣਿਆ) ਨਜ਼ਰ ਆਉਂਦਾ ਹੈ ਤੇ ਆਪਣੇ ਕਾਰਨਾਮੇ ’ਤੇ ਮਾਣ ਵੀ ਕਰਦਾ ਹੈ। ਇਸ ਉਮਰ ਵਰਗ ਦਾ ਦੂਜਾ ਪਹਿਲੂ ਹੈ- ਲੱਖਾਂ ਹੀ ਨੌਜਵਾਨ ਆਪਣਾ ਭਵਿੱਖ ਰੋਸ਼ਨ ਕਰਨ ਲਈ ਦਾਖਲਿਆਂ ਦੀ ਤਿਆਰੀ ਵਿਚ ਸਿਰ ਸੁੱਟ ਕੇ ਮਿਹਨਤ ਕਰਦੇ ਹਨ। ਦਾਖਲਾ ਇਮਤਿਹਾਨ ਵਿਚੋਂ ਪਾਸ ਹੋ ਕੇ ਆਈਆਈਟੀ, ਆਈਆਈਐੱਮ, ਪ੍ਰਸ਼ਾਸਨਕ ਸੇਵਾਵਾਂ, ਡਾਕਟਰੀ, ਇੰਜਨੀਅਰਿੰਗ ਤੋਂ ਬਾਅਦ ਚੰਗੇ ਅਹੁਦਿਆਂ ’ਤੇ ਤਾਇਨਾਤ ਹੋ ਕੇ ਕਾਮਯਾਬੀ ਨਾਲ ਵਿਚਰਦੇ ਹਨ। ਇਸ ਤੋਂ ਇਲਾਵਾ ਕੁਝ ਸਰਦੇ ਪੁੱਜਦੇ ਘਰਾਣੇ, ਆਪਣੀ ਆਰਥਿਕ ਸਮਰੱਥਾ ਸਦਕਾ ਆਪਣੇ ਨੌਜਵਾਨ ਬੱਚਿਆਂ ਨੂੰ ਵਿਦੇਸ਼ਾਂ ਵਿਚ ਪੜ੍ਹਨ ਅਤੇ ਕੰਮ ਕਰਨ ਲਈ ਵੀ ਭੇਜਦੇ ਦੇਖੇ ਜਾ ਸਕਦੇ ਹਨ।
ਇਨ੍ਹਾਂ ਨੌਜਵਾਨਾਂ ਦੀ ਉਮਰ ਦਾ ਪੜਾਅ ਜ਼ਰੂਰ ਇਕੋ ਜਿਹਾ ਹੈ; ਭਾਵ, ਸੋਲਾਂ-ਸਤਾਰਾਂ ਸਾਲ ਤੋਂ ਇੱਕੀ-ਬਾਈ ਸਾਲ ਦਾ ਪਰ ਪਿਛੋਕੜ ਬਹੁਤ ਅਲਗ ਹੈ। ਜੇ ਕੁਦਰਤ ਦੇ ਪੈਦਾਵਾਰੀ ਅਮਲ ਨੂੰ ਸਾਹਮਣੇ ਰੱਖਿਆ ਜਾਵੇ ਤੇ ਜਨਮ ਤੋਂ ਜਵਾਨ ਹੋਣ ਤੱਕ ਦੇ ਵਰਤਾਰੇ ਨੂੰ ਸਮਝੀਏ ਤਾਂ ਕੁਦਰਤ ਪੱਖੋਂ ਸਭ ਨੂੰ ਇਕੋ ਜਿਹਾ ਬਿਨਾ ਕਿਸੇ ਵਿਤਕਰੇ ਤੋਂ ਵਿਕਾਸ ਮਿਲਿਆ ਹੈ। ਜੋ ਗੱਲ ਸਾਫ ਹੁੰਦੀ ਹੈ, ਉਹ ਇਹ ਕਿ ਕਿਵੇਂ ਸਾਡਾ ਸਮਾਜ, ਆਲਾ-ਦੁਆਲਾ ਅਤੇ ਸਾਡੀ ਵਿਵਸਥਾ ਜਿਵੇਂ ਚਾਹੇ ਉਸ ਰਾਹ ਪਾ ਦਿੰਦੇ ਹਨ।
ਇਸ ਤੋਂ ਇਕ ਨਤੀਜੇ ’ਤੇ ਤਾਂ ਪਹੁੰਚਿਆ ਜਾ ਸਕਦਾ ਹੈ- ਕੁਦਰਤ ਵੱਲੋਂ ਮਨੁੱਖ ਨੂੰ ਦਿੱਤੀ ਸਮਰੱਥਾ ਅਤੇ ਕਾਬਲੀਅਤ ਸਭ ਕੋਲ ਹੈ। ਜੋ ਕੋਈ ਇਸ ਨੂੰ ਉਲੀਕੇ, ਸਮਝੇ ਤਾਂ ਉਸ ਮੁਤਾਬਕ ਉਹ ਖ਼ੁਦ ਵੀ ਆਪਣਾ ਰਾਹ, ਆਪਣੀ ਖ਼ੁਦਮੁਖ਼ਤਾਰੀ ਹਾਸਲ ਕਰ ਸਕਦਾ ਹੈ। ਸਕੂਲ ਵਿਚ ਸਾਰੇ ਪੜ੍ਹਨ ਜਾਂਦੇ ਹਨ। ਛੇ ਸਾਲ ਦਾ ਬੱਚਾ ਪਹਿਲੀ ਜਮਾਤ ਵਿਚ ਦਾਖਲ ਹੋਵੇਗਾ, ਇਹ ਸਮਾਜਿਕ ਅਮਲ ਕੁਦਰਤ ਦੇ ਅਧਿਐਨ ਤੋਂ ਲਿਆ ਗਿਆ ਹੈ ਕਿ ਉਸ ਉਮਰ ਤੱਕ ਦਿਮਾਗ ਆਪਣਾ ਸਰੀਰਕ ਪੱਖ ਤੋਂ ਵਿਕਾਸ ਪੂਰਾ ਕਰ ਲੈਂਦਾ ਹੈ ਪਰ ਇਸ ਦੇ ਨਾਲ ਹੀ ਸਕੂਲ ਛੱਡ ਜਾਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਜੋ ਮੁੱਢਲੇ ਸਕੂਲ, 12ਵੀਂ ਅਤੇ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਸਪਸ਼ਟ ਨਜ਼ਰ ਆਉਂਦਾ ਹੈ।
ਸਕੂਲੀ ਪੜ੍ਹਾਈ ਦਾ ਦ੍ਰਿਸ਼ ਸਾਡੇ ਸਾਹਮਣੇ ਹੈ। ਸਰਕਾਰੀ ਸਕੂਲ ਜੋ ਹੁਣ ਸਿਰਫ ਅਤਿ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਰਾਖਵੇਂ ਹਨ, ਦੇ ਹਾਲਾਤ ਇਹ ਹਨ ਕਿ ਪੰਜ ਜਮਾਤਾਂ ਲਈ ਇਕ ਅਧਿਆਪਕ ਹੈ ਜਾਂ ਵੱਧ ਤੋਂ ਵੱਧ ਦੋ। ਪੰਜਵੀਂ ਤਕ ਪੜ੍ਹਾਈ ਲਾਜ਼ਮੀ ਹੈ। ਬੱਚੇ ਸਾਰੇ ਦਾਖਲ ਕਰਨੇ ਜ਼ਰੂਰੀ ਹਨ ਤੇ ਪਾਸ ਕਰਨੇ ਵੀ। ਕਾਰਗੁਜ਼ਾਰੀ ਦੀ ਹਾਲਤ ਇਹ ਹੈ ਕਿ ਛੇਵੀਂ ਵਿਚ ਪਹੁੰਚੇ ਬੱਚੇ ਨੂੰ ਦੂਜੀ ਜਮਾਤ ਦਾ ਬੁਨਿਆਦੀ ਹੁਨਰ ਵੀ ਨਹੀਂ ਹੁੰਦਾ। ਇਥੋਂ ਸਕੂਲ ਛੱਡਣ ਦੀ ਸ਼ੁਰੂਆਤ ਹੁੰਦੀ ਹੈ। ਨੌਵੀਂ ਜਮਾਤ ਵਿਚ ਜਿੱਥੇ ਵਿਗਿਆਨ ਦੀ ਸਿਧਾਂਤਕ ਪੜ੍ਹਾਈ ਸ਼ੁਰੂ ਹੁੰਦੀ ਹੈ, ਉਹ ਚਾਹੇ ਭੌਤਿਕ ਹੋਵੇ, ਜੀਵ ਵਿਗਿਆਨ ਜਾਂ ਸਮਾਜ ਮਨੋਵਿਗਿਆਨ; ਬੱਚੇ ਨੇ ਸਭ ਕੁਝ ਪ੍ਰਯੋਗਸ਼ਾਲਾ ਰਾਹੀਂ ਖ਼ੁਦ ਕਰ ਕੇ ਨਿਰਖ-ਪਰਖ ਰਾਹੀਂ ਸਿੱਖਣਾ ਹੁੰਦਾ ਹੈ।
ਪਿਛਲੇ ਕੁਝ ਦਹਾਕਿਆਂ ਤੋਂ ਉਦਾਰੀਕਰਨ, ਨਿਜੀਕਰਨ ਨੂੰ ਹਰ ਖੇਤਰ ਵਿਚ ਖੁੱਲ੍ਹ ਦੇ ਕੇ ਗਲੀ ਗਲੀ ਕਾਲਜ ਅਤੇ ਸ਼ਹਿਰ ਸ਼ਹਿਰ ਯੂਨੀਵਰਸਿਟੀਆਂ ਖੋਲ੍ਹਣ ਦਾ ਰਾਹ ਪੱਧਰਾ ਹੋਇਆ ਹੈ ਪਰ ਇਥੇ ਵੀ ਮੋਟੀ ਫੀਸ ਪੜ੍ਹਾਈ ਵਿਚ ਅੜਿੱਕਾ ਬਣਦੀ ਹੈ; ਭਾਵ, ਕੁਦਰਤ ਵਲੋਂ ਮਿਲੀ ਇਕਸਾਰ, ਬਰਾਬਰ ਕਾਬਲੀਅਤ ਅਤੇ ਸਮਰੱਥਾ ਦੇ ਹੁੰਦੇ ਹੋਇਆਂ ਵੀ ਸਾਡਾ ਸਮਾਜਿਕ, ਆਰਥਿਕ ਅਤੇ ਰਾਜਨੀਤਕ ਮਾਹੌਲ ਅਜਿਹਾ ਵਾਤਾਵਰਨ ਸਿਰਜ ਦਿੰਦਾ ਹੈ ਕਿ ਖ਼ੁਦ-ਬਖ਼ੁਦ ਬਿਨਾ ਕਿਸੇ ਵੱਡੀ ਆਲੋਚਨਾ ਜਾਂ ਬੁਲੰਦ ਵਿਰੋਧ ਦੀ ਆਵਾਜ਼ ਦੇ ਸਮਾਜ ਦੋ ਬਿਲਕੁਲ ਹੀ ਦੋ ਵੱਖਰੇ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। ਹੁਣ ਸਵਾਲ ਕੁਦਰਤ ਵੱਲੋਂ ਮਿਲੀ ਸਮਰੱਥਾ ਅਤੇ ਕਾਬਲੀਅਤ ਦਾ ਹੈ। ਠੀਕ ਹੈ ਕਿ ਸਕੂਲੀ ਪੜ੍ਹਾਈ ਉਸ ਨੂੰ ਤਿੱਖਾ ਕਰਦੀ ਹੈ ਜਾਂ ਕੋਈ ਰਾਹ ਦਿਖਾਉਂਦੀ ਹੈ ਪਰ ਇਹ ਸਕੂਲੀ ਵਿਵਸਥਾ ਤਾਂ ਕੁਝ ਕੁ ਸਾਲਾਂ ਤੋਂ ਹੀ ਹੋਂਦ ਵਿਚ ਆਈ ਹੈ ਪਰ ਮਨੁੱਖੀ ਸਿਆਣਪ ਨੇ ਕੁਦਰਤ ਨੂੰ ਦੇਖ ਦੇਖ ਕੇ ਕਿੰਨੇ ਹੀ ਕ੍ਰਿਸ਼ਮੇ ਕੀਤੇ ਹਨ।
ਮਨੁੱਖ ਜੋ ਖ਼ੁਦ ਨੂੰ ਸਾਰੇ ਜੀਵਾਂ ਵਿਚੋਂ ਸਿਖਰ ’ਤੇ ਰੱਖਦਾ ਹੈ, ਨੇ ਆਪਣਾ ਨਾਂ ‘ਹੋਮੋ ਸੇਪੀਅਨ’ ਰੱਖਿਆ ਹੈ ਜਿਸ ਦਾ ਅਰਥ ਹੈ ਸਿਆਣਾ ਮਨੁੱਖ। ਜੀਵ ਵਿਕਾਸ ਵਿਚ ਮਨੁੱਖ ਦੇ ਕਈ ਰੂਪ, ਹੋਮੋ ਵਰਗ ਦੇ ਕਈ ਪੜਾਵਾਂ ਦਾ ਜਿ਼ਕਰ ਹੈ ਜੋ ਅੱਜ ਸਾਡੇ ਸਾਹਮਣੇ ਹੈ ਜਾਂ ਅਸੀਂ ਸਭ ਤੋਂ ਸਿਆਣੇ ਹਾਂ। ਇਹ ਮਨੁੱਖਾਂ ਦੇ ਅਧਿਐਨ ਅਤੇ ਉਸ ’ਤੇ ਆਧਾਰਿਤ ਸਾਂਝੇ ਨਿਰਣੇ ਦਾ ਨਤੀਜਾ ਹੈ, ਇਹ ਕੋਈ ਜਜ਼ਬਾਤੀ ਹੋ ਕੇ ਆਪਣੇ ਹੱਕ ਵਿਚ ਕੀਤਾ ਫ਼ੈਸਲਾ ਨਹੀਂ। ਜੇ ਸਿਆਣਪ ਵਾਲੇ ਇਸ ਪੱਖ ਨੂੰ ਸਮਝਣਾ ਹੋਵੇ ਤਾਂ ਉਸ ਦਾ ਕਾਰਨ ਹੈ, ਸਾਡੇ ਕੋਲ ਕੁਦਰਤ ਤੋਂ ਮਿਲਿਆ ਅਤੇ ਵਿਕਾਸ ਦੀ ਪ੍ਰਕਿਰਿਆ ਵਿਚ ਵਿਕਸਿਤ ਹੋਇਆ ਦਿਮਾਗ। ਦਿਮਾਗ ਭਾਵੇਂ ਸਾਰੇ ਜਾਨਵਰਾਂ ਕੋਲ ਹੈ ਪਰ ਮਨੁੱਖੀ ਦਿਮਾਗ ਦੀ ਖਾਸੀਅਤ ਹੈ ਕਿ ਇਹ ਵਿਸ਼ਲੇਸ਼ਣੀ ਹੈ, ਸਮੱਸਿਆ ਮੌਕੇ ਇਹ ਨਿਰਖ-ਪਰਖ ਰਾਹੀਂ ਫੈਸਲੇ ਕਰਦਾ ਹੈ। ਫੈਸਲਿਆਂ ਦੇ ਨਤੀਜੇ ਤੋਂ ਹੀ ਅਸੀਂ ਕਿਸੇ ਵੀ ਮਨੁੱਖ ਦੀ ਸਿਆਣਪ ਦਾ ਅੰਦਾਜ਼ਾ ਲਗਾ ਸਕਦੇ ਹਾਂ। ਫੈਸਲੇ ਕਰਨ ਦੀ ਇਹ ਸਮਰੱਥਾ ਅਤੇ ਇਸ ਵਿਚ ਵੀ ਚੰਗੇ-ਬੁਰੇ ਦਾ ਫੈਸਲਾ ਕਰਨ ਦੀ ਕਾਬਲੀਅਤ ਜਵਾਨ ਹੁੰਦੇ ਹੁੰਦੇ ਆ ਜਾਂਦੀ ਹੈ ਜਿਸ ਦੇ ਆਧਾਰ ’ਤੇ ਸਮਾਜਿਕ ਵਿਵਸਥਾ ਨੌਜਵਾਨ ਨੂੰ ਵੋਟ ਦੇਣ ਦਾ ਅਧਿਕਾਰ ਦਿੰਦੀ ਹੈ ਤੇ ਇਸੇ ਤਰ੍ਹਾਂ ਸੜਕ ’ਤੇ ਸਹੀ ਫੈਸਲੇ ਨਾਲ ਵਾਹਨ ਚਲਾਉਣ ਲਈ ਡਰਾਈਵਿੰਗ ਲਾਈਸੈਂਸ ਲਈ ਵੀ ਉਮਰ ਅਠਾਰਾਂ ਸਾਲ ਤੈਅ ਹੋਈ ਹੈ।
ਇਉਂ ਨੌਜਵਾਨਾਂ ਵਿਚ ਇਹ ਕਾਬਲੀਅਤ ਹੈ ਜੋ ਉਸ ਨੂੰ ਫੈਸਲੇ ਕਰਨ ਦੇ ਯੋਗ ਬਣਾਉਂਦੀ ਹੈ ਤੇ ਆਪਣਾ ਰਾਹ ਤੈਅ ਕਰਨ ਲਈ ਕਾਬਲ ਠਹਿਰਾਉਂਦੀ ਹੈ। ਅਸੀਂ ਦੇਖਦੇ ਹਾਂ ਕਿ ਇਸ ਉਮਰ ’ਤੇ ਪਹੁੰਚ ਕੇ ਵੀ ਮਾਪੇ-ਅਧਿਆਪਕ ਜਾਂ ਹੋਰ ਵੱਡੇ ਲੋਕ ਆਪਣਾ ਫ਼ੈਸਲਾ ਥੋਪਦੇ ਹਨ। ਮੰਨ ਲਿਆ, ਉਨ੍ਹਾਂ ਕੋਲ ਉਮਰ ਦੇ ਲਿਹਾਜ਼ ਨਾਲ ਵੱਧ ਤਜਰਬਾ ਅਤੇ ਸਿਆਣਪ ਹੋ ਸਕਦੀ ਹੈ ਪਰ ਜੋ ਸਮਝਣ ਵਾਲੀ ਗੱਲ ਹੈ, ਫ਼ੈਸਲਾ ਨੌਜਵਾਨ ਦੀ ਜ਼ਿੰਦਗੀ ਬਾਰੇ ਹੋ ਰਿਹਾ ਹੈ ਤੇ ਉਹ ਆਪਣੀ ਰਾਹ ਪਛਾਨਣ ਵਿਚ ਸਮਰੱਥ ਹੈ, ਉਸ ’ਤੇ ਫੈਸਲਾ ਥੋਪਣ ਦੀ ਬਜਾਇ ਉਸ ਦੀ ਰਾਏ ਲੈਣਾ, ਆਪਣਾ ਫੈਸਲਾ ਰੱਖਣਾ ਤੇ ਚਰਚਾ ਕਰਨ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਨਹੀਂ ਤਾਂ ਅਸੀਂ ਦੇਖਦੇ ਹਾਂ ਕਿ ਨੌਜਵਾਨ ਖ਼ੁਦ ਫੈਸਲੇ ਕਰ ਕੇ ਮਾਂ-ਪਿਉ ਤੋਂ ਬਾਗ਼ੀ ਹੋ ਜਾਂਦੇ ਹਨ।
ਮਨੁੱਖ ਆਪਣੀ ਦਿਮਾਗੀ ਸਮੱਰਥਾ ਕਰ ਕੇ ਜਿਗਿਆਸੂ ਹੈ। ਇਹ ਕੁਦਰਤੀ ਗੁਣ ਅਮੀਰ ਗਰੀਬ, ਪੇਂਡੂ ਸ਼ਹਿਰੀ, ਦੂਰ ਦਰਾਜ, ਸਾਰੇ ਮਨੁੱਖਾਂ ਨੂੰ ਜਾਤ, ਧਰਮ ਜਾਂ ਹੋਰ ਸਮਾਜਿਕ ਵਖਰੇਵਿਆਂ ਦੇ ਹੁੰਦਿਆਂ ਸਭ ਵਿਚ ਪਿਆ ਹੁੰਦਾ ਹੈ। ਇਹੀ ਜਿਗਿਆਸਾ ਮਨੁੱਖ ਨੂੰ ਖੋਜੀ ਬਣਾਉਂਦੀ ਹੈ ਤੇ ਉਹ ਖੋਜ ਦੇ ਰਾਹ ਤੁਰ ਪੈਂਦਾ ਹੈ। ਜੇ ਉਸ ਨੂੰ ਕੋਈ ਸਹੀ ਰਾਹ ਦਸੇਰਾ, ਕੋਈ ਗੁਰੂ ਪਿਆਰਾ ਸਮਰੱਥ ਹੈ ਤਾਂ ਉਹ ਆਪਣੀ ਇਸ ਸਮਰੱਥਾ ਨੂੰ ਸੇਧ ਦੇ ਸਕਦਾ ਹੈ ਤੇ ਕਈ ਕੁਝ ਪ੍ਰਾਪਤ ਕਰ ਸਕਦਾ ਹੈ ਤੇ ਉਹ ਨੌਜਵਾਨ ਕੋਈ ਖੋਜ ਮਨੁੱਖਤਾ ਦੀ ਝੋਲੀ ਪਾ ਸਕਦਾ ਹੈ। ਸਾਡੇ ਕੋਲ ਇਤਿਹਾਸ ਵਿਚ ਅਜਿਹੀਆਂ ਅਨੇਕਾਂ ਉਦਾਹਰਨਾਂ ਹਨ ਜਿਨ੍ਹਾਂ ਨੇ ਅਜੋਕੇ ਕਿਸਮ ਦੀ ਸਕੂਲੀ ਵਿਦਿਆ ਹਾਸਲ ਨਹੀਂ ਕੀਤੀ ਪਰ ਅਨੇਕਾਂ ਲਾਜਵਾਬ ਮੱਲਾਂ ਮਾਰੀਆਂ ਹਨ।
ਸਿਆਣਪ ਦੇ ਇਸ ਪਹਿਲੂ ਦੇ ਮੱਦੇਨਜ਼ਰ ਅਸੀਂ ਦੇਖਦੇ ਹਾਂ ਕਿ ਇਸ ਨੂੰ ਮਾਪਣ-ਜਾਂਚਣ ਦੇ ਪੈਮਾਨੇ ਵੀ ਕੱਢੇ ਗਏ ਹਨ ਤੇ ਇਕ ਹੈ, ‘ਆਈ ਕਿਊ’ ਪਰ ਇਸ ’ਤੇ ਕਈ ਸਵਾਲੀਆ ਚਿੰਨ੍ਹ ਲੱਗੇ ਹਨ। ਇਕ ਤਾਂ ਇਹ ਸਕੂਲੀ ਪੜ੍ਹਾਈ ’ਤੇ ਆਧਾਰਿਤ ਹੈ ਤੇ ਮਨੁੱਖੀ ਸਭਿਆਚਾਰਕ ਪਿਛੋਕੜ ਨੂੰ ਅਣਗੌਲਿਆਂ ਕਰਦਾ ਹੈ। ਅਸੀਂ ਦੇਖਦੇ ਹਾਂ ਕਿ ਸਮਾਜ ਵਿਚ ਅਨੇਕਾਂ ਸ਼ੋਹਬੇ ਹਨ, ਕਿਸੇ ਦੀ ਕਿਸੇ ਵਿਚ ਦਿਲਚਸਪੀ ਤੇ ਕਿਸੇ ਦੇ ਹੋਰ ਵਿਚ; ਕੋਈ ਵਿਗਿਆਨ ਵੱਲ ਰੁਚਿਤ ਹੈ, ਕੋਈ ਕਲਾ ਤੇ ਸੰਗੀਤ ਵੱਲ, ਕੋਈ ਆਗੂ ਦੀ ਭੂਮਿਕਾ ਨਿਭਾਉਣ ਵਿਚ ਸੰਤੁਸ਼ਟੀ ਮਹਿਸੂਸ ਕਰਦਾ ਹੈ। ਇਹ ਸਿਆਣਪ ਦੇ ਰੂਪ ਹਨ। ਦੂਜਾ ਪਹਿਲੂ ਇਹ ਵੀ ਹੈ ਕਿ ਬਹੁਤ ਜਿ਼ਆਦਾ ਸਿਆਣਾ, ਪੜ੍ਹਾਕੂ, ਜਮਾਤਾਂ ਵਿਚ ਅੱਵਲ ਰਹਿਣ ਵਾਲਾ ਕਈ ਵਾਰ ਜ਼ਿੰਦਗੀ ਵਿਚ ਸਫਲ ਨਹੀਂ ਹੁੰਦਾ। ਇਸ ਪ੍ਰਸੰਗ ਵਿਚ ਇਕ ਸਮਝ ਹੈ: ‘ਜਜ਼ਬਾਤੀ ਸਿਆਣਪ’; ਕਹਿਣ ਤੋਂ ਭਾਵ ਜਜ਼ਬਾਤ ਦਾ ਸਿਆਣਪ ਨਾਲ ਇਸਤੇਮਾਲ, ਦੋਹਾਂ ਦਾ ਸਿਹਤਮੰਦ ਸੰਤੁਲਨ।
ਜਿਥੇ ਮਨੁੱਖ ਦੀ ਖਾਸੀਅਤ ਦਿਮਾਗ ਹੈ, ਦੂਜਾ ਉਸ ਦੀ ਸੰਵੇਦਨਸ਼ੀਲਤਾ ਹੈ। ਸੰਵੇਦਨਸ਼ੀਲਤਾ ਮਨੁੱਖ ਨੂੰ ਦੂਜੇ ਦੀ ਮਦਦ ਲਈ ਪ੍ਰੇਰਦੀ ਹੈ। ਸਾਰੇ ਜੀਵਾਂ ਵਿਚ ਸੰਵੇਦਨਾ ਹੁੰਦੀ ਹੈ ਪਰ ਮਨੁੱਖੀ ਸੰਵੇਦਨਾ ਦਾ ਪੜਾਅ ਨਵੇਕਲਾ ਤੇ ਵੱਖਰਾ ਹੈ; ਉਹ ਕਿਸੇ ਦਾ ਵੀ ਦਰਦ ਆਪਣੇ ਪਿੰਡੇ ’ਤੇ ਮਹਿਸੂਸ ਕਰ ਸਕਦਾ ਹੈ ਤੇ ਉਸ ਦਰਦ ਦੀ ਕੰਬਣੀ ਵਿਚੋਂ ਲੰਘਦਾ ਫ਼ਿਕਰਮੰਦੀ ਦਾ ਇਜ਼ਹਾਰ ਕਰ ਸਕਦਾ ਹੈ।
ਇਕ ਖਾਸੀਅਤ ਹੋਰ ਜੋ ਮਨੁੱਖ ਵਿਚ ਹੈ, ਉਹ ਹੈ ਆਪਸੀ ਮਦਦ ਅਤੇ ਸਹਿਯੋਗ। ਦੂਸਰੇ ਦਾ ਹੱਥ ਫੜ ਕੇ ਨਾਲ ਤੁਰਨਾ, ਸਹਾਰਾ ਦੇਣਾ। ਦੂਜੇ ਦੇ ਦੁੱਖ ਦਾ ਭਾਈਵਾਲ ਹੋਣਾ। ਜੇ ਨਜ਼ਰ ਮਾਰੀਏ ਤਾਂ ਇਹ ਸਾਰੇ ਮਨੁੱਖੀ ਵਿਲੱਖਣ ਗੁਣ, ਸਿਆਣਪ, ਸੰਵੇਦਨਸ਼ੀਲਤਾ ਅਤੇ ਸਹਿਯੋਗ ਮਨੁੱਖੀ ਜੀਵਨ ਵਿਚ ਭਾਵੇਂ ਜਨਮ ਤੋਂ ਹੁੰਦੇ ਹਨ ਪਰ ਨੌਜਵਾਨੀ ਦੇ ਪੜਾਅ ’ਤੇ ਇਨ੍ਹਾਂ ਸਾਰੀਆਂ ਵਿਲੱਖਣਤਾਵਾਂ ਨੂੰ ਨੌਜਵਾਨ ਖੁਦ ਮਹਿਸੂਸ ਕਰ ਸਕਦੇ ਹਨ ਤੇ ਅਸੀਂ ਉਨ੍ਹਾਂ ਨੂੰ ਇਸ ਦਿਸ਼ਾ ਵਿਚ ਕਾਰਜਸ਼ੀਲ ਹੁੰਦੇ ਦੇਖ ਸਕਦੇ ਹਾਂ। ਸਵਾਲ ਹੈ, ਨੌਜਵਾਨਾਂ ਦਾ ਕੋਈ ਰਾਹ ਦਸੇਰੇ ਹੋਵੇ। ਉਂਝ, ਜੇ ਅਸੀਂ ਕੁਝ ਕਰਨਾ ਹੈ ਤਾਂ ਘੱਟੋ-ਘੱਟ ਅਸੀਂ ਅੜਿੱਕਾ ਨਾ ਬਣੀਏ, ਨੌਜਵਾਨ ਆਪਣੇ ਆਪ ਹੀ ਖ਼ੁਦਮੁਖ਼ਤਾਰੀ ਦੇ ਰਾਹ ਪੈ ਜਾਣਗੇ। ਨੌਜਵਾਨ ਪਲ ਪਲ ਸੁਚੇਤ ਰਹਿਣ ਅਤੇ ਆਪਣੇ ਅੰਦਰ ਵਿਕਸਿਤ ਹੋ ਰਹੀਆਂ ਇਨ੍ਹਾਂ ਕਾਬਲੀਅਤਾਂ ਨੂੰ ਪਛਾਣਨ, ਉਲੀਕਣ ਅਤੇ ਅੱਗੇ ਹੋ ਕੇ ਇਨ੍ਹਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣ।
ਸੰਪਰਕ: 98158-08506

Advertisement

Advertisement
Advertisement