ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੁਕਾਨਦਾਰਾਂ ਵੱਲੋਂ ਸੜਕ ’ਤੇ ਕੀਤੇ ਕਬਜ਼ਿਆਂ ਕਾਰਨ ਰਾਹਗੀਰ ਪ੍ਰੇਸ਼ਾਨ

06:25 AM Nov 26, 2024 IST
ਖਾਲਸਾ ਚੌਕ ਤੋਂ ਗਾਂਧੀ ਚੌਕ ਤੱਕ ਸੜਕ ’ਤੇ ਲੱਗਿਆ ਜਾਮ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 25 ਨਵੰਬਰ
ਸਥਾਨਕ ਖਾਲਸਾ ਚੌਕ ਤੋਂ ਗਾਂਧੀ ਚੌਕ ਤੱਕ ਦੁਕਾਨਦਾਰਾਂ ਵੱਲੋਂ ਸੜਕ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਬਾਜ਼ਾਰ ਵਿੱਚ ਰੋਜ਼ਾਨਾ ਜਾਮ ਵਰਗੇ ਹਾਲਾਤ ਬਣੇ ਰਹਿੰਦੇ ਹਨ ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਕਾਨਦਾਰਾਂ ਨੇ ਦੁਕਾਨਾਂ ਤੋਂ 20 ਫੁਟ ਬਾਹਰ ਤੱਕ ਸੜਕ ’ਤੇ ਆਪਣਾ ਸਾਮਾਨ, ਸਟੈਂਡ, ਹੋਰਡਿੰਗ ਤੇ ਹੋਰ ਸਟਾਕ ਆਦਿ ਰੱਖਿਆ ਹੋਇਆ ਹੈ, ਜਿਸ ਕਾਰਨ ਸੜਕ ਕੰਢੇ ਤੁਰਨ ਵਾਲੇ ਰਾਹਗੀਰਾਂ ਨੂੰ ਮਜਬੂਰੀ ਵਸ ਸੜਕ ਦੇ ਵਿਚਕਾਰ ਹੋ ਕੇ ਲੰਘਣਾ ਪੈ ਰਿਹਾ ਹੈ।
ਦੋਵੇਂ ਪਾਸੇ ਦੁਕਾਨਾਂ ਦਾ ਸਾਮਾਨ ਰੱਖਿਆ ਹੋਣ ਕਾਰਨ ਵਾਹਨ ਚਾਲਕਾਂ ਨੂੰ ਵੀ ਲੰਘਣ ਵਿੱਚ ਕਾਫ਼ੀ ਪ੍ਰੇਸ਼ਾਨੀ ਆਉਂਦੀ ਹੈ। ਸੜਕ ’ਤੇ ਲੰਘਣ ਲਈ ਥਾਂ ਘੱਟ ਰਹਿਣ ਕਰਕੇ ਲਗਪਗ ਰੋਜ਼ ਹੀ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਜਾਮ ਲੱਗਿਆ ਰਹਿੰਦਾ ਹੈ। ਇਸ ਸਬੰਧੀ ਨਗਰ ਕੌਂਸਲ ਮਾਛੀਵਾੜਾ ਸਾਹਿਬ ਨੇ ਕਾਬਜ਼ਕਾਰਾਂ ਖ਼ਿਲਾਫ਼ ਕਈ ਵਾਰ ਕਾਨੂੰਨੀ ਕਾਰਵਾਈ ਵੀ ਕੀਤੀ ਹੈ ਤੇ ਦੁਕਾਨਾਂ ਦੇ ਬਾਹਰ ਰੱਖਿਆ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ ਪਰ ਹਰ ਵਾਰ ਨਿਗਮ ਦੀ ਕਾਰਵਾਈ ਤੋਂ ਕੁਝ ਦਿਨ ਬਾਅਦ ਤੱਕ ਹਾਲਾਤ ਠੀਕ ਰਹਿੰਦੇ ਹਨ ਤੇ ਮੁੜ ਹੌਲੀ ਹੌਲੀ ਦੁਕਾਨਾਂ ਦਾ ਸਾਮਾਨ ਸੜਕਾਂ ਵੱਲ ਵੱਧਣਾ ਸ਼ੁਰੂ ਹੋ ਜਾਂਦਾ ਹੈ। ਫਿਰ ਕੁਝ ਹਫ਼ਤਿਆਂ ਤੇ ਮਹੀਨਿਆਂ ਵਿੱਚ ਹੀ ਇਹ ਸਾਮਾਨ 5 ਤੋਂ 10 ਤੇ 20 ਫੁਟ ਸੜਕ ਤੱਕ ਫੈਲ ਜਾਂਦਾ ਹੈ ਤੇ 40-50 ਫੁਟ ਚੌੜੀ ਇਹ ਸੜਕ ਸਿਰਫ਼ 20-30 ਫੁੱਟ ਦੀ ਰਹਿ ਜਾਂਦੀ ਹੈ।
ਹਾਲਾਤ ਇਹ ਹਨ ਕਿ ਦੁਕਾਨਦਾਰ ਇੱਕ ਦੂਜੇ ਤੋਂ ਵੱਧ ਅੱਗੇ ਵਧਾ ਕੇ ਆਪਣਾ ਸਾਮਾਨ ਸੜਕ ’ਤੇ ਰੱਖਦੇ ਹਨ ਤੇ ਇਸੇ ਕਰਕੇ ਹੌਲੀ ਹੌਲੀ ਸੜਕ ਲਾਂਘੇ ਲਈ ਹੋਰ ਤੰਗ ਹੁੰਦੀ ਜਾਂਦੀ ਹੈ। ਕਈ ਦਿਨਾਂ ਵਿੱਚ ਹਾਲਾਤ ਇਹ ਹੁੰਦੇ ਹਨ ਕਿ ਦੋਪਹੀਆ ਵਾਹਨ ਵੀ ਔਖੇ ਲੰਘ ਪਾਉਂਦੇ ਹਨ। ਜੇਕਰ ਸੜਕ ’ਤੇ ਦੋਵੇਂ ਪਾਸਿਆਂ ਤੋਂ ਇਕ ਹੀ ਸਮੇਂ ਦੋ ਕਾਰਾਂ ਆ ਜਾਣ ਤਾਂ ਹਾਲਾਤ ਗਰਮ ਹੁੰਦਿਆਂ ਵੀ ਸਮਾਂ ਨਹੀਂ ਲੱਗਦਾ। ਲੋਕਾਂ ਵੱਲੋਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ’ਤੇ ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਤੁਰੰਤ ਸੜਕ ਵੇਹਲੀ ਕਰਵਾਈ ਜਾਵੇ।

Advertisement

ਦੁਕਾਨਦਾਰਾਂ ’ਤੇ ਰੇਹੜੀ ਵਾਲਿਆਂ ਤੋਂ ਕਿਰਾਇਆ ਵਸੂਲਣ ਦਾ ਦੋਸ਼

ਬਾਜ਼ਾਰ ਵਿੱਚ ਦੁਕਾਨਾਂ ਦੇ ਬਾਹਰ ਕਈ ਰੇਹੜੀਆਂ ਵਾਲੇ ਪੱਕੇ ਖੜ੍ਹੇ ਰਹਿੰਦੇ ਹਨ। ਲੋਕਾਂ ਦਾ ਦੋਸ਼ ਹੈ ਕਿ ਦੁਕਾਨਦਾਰ ਉਕਤ ਰੇਹੜੀ ਵਾਲਿਆਂ ਤੋਂ ਪ੍ਰਤੀ ਮਹੀਨਾ 2 ਤੋਂ 3 ਹਜ਼ਾਰ ਰੁਪਏ ਕਿਰਾਇਆ ਵਸੂਲਦੇ ਹਨ। ਇਸ ਮਾਮਲੇ ਵਿੱਚ ਦੁਕਾਨਦਾਰਾਂ ਤੇ ਕੌਂਸਲ ਮੁਲਾਜ਼ਮਾਂ ਦੀ ਮਿਲੀਭੁਗਤ ਦਾ ਵੀ ਸ਼ੱਕ ਜ਼ਾਹਰ ਕੀਤਾ ਗਿਆ ਹੈ ਕਿਉਂਕਿ ਅਕਸਰ ਹੀ ਕਾਰਵਾਈ ਲਈ ਆਉਣ ਵਾਲੀ ਕੌਂਸਲ ਦੀ ਟੀਮ ਦੀ ਜਾਣਕਾਰੀ ਪਹਿਲਾਂ ਹੀ ਕੁਝ ਦੁਕਾਨਦਾਰਾਂ ਨੂੰ ਹੁੰਦੀ ਹੈ।

ਜਲਦ ਹਟਾਏ ਜਾਣਗੇ ਕਬਜ਼ੇ: ਕਾਰਜਸਾਧਕ ਅਫ਼ਸਰ

ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਬਲਬੀਰ ਸਿੰਘ ਨੇ ਕਿਹਾ ਕਿ ਖਾਲਸਾ ਚੌਕ ਤੋਂ ਗਾਂਧੀ ਚੌਕ ਤੱਕ ਜਿਨ੍ਹਾਂ ਦੁਕਾਨਦਾਰਾਂ ਨੇ ਕਬਜ਼ੇ ਕੀਤੇ ਹਨ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਕੋਈ ਦੁਕਾਨਦਾਰ ਰੇਹੜੀ ਵਾਲਿਆਂ ਤੋਂ ਵਸੂਲੀ ਕਰਦਾ ਹੈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
Advertisement