ਪੇਂਡੂ ਸੜਕਾਂ ਦੀ ਖ਼ਸਤਾ ਹਾਲਤ ਤੋਂ ਰਾਹਗੀਰ ਪ੍ਰੇਸ਼ਾਨ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 4 ਜੂਨ
ਪੇਂਡੂ ਸੜਕਾਂ ਦੀ ਖਸਤਾ ਹਾਲਤ ਤੋਂ ਮੁਹਾਲੀ ਸਬ-ਡਿਵੀਜ਼ਨ ਦੇ ਕਈਂ ਪਿੰਡਾਂ ਦੇ ਵਸਨੀਕ ਬੇਹੱਦ ਪ੍ਰੇਸ਼ਾਨ ਹਨ। ਸੜਕਾਂ ਦੇ ਟੋਇਆਂ ਕਾਰਨ ਰਾਤ ਸਮੇਂ ਹਾਦਸੇ ਵੀ ਵਾਪਰ ਰਹੇ ਹਨ। ਪਿੰਡ ਕੁਰੜਾ ਦੇ ਵਸਨੀਕ ਭੁਪਿੰਦਰ ਸਿੰਘ ਫ਼ੌਜੀ, ਕੈਪਟਨ ਪ੍ਰੇਮ ਸਿੰਘ ਅਤੇ ਜਗਤ ਸਿੰਘ ਢੋਲ ਕੁਰੜੀ ਨੇ ਦੱਸਿਆ ਕਿ ਬੜੀ ਤੋਂ ਕੁਰੜਾ ਨੂੰ ਜਾਂਦੀ ਚਾਰ ਕਿਲੋਮੀਟਰ ਲੰਮੀ ਸੜਕ ਵਿੱਚ ਦੋ ਤੋਂ ਤਿੰਨ ਫੁੱਟ ਡੂੰਘੇ ਟੋਏ ਪੈ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਉੱਤੋਂ ਵੱਡੀ ਗਿਣਤੀ ਵਿੱਚ ਰਾਹਗੀਰ ਲੰਘ ਕੇ ਮੁਹਾਲੀ-ਚੰਡੀਗੜ੍ਹ ਜਾਂਦੇ ਹਨ ਪਰ ਇਸ ਸੜਕ ਦੀ ਲੰਮੇਂ ਸਮੇਂ ਤੋਂ ਮੁਰੰਮਤ ਨਹੀਂ ਹੋਈ ਹੈ। ਇਸੇ ਤਰ੍ਹਾਂ ਕੁਰੜੀ ਤੋਂ ਪਿੰਡ ਸੇਖਨਮਾਜਰਾ ਨੂੰ ਹੋ ਕੇ ਕਰਾਲਾ ਵਿਖੇ ਬਨੂੜ-ਜ਼ੀਰਕਪੁਰ ਕੌਮੀ ਮਾਰਗ ‘ਤੇ ਚੜ੍ਹਨ ਵਾਲੀ ਸੜਕ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਏ ਮੀਂਹ ਕਾਰਨ ਇਨ੍ਹਾਂ ਟੋਇਆਂ ਵਿੱਚ ਪਾਣੀ ਭਰ ਗਿਆ ਤੇ ਰਾਤ ਵੇਲੇ ਕਈ ਦੁਪਹੀਆ ਵਾਹਨ ਚਾਲਕ ਇਨ੍ਹਾਂ ਟੋਇਆਂ ਵਿੱਚ ਡਿੱਗ ਚੁੱਕੇ ਹਨ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਦਖ਼ਲ ਦੀ ਮੰਗ ਕਰਦਿਆਂ ਤੁਰੰਤ ਦੋਵੇਂ ਸੜਕਾਂ ਦੀ ਹਾਲਤ ਸੰਵਾਰਨ ਦੀ ਮੰਗ ਕੀਤੀ ਹੈ।