ਮੁਲਕ ਦੀ ਵੰਡ, ਦਲਿਤਾਂ ਦੀ ਹੋਣੀ ਅਤੇ ਡਾ. ਅੰਬੇਡਕਰ
ਐੱਸਐੱਲ ਵਿਰਦੀ ਐਡਵੋਕੇਟ
15 ਅਗਸਤ ਦੇ ਅੰਕ ਵਿਚ ਡਾ. ਹਰੀਸ਼ ਪੁਰੀ ਦਾ ਲੇਖ ‘1947 ਪੰਜਾਬ ਦੀ ਵੰਡ – ਅਛੂਤ ਦਲਿਤਾਂ ਦੀ ਹੋਣੀ’ ਪੜ੍ਹਿਆ। ਭਾਰਤ ਦੀ ਵੰਡ, ਡਾ. ਅੰਬੇਡਕਰ ਅਤੇ ਦਲਿਤਾਂ ਬਾਰੇ ਕਈ ਤੱਥ ਸਾਹਮਣੇ ਆਏ। ਪਹਿਲਾਂ ਸੱਤਰਵਿਆਂ ਤਕ ਦਲਿਤਾਂ ਨੂੰ ਸਾਹਿਤ/ਇਤਿਹਾਸ ਵਿਚ ਪਾਤਰ ਬਣਾਇਆ ਹੀ ਨਹੀ ਗਿਆ; ਹੁਣ ਜਦ ਦਲਿਤ ਖੁਦ ਸਾਹਿਤ/ਇਤਿਹਾਸ ਲਿਖ ਕੇ ਯਥਾਰਥ ਸਾਹਮਣੇ ਲਿਆਉਣ ਲੱਗ ਪਏ ਤਾਂ ਸਥਾਪਤ ਲੇਖਕਾਂ ਦਾ ਦਲਿਤਾਂ ਨੂੰ ਪਾਤਰ ਬਣਾਉਣਾ ਮਜਬੂਰੀ ਬਣ ਗਿਆ ਹੈ। ਉਰਵਸੀ ਬੁਤਾਲੀਆ ਦਾ ਮਾਇਆ ਦੇ ਮੂੰਹੋਂ ਇਹ ਕਹਾਉਣਾ ਕਿ ‘ਇਸ ਭਾਣੇ ‘ਚ ਉਹ ਹਮਉਮਰ 11 ਕੁੜੀਆਂ ਕੋਠੇ ਟੱਪ ਕੇ ਜਾਂਦੀਆਂ ਤਾਂ ਇਸ ਅਫ਼ਰਾ-ਤਫ਼ਰੀ ‘ਚ ਮੁਸਲਮਾਨਾਂ ਦੇ ਜਲ ਰਹੇ ਉਜੜੇ, ਖਾਲੀ ਘਰਾਂ ਦੇ ਮਾਹੌਲ ਵਿਚ ਲੁੱਟ-ਮਾਰ ਕਰਨ ਦੀ ਮੌਜ ਲੱਗ ਗਈ, ਉਹਨਾਂ ਸਾਜ਼ੋ-ਸਮਾਨ, ਭਾਂਡੇ, ਕੱਪੜਿਆਂ ਦੇ ਥਾਨ, ਰਜ਼ਾਈਆਂ, ਆਟਾ ਦੇਸੀ ਘਿਓ, ਬਦਾਮ ਸਭ ਕੁਝ ਲੁੱਟਿਆ। ਅਸਾਂ 11 ਕੁੜੀਆਂ ਨੇ ਆਪਣਾ ਦਾਜ ਬਣਾ ਲਿਆ।’ ਪਹਿਲਾਂ ਤਾਂ ਉਸ ਸਮੇਂ ਪਿੰਡਾਂ ਵਿਚੋਂ ਬਾਹਰ ਕੱਢੇ ਹੋਏ, ਉਹ ਵੀ ਦਲਿਤ ਕੁੜੀਆਂ (10-12 ਸਾਲ) ਦੀ ਕੋਠੇ ਟੱਪ ਕੇ ਲੁੱਟ-ਮਾਰ ਕਰਨ ਦੀ ਜੁਰਅਤ ਪੈ ਨਹੀਂ ਸਕਦੀ; ਦਲਿਤ ਤਾਂ ਪਿੰਡ ਦੀ ਲਾਲ ਲਕੀਰ ਟੱਪਣ ਦੀ ਜੁਰਅਤ ਨਹੀਂ ਸਨ ਰੱਖਦੇ। ਫਿਰ ਜਲ ਰਹੇ ਉਜੜੇ, ਖਾਲੀ ਘਰਾਂ ਵਿਚ ਕੱਪੜਿਆਂ ਦੇ ਥਾਨ, ਰਜ਼ਾਈਆਂ ਕਿਵੇਂ ਬਚੀਆਂ? ਸੋ, ਸਥਾਪਤ ਸਾਹਿਤਕਾਰਾਂ ਨੇ ਪਹਿਲਾਂ ਦਲਿਤਾਂ ਨੂੰ ਸਾਹਿਤ/ਇਤਿਹਾਸ ਵਿਚ ਪਾਤਰ ਬਣਾਇਆ ਹੀ ਨਹੀ, ਹੁਣ ਜੇ ਦਲਿਤਾਂ ਨੂੰ ਪਾਤਰ ਬਣਾਉਣ ਲੱਗੇ ਹਨ ਤਾਂ ਨਾਇਕ ਨਹੀਂ, ਖਲਨਾਇਕ ਬਣਾ ਰਹੇ ਹਨ।
ਜਦ 1947 ਵਿਚ ਰੌਲੇ ਪਏ ਤਾਂ ਪੰਜਾਬੀ ਮੁਸਲਮਾਨਾਂ ਨੂੰ ਕੁਝ ਵੀ ਸੁੱਝ ਨਹੀਂ ਰਿਹਾ ਸੀ ਕਿ ਜ਼ਿੰਦਗੀਆਂ ਲਾ ਕੇ ਬਣਾਏ ਘਰ-ਬਾਰ-ਜਾਇਦਾਦ ਦਾ ਕੀ ਕੀਤਾ ਜਾਵੇ ਕਿਉਂਕਿ ਉਹਨਾਂ ਦੇਸ਼ ਛੱਡ ਕੇ ਪਾਕਸਤਾਨ ਜਾਣਾ ਸੀ। ਉਹ ਆਪਣੇ ਬਣਾਏ ਘਰ-ਬਰ-ਜਾਇਦਾਦ ਕੌਡੀਆਂ ਦੇ ਭਾਅ ਵੇਚ ਰਹੇ ਸੀ; ਕਿਉਕਿ ਹਿੰਦੂ-ਸਿੱਖ ਜ਼ਿਮੀਦਾਰ ਲੁੱਟ ਖੋਹ ਤੇ ਡਾਕੇ ਮਾਰ ਰਹੇ ਸੀ। ਸਾਡੇ ਪਿੰਡ ਬਹਾਦਰ ਨਾਂ ਦਾ ਦਲਿਤ ਸੀ। ਉਸ ਦਾ ਇਕ ਮੁਸਲਮਾਨ ਮਿੱਤਰ ਸੀ। ਉਸ ਨੇ ਬਹਾਦਰ ਨੂੰ ਕਿਹਾ, “ਆਹ ਪਲੰਘ ਕਿੰਨਾ ਸੋਹਣਾ, ਅਸੀ ਚੁੱਕ ਕੇ ਲਿਜਾ ਨਹੀ ਸਕਦੇ, ਬਹਾਦਰਾ ਤੂੰ ਲੈ ਜਾ, ਦੋਸਤੀ ਦੀ ਯਾਦਗਾਰ ਰਹੂ। ਉਹ ਪਲੰਘ ਘਰ ਲੈ ਆਇਆ। ਅਜੇ ਦੋ ਦਿਨ ਹੀ ਹੋਏ ਸੀ, ਜ਼ਿਮੀਦਾਰ ਆਏ, ਦਹਿਸ਼ਤ ਪਾ ਕਿਹਾ, “ਹੁਣ ਤੁਸੀਂ ਪਲੰਘਾਂ ਤੇ ਸੌਂਓਗੇ?” ਕਹਿ ਕੇ ਜ਼ਬਰਦਸਤੀ ਪਲੰਘ ਚੁੱਕ ਕੇ ਲੈ ਗਏ। ਅਜਿਹੇ ਮਹੌਲ ਵਿਚ ਕੁੜੀਆਂ ਜੁਰਅਤ ਕਿਵੇਂ ਕਰ ਸਕਦੀਆਂ?
ਪੰਜਾਬ ਜਾਂ ਸ਼ਾਇਦ ਭਾਰਤ ਵਿਚ ਬਣੇ ਪਹਿਲੇ ਜ਼ਿਲ੍ਹਾ ਤੇ ਸੈਸ਼ਨ ਜੱਜ ਆਈਡੀ ਪਵਾਰ (ਈਸ਼ਰ ਦਾਸ ਪਵਾਰ) ਆਪਣੀ ਸਵੈ-ਜੀਵਨੀ ‘ਮਾਈ ਸਟਰੱਗਲ ਇੰਨ ਲਾਈਫ’ ਵਿਚ ਲਿਖਦੇ ਹਨ, “ਦੇਸ਼ ਅਜ਼ਾਦ ਹੋਇਆ, ਲੱਖਾਂ ਦਲਿਤ ਪਰਿਵਾਰ ਵੀ ਆਪਣੀਆਂ ਜ਼ਮੀਨਾਂ-ਜਾਇਦਾਦਾਂ ਛੱਡ ਕੇ ਪਾਕਿਸਤਾਨ ਤੋਂ ਭਾਰਤ ਆਏ। ਬਾਕੀਆਂ ਵਾਂਗ ਉਹਨਾਂ ਵੀ ਮੁੜ ਵਸੇਬੇ ਲਈ ਘਰ ਤੇ ਜ਼ਮੀਨਾਂ ਦੀ ਮੰਗ ਕੀਤੀ। ਪੰਜਾਬ ਵਿਚ ਹਿੰਦੂ-ਸਿੱਖਾਂ ਨੇ ਦਲਿਤਾਂ ਨੂੰ ਜ਼ਮੀਨਾਂ ਤੋਂ ਵਾਂਝੇ ਰੱਖਣ ਲਈ ਏਕਾ ਕਰ ਲਿਆ। ਉਹਨਾਂ ਆਪਣੀ ਹੈਂਕੜ ਬਣਾਈ ਰੱਖਣ ਲਈ ਤਿੰਨ ਗੱਲਾਂ ਤੇ ਆਪਸੀ ਸਹਿਮਤੀ ਕਰ ਲਈ:
1) ਜੇ ਦਲਿਤਾਂ ਨੂੰ ਜ਼ਮੀਨ ਦਿੱਤੀ ਜਾਂਦੀ ਹੈ ਤਾਂ ਇਹ ਹਿੰਦੂ-ਸਿੱਖਾਂ ਦੀ ਜ਼ਮੀਨ ਵਿਚੋਂ ਕੱਢ ਕੇ ਦਿੱਤੀ ਜਾਵੇਗੀ।
2) ਜੇ ਦਲਿਤਾਂ ਨੂੰ ਜ਼ਮੀਨ ਦਿੱਤੀ ਜਾਂਦੀ ਹੈ ਤਾਂ ਉਹ ਜ਼ਿਮੀਦਾਰ ਬਣਨਗੇ ਤੇ ਉਹ ਹਿੰਦੂ-ਸਿੱਖਾਂ ਦੇ ਬਰਾਬਰ ਹੋ ਜਾਣਗੇ।
3) ਪੇਂਡੂ ਆਰਥਿਕਤਾ ਉਲਟ-ਪੁਲਟ ਹੋ ਜਾਵੇਗੀ। ਉੱਚ ਜਾਤੀਆਂ ਦੇ ਘਰਾਂ-ਖੇਤਾਂ ਵਿਚ ਕੰਮ ਕੌਣ ਕਰਨਗੇ?
ਇਸ ਤਰ੍ਹਾਂ ਹਿੰਦੂ-ਸਿੱਖਾਂ ਨੇ ਏਕਾ ਕਰ ਕੇ ਦਲਿਤਾਂ ਨੂੰ ਦੁਕਾਨਾਂ ਤੋਂ ਰਾਸ਼ਣ ਅਤੇ ਕੰਮ ਦੇਣਾ ਬੰਦਾ ਕਰ ਦਿਤਾ। ਭੁੱਖੇ ਮਰਦੇ ਦਲਿਤਾਂ ਦੀਆਂ ਘਰ-ਜ਼ਮੀਨ ਦੀਆਂ ਮੰਗਾਂ ਹਵਾ ਵਿਚ ਹਵਾਈ ਹੋ ਗਈਆਂ। ਦਲਿਤਾਂ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਗਈਆਂ ਕਿ ਜੇ ਦਲਿਤਾਂ ਨੇ ਘਰ-ਬਾਰ ਤੇ ਜ਼ਮੀਨ ਲਈ ਜ਼ਿਦ ਕੀਤੀ ਤਾਂ ਉਹਨਾਂ ਨੂੰ ਵਾਪਿਸ ਪਾਕਿਸਤਾਨ ਧੱਕ ਦਿੱਤਾ ਜਾਵੇਗਾ। ਪੰਜਾਬ ਵਿਚੋਂ ਮੁਸਲਮਾਨਾਂ ਦੇ ਜਾਣ ਨਾਲ 52 ਲੱਖ ਏਕੜ ਭੂਮੀ ਖ਼ਾਲੀ ਹੋਈ ਸੀ।”
ਬੁੱਧਇਸ਼ਟ ਵਿਦਵਾਨ ਡੀਸੀ ਅਹੀਰ ਲਿਖਦੇ ਹਨ, “ਇੱਕ ਵਾਰ ਪੰਜਾਬ ਦੇ ਸਿਰਕੱਢ ਦਲਿਤ ਆਗੂ ਸੇਠ ਕਿਸ਼ਨ ਦਾਸ, ਚਾਨਣ ਰਾਮ ਘੁੱਗ, ਡਾਕਟਰ ਅੰਬੇਡਕਰ ਨੂੰ ਦਿੱਲੀ ਮਿਲਣ ਗਏ ਅਤੇ ਬੇਨਤੀ ਕੀਤੀ ਕਿ ਦੇਸ਼ ਦੀ ਵੰਡ ਕਾਰਨ ਲੱਖਾਂ ਮੁਸਲਮਾਨ ਪੰਜਾਬ ਵਿਚੋਂ ਪਾਕਿਸਤਾਨ ਚਲੇ ਗਏ ਹਨ ਅਤੇ ਉਹਨਾਂ ਦੀ ਲੱਖਾਂ ਏਕੜ ਜ਼ਮੀਨ ਹੁਣ ਖਾਲੀ ਪਈ ਹੈ। ਤੁਸੀਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਕਹਿ ਕੇ ਇਸ ਖਾਲੀ ਜ਼ਮੀਨ ਵਿਚੋਂ ਪੰਜਾਬ ਦੇ ਦਲਿਤ ਮਜ਼ਦੂਰਾਂ ਨੂੰ ਵੀ ਜ਼ਮੀਨ ਅਲਾਟ ਕਰਾ ਦਿਉ। ਉਸ ਵੇਲੇ ਦੇ ਵਿਕਾਸ ਮੰਤਰੀ ਗਿਆਨੀ ਕਰਤਾਰ ਸਿੰਘ ਨੇ 22 ਜਨਵਰੀ, 1949 ਨੂੰ ਪ੍ਰੈੱਸ ਕਾਨਫ਼ਰੰਸ ਕਰ ਕੇ ਦਲਿਤਾਂ ਨੂੰ ਜ਼ਮੀਨ ਦੇਣ ਦੀ ਹਮਾਇਤ ਕਰਦਿਆਂ ਕਿਹਾ ਸੀ ਕਿ 52 ਲੱਖ ਵਿਚੋਂ 5 ਲੱਖ ਏਕੜ ਜ਼ਮੀਨ ਦਲਿਤਾਂ ਨੂੰ ਦੇਣਾ ਜਾਇਜ਼ ਹੈ ਅਤੇ ਇਹ 10 ਪ੍ਰਤੀਸ਼ਤ ਤੋਂ ਘੱਟ ਹੈ। ਡਾਕਟਰ ਅੰਬੇਡਕਰ ਨੇ ਪ੍ਰਧਾਨ ਮੰਤਰੀ ਨਹਿਰੂ ਕੋਲ ਪੰਜਾਬ ਦੇ ਦਲਿਤਾਂ ਦਾ ਇਹ ਮੁੱਦਾ ਉਠਾਇਆ ਅਤੇ ਨਹਿਰੂ ਤੋਂ ਇਸ 52 ਲੱਖ ਏਕੜ ਭੂਮੀ ਵਿਚੋਂ 4 ਲੱਖ ਏਕੜ ਜ਼ਮੀਨ ਪਾਕਿਸਤਾਨ ਤੋਂ ਆਏ ਦਲਿਤਾਂ ਵਾਸਤੇ ਪਾਸ ਕਰਾ ਲਈ।
ਨਹਿਰੂ ਨੇ ਪੰਜਾਬ ਦੇ ਉਸ ਸਮੇਂ ਦੇ ਮਾਲ ਮੰਤਰੀ ਤੇ ਫਿਰ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਂਰੋ ਨੂੰ ਦਿੱਲੀ ਬੁਲਾਇਆ। ਗੱਲਬਾਤ ਹੋਈ ਤਾਂ ਪ੍ਰਧਾਨ ਮੰਤਰੀ ਨਹਿਰੂ ਨੇ ਕਿਹਾ, “ਡਾ. ਅੰਬੇਡਕਰ ਚਾਹੁੰਦੇ ਹਨ ਕਿ ਪੰਜਾਬ ਵਿਚ ਮੁਸਲਮਾਨ ਜੋ ਜ਼ਮੀਨ ਛੱਡ ਕੇ ਗਏ ਹਨ, ਉਹ ਦਲਿਤ ਮਜ਼ਦੂਰਾਂ ਨੂੰ ਅਲਾਟ ਕਰ ਦਿੱਤੀ ਜਾਵੇ।” ਕੈਂਰੋ ਇਕਦਮ ਬੋਲੇ, “ਜੇ ਜ਼ਮੀਨ ਜੱਟਾਂ ਦੀ ਬਜਾਏ ਦਲਿਤਾਂ ਨੂੰ ਦੇ ਦਿੱਤੀ ਤਾਂ ਜੱਟ ਫਿਰ ਡਾਕੇ ਮਾਰਨਗੇ।” ਉਹ ਜ਼ਿਮੀਦਾਰਾਂ ਦੇ ਪੱਖ ਵਿਚ ਡਟ ਗਏ, ਸਿੱਟੇ ਵਜੋਂ ਦਲਿਤਾਂ ਨੂੰ ਜ਼ਮੀਨ ਨਹੀਂ ਦਿੱਤੀ ਗਈ।
ਵੰਡ ਮੌਕੇ ਫਿਰਕੂ ਫਸਾਦਾਂ ਵਿਚ ਲੋਕ ਮਾਰੇ ਜਾ ਰਹੇ ਸਨ। ਲੜਕੀਆਂ ਦੇ ਉਧਾਲੇ ਹੋਏ। ਜ਼ੋਰ ਜ਼ਬਰਦਸਤੀ ਉਨ੍ਹਾਂ ਦਾ ਧਰਮ ਬਦਲਿਆ ਗਿਆ, ਉਹਨਾਂ ਨੂੰ ਸ਼ਰੇਆਮ ਵੇਚਿਆ ਗਿਆ। ਡਾਕਟਰ ਅੰਬੇਡਕਰ ਇਹਨਾਂ ਹਾਲਾਤ ਤੋਂ ਪਹਿਲਾਂ ਹੀ ਜਾਣੂ ਸਨ। ਇਸ ਕਰ ਕੇ ਹੀ ਉਨ੍ਹਾਂ ਆਜ਼ਾਦੀ ਤੋਂ ਪਹਿਲਾਂ ਲਿਖੀ ਕਿਤਾਬ ‘ਥਾਟਸ ਆਨ ਪਾਕਿਸਤਾਨ’ ਵਿਚ ਸੁਝਾਅ ਦਿੱਤਾ ਸੀ ਕਿ ਪਾਕਿਸਤਾਨ ਬਣੇਗਾ ਹੀ, ਇਸ ਲਈ ਤਬਾਹੀ ਤੋਂ ਬਚਣ ਲਈ ਭਾਰਤ ਦੀ ਵੰਡ ਤੋਂ ਪਹਿਲਾਂ ਹੀ ਮਿਲਟਰੀ ਦੀ ਦੇਖ ਰੇਖ ਵਿਚ ਦੋਹਾਂ ਪਾਸਿਆਂ ਦੇ ਲੋਕਾਂ ਅਤੇ ਉਹਨਾਂ ਦੇ ਮਾਲ ਡੰਗਰ ਦਾ ਤਬਾਦਲਾ ਕਰ ਲੈਣਾ ਚਾਹੀਦਾ ਹੈ ਪਰ ਉਹਨਾਂ ਦੀ ਕੋਈ ਵੀ ਤਜਵੀਜ਼ ਤੇ ਦਲੀਲ ਨਹੀਂ ਮੰਨੀ ਗਈ।
ਘੱਲੂਘਾਰੇ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦਰਮਿਆਨ ਫੈਸਲਾ ਹੋਇਆ ਕਿ ਚੁੱਕੀਆਂ ਗਈਆਂ ਔਰਤਾਂ ਵਾਪਸ ਕੀਤੀਆਂ ਜਾਣ। ਡਾ. ਅੰਬੇਡਕਰ ਨੇ ਨਹਿਰੂ ਨੂੰ ਕਿਹਾ, “ਉਧਾਲੀਆਂ ਹਿੰਦੂ-ਸਿੱਖ ਲੜਕੀਆਂ ਪਾਕਿਸਤਾਨ ਤੋਂ ਵਾਪਸ ਤਾਂ ਆ ਜਾਣਗੀਆਂ ਪਰ ਉਹਨਾਂ ਨੂੰ ਸਵੀਕਾਰ ਕੌਣ ਕਰੇਗਾ?” ਉਹਨਾਂ ਕਿਹਾ ਕਿ ਉਹ ਹਿੰਦੂ ਸਮਾਜ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਹਿੰਦੂ ਇਹਨਾਂ ਬੇਗੁਨਾਹ ਦੇਵੀਆਂ ਨੂੰ ਸਵੀਕਾਰ ਨਹੀਂ ਕਰਨਗੇ। ਉਹਨਾਂ ਉਦਾਹਰਨ ਦਿੰਦਿਆਂ ਕਿਹਾ ਕਿ ਪੁਰਾਣੇ ਜ਼ਮਾਨੇ ਵਿਚ ਯੂਨਾਨ ਵਿਚ ਵੀ ਇੱਦਾਂ ਦੇ ਹਾਲਾਤ ਪੈਦਾ ਹੋ ਗਏ ਸਨ। ਉਹਨਾਂ ਨੇ ਜਿਸ ਢੰਗ ਨਾਲ ਔਰਤਾਂ ਦੀ ਸਹਾਇਤਾ ਕੀਤੀ ਸੀ, ਸਾਨੂੰ ਵੀ ਉਸੇ ਤਰ੍ਹਾਂ ਕਰਨੀ ਚਾਹੀਦੀ ਹੈ। ਸਾਨੂੰ ਇਹਨਾਂ ਨੂੰ ਅਜਿਹੇ ਸੁਰੱਖਿਅਤ ਹਾਊਸਾਂ ਵਿਚ ਰੱਖਣਾ ਚਾਹੀਦਾ ਹੈ, ਜਿੱਥੇ ਇਹਨਾਂ ਦੀ ਦੇਖਭਾਲ ਅਤੇ ਸਹਾਇਤਾ ਵਾਸਤੇ ਸਮਾਜ ਸੇਵੀ ਔਰਤਾਂ ਨਿਯੁਕਤ ਕੀਤੀਆਂ ਜਾਣ ਅਤੇ ਉਹ ਪ੍ਰਤਿੱਗਿਆ ਕਰਨ ਕਿ ਉਹ ਇਹਨਾਂ ਦੇਵੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਜਾਤੀ, ਮਜ਼ਹਬੀ ਭੇਦਭਾਵ ਨਹੀਂ ਕਰਨਗੀਆਂ। ਜਿਨ੍ਹਾਂ ਹਿੰਦੂ, ਸਿੱਖ ਔਰਤਾਂ ਦੇ ਬੱਚੇ ਪੈਦਾ ਹੋ ਗਏ ਹਨ, ਉਹਨਾਂ ਨੂੰ ਸਰਕਾਰ ਸੰਭਾਲੇ ਅਤੇ ਇਹਨਾਂ ਮਸੂਮ ਲੜਕੀਆਂ ਨਾਲ ਸ਼ਾਦੀ ਕਰਨ ਵਾਲੇ ਨੌਜੁਆਨਾਂ ਦੀ ਸਰਕਾਰ ਹਰ ਤਰ੍ਹਾਂ ਨਾਲ ਮਦਦ ਕਰੇ।
ਸਰਕਾਰ ਨੇ ਉਹਨਾਂ ਦੀ ਇਸ ਤਜਵੀਜ਼ ਤੇ ਵੀ ਕੋਈ ਅਮਲ ਨਾ ਕੀਤਾ ਅਤੇ ਇਹਨਾਂ ਹਜ਼ਾਰਾਂ ਔਰਤਾਂ ਦਾ ਕੋਈ ਬਾਲੀ ਵਾਰਸ ਨਾ ਬਣਿਆ। ਕਈ ਹਿੰਦੂ ਆਪਣੀਆਂ ਧੀਆਂ ਭੈਣਾਂ ਨੂੰ ਘਰ ਲੈ ਆਏ ਪਰ ਉਹਨਾਂ ਦੀਆਂ ਪਤਨੀਆਂ ਨੇ ਇਹਨਾਂ ਔਰਤਾਂ ਤੇ ਲੜਕੀਆਂ ਨੂੰ ਇੰਨਾ ਜ਼ਲੀਲ ਕੀਤਾ ਕਿ ਬਹੁਤੀਆਂ ਤੰਗ ਆ ਕੇ ਉਹਨਾਂ ਮੁਸਲਮਾਨਾਂ ਪਾਸ ਦੁਬਾਰਾ ਪਾਕਿਸਤਾਨ ਚਲੀਆਂ ਗਈਆਂ ਜਿਹਨਾਂ ਨੇ ਉਹਨਾਂ ਨੂੰ ਉਧਾਲਿਆ ਸੀ। ਕਈ ਔਰਤਾਂ ਮੁਸਲਮਾਨਾਂ ਦੇ ਕਬਜ਼ੇ ਵਿਚੋਂ ਭੱਜ ਕੇ ਵਾਪਸ ਆਪਣੇ ਮਾਂ ਬਾਪ ਅਤੇ ਭੈਣਾਂ ਭਾਈਆਂ ਕੋਲ ਪਹੁੰਚੀਆਂ ਵੀ ਪਰ ਉਹਨਾਂ ਨੂੰ ਘਰ ਦੀ ਸਰਦਲ ਤੱਕ ਨਾ ਲੰਘਣ ਦਿੱਤੀ। ਇਹਨਾਂ ਲੜਕੀਆਂ ਨੂੰ ਬੇਵੱਸ ਹੋ ਕੇ ਜਾਂ ਤਾਂ ਇਸਲਾਮ ਕਬੂਲਣਾ ਪਿਆ ਜਾਂ ਫਿਰ ਜੀਵਨ ਜਿਊਣ ਲਈ ਵੇਸਵਾਵਾਂ ਬਣਨਾ ਪਿਆ। ਉਘੇ ਲੇਖਕ ਯਸ਼ਪਾਲ ਦੇ ਨਾਵਲ ‘ਝੂਠਾ ਸੱਚ’ ਵਿਚ ਇਹ ਤੱਥ ਬਹੁਤ ਦਰਦਨਾਕ ਅਤੇ ਦਿਲ ਕੰਬਾਊ ਅੰਦਾਜ਼ ਵਿਚ ਵਰਨਣ ਕੀਤੇ ਗਏ ਹਨ।
ਸੰਪਰਕ: 98145-17499