ਲਾਸ ਏਂਜਲਸ ’ਚ ਮਿਲਣ ਦੇ ਵਾਅਦੇ ਨਾਲ ਪੈਰਿਸ ਪੈਰਾਲੰਪਿਕ ਖੇਡਾਂ ਸਮਾਪਤ
ਪੈਰਿਸ, 9 ਸਤੰਬਰ
ਖੂਬਸੂਰਤ ਲਾਈਟ ਸ਼ੋਅ ਅਤੇ ਫਰਾਂਸ ਦੇ ਇਲੈੱਕਟ੍ਰਾਨਿਕ ਸੰਗੀਤ ਨਾਲ ਅੱਜ ਇੱਥੇ ਪੈਰਿਸ ਪੈਰਾਲੰਪਿਕ ਖੇਡਾਂ ਦੀ ਸਮਾਪਤੀ ਹੋ ਗਈ। ਜੀਨ-ਮਿਸ਼ੈਲ ਜ਼ਰ੍ਰੇ ਨੇ ਸਟੈਂਡ ਡੀ ਫਰਾਂਸ ’ਚ ਪਾਰਟੀ ਦੀ ਸ਼ੁਰੂਆਤ ਕੀਤੀ। ਉਸ ਨੇ ਆਪਣੇ ਸੰਗੀਤ ਨਾਲ ਖਿਡਾਰੀਆਂ, ਕਰਮਚਾਰੀਆਂ ਅਤੇ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ। ਸਮਾਪਤੀ ਸਮਾਰੋਹ ਵਿੱਚ ਹਰਵਿੰਦਰ ਤੇ ਪ੍ਰੀਤੀ ਪਾਲ ਭਾਰਤ ਦੇ ਝੰਡਾਬਰਦਾਰ ਰਹੇ। ਖੇਡਾਂ ਦੇ ਆਖ਼ਰੀ ਦਿਨ ਦੋ ਵਿਸ਼ਵ ਰਿਕਾਰਡ ਬਣੇ।
ਮੋਰੱਕੋ ਦੀ ਫਾਤਿਮਾ ਅਜ਼ਾਹਰਾ ਅਲ ਇਦਰੀਸੀ ਨੇ ਨੇਤਰਹੀਣ ਦੌੜਾਕਾਂ ਦੀ ਮਹਿਲਾ ਮੈਰਾਥਨ ’ਚ ਨਵਾਂ ਵਿਸ਼ਵ ਰਿਕਾਰਡ ਬਣਾਇਆ, ਜਦਕਿ ਨਾਈਜ਼ੀਰੀਆ ਦੀ ਫੋਲਾਸ਼ੇਡ ਓਲੁਵਾਫੇਮਿਆਯੋ ਨੇ ਮਹਿਲਾ ਪੈਰਾ ਪਾਵਰਲਿਫਟਿੰਗ ਵਿੱਚ ਆਪਣਾ ਹੀ ਵਿਸ਼ਵ ਰਿਕਾਰਡ ਤੋੜਿਆ। ਇਨ੍ਹਾਂ ਖੇਡਾਂ ਵਿੱਚ ਚੀਨ ਦਾ ਦਬਦਬਾ ਰਿਹਾ, ਜਦਕਿ ਭਾਰਤ ਨੇ ਵੀ ਰਿਕਾਰਡ 29 ਤਗ਼ਮੇ ਜਿੱਤੇ। ਭਾਰਤ ਨੇ ਸੱਤ ਸੋਨ, ਨੌਂ ਚਾਦੀ ਅਤੇ 13 ਕਾਂਸੀ ਦੇ ਤਗ਼ਮਿਆਂ ਦੇ ਰਿਕਾਰਡ ਨਾਲ ਪੈਰਿਸ ਪੈਰਾਲੰਪਿਕ ਖੇਡਾਂ ਦੀ ਸਮਾਪਤੀ ਕੀਤੀ ਅਤੇ ਤਗ਼ਮਾ ਸੂਚੀ ਵਿੱਚ 18ਵੇਂ ਸਥਾਨ ’ਤੇ ਰਿਹਾ। ਭਾਰਤ ਟੋਕੀਓ ਵਿੱਚ ਪਿਛਲੀਆਂ ਪੈਰਾਲੰਪਿਕ ਖੇਡਾਂ ਵਿੱਚ ਪੰਜ ਸੋਨ, ਅੱਠ ਚਾਂਦੀ ਅਤੇ ਛੇ ਕਾਂਸੇ ਦੇ ਤਗ਼ਮਿਆਂ ਨਾਲ 24ਵੇਂ ਸਥਾਨ ’ਤੇ ਸੀ। ਪੈਰਿਸ ਪੈਰਾਲੰਪਿਕ ਖੇਡਾਂ ਵਿੱਚ ਚੀਨ ਨੇ ਲਗਭਗ ਹਰ ਖੇਡ ਵਿੱਚ ਆਪਣੀ ਛਾਪ ਛੱਡੀ। ਉਸ ਨੇ 94 ਸੋਨ ਤਗ਼ਮੇ ਜਿੱਤੇ, ਜਦਕਿ ਦੂਜੇ ਸਥਾਨ ’ਤੇ ਰਹੇ ਬਰਤਾਨੀਆ ਨੇ 49 ਸੋਨੇ ਦੇ ਤਗ਼ਮੇ ਹਾਸਲ ਕੀਤੇ। ਚੀਨ ਨੇ ਕੁੱਲ ਮਿਲਾ ਕੇ 220 ਤਗ਼ਮਿਆਂ ਨਾਲ ਆਪਣੀ ਮੁਹਿੰਮ ਸਮਾਪਤ ਕੀਤੀ।
ਬਰਤਾਨੀਆ 124 ਤਗ਼ਮਿਆਂ ਨਾਲ ਦੂਜੇ, ਜਦਕਿ ਅਮਰੀਕਾ 105 ਤਗ਼ਮਿਆਂ ਨਾਲ ਤੀਜੇ ਸਥਾਨ ’ਤੇ ਰਿਹਾ। ਬ੍ਰਾਜ਼ੀਲ ਨੇ 89 ਤਗ਼ਮੇ ਜਿੱਤੇ ਪਰ ਨੀਦਰਲੈਂਡਜ਼ ਨੇ ਉਸ ਦੇ 25 ਸੋਨ ਤਗ਼ਮਿਆਂ ਦੇ ਮੁਕਾਬਲੇ 27 ਸੋਨ ਤਗ਼ਮੇ ਜਿੱਤੇ, ਜਿਸ ਨਾਲ ਉਹ ਚੌਥੇ ਸਥਾਨ ’ਤੇ ਰਿਹਾ। ਮੇਜ਼ਬਾਨ ਫਰਾਂਸ ਨੇ 19 ਸੋਨ ਤਗ਼ਮਿਆਂ ਸਣੇ 75 ਤਗ਼ਮੇ ਜਿੱਤੇ ਅਤੇ ਉਹ ਤਗ਼ਮਾ ਸੂਚੀ ਵਿੱਚ ਅੱਠਵੇਂ ਸਥਾਨ ’ਤੇ ਰਿਹਾ। ਅਗਲੀਆਂ ਪੈਰਾਲੰਪਿਕ ਖੇਡਾਂ 2028 ਵਿੱਚ ਲਾਸ ਏਂਜਲਸ ਵਿੱਚ ਹੋਣਗੀਆਂ। -ਏਪੀ