For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਦੇ ਸ਼ਿਕਾਰ ਪਰਿਵਾਰ ਦੇ ਮਾਪੇ ਦੋ ਦਿਨ ਪਹਿਲਾਂ ਹੀ ਪੁੱਜੇ ਸਨ ਕੈਨੇਡਾ

07:25 PM May 06, 2024 IST
ਸੜਕ ਹਾਦਸੇ ਦੇ ਸ਼ਿਕਾਰ ਪਰਿਵਾਰ ਦੇ ਮਾਪੇ ਦੋ ਦਿਨ ਪਹਿਲਾਂ ਹੀ ਪੁੱਜੇ ਸਨ ਕੈਨੇਡਾ
Advertisement

ਗੁਰਮਲਕੀਅਤ ਸਿੰਘ ਕਾਹਲੋਂ

Advertisement

ਵੈਨਕੂਵਰ, 6 ਮਈ

ਕੁਝ ਸਾਲ ਪਹਿਲਾਂ ਚੇਨਈ (ਭਾਰਤ) ਤੋਂ ਕੈਨੇਡਾ ਆਏ ਗੋਕਲਨਾਥ ਮੰਨੀਵਾਨਨ (33) ਤੇ ਉਸ ਦੀ ਪਤਨੀ ਆਸ਼ਿਵਥਾ ਜਵਾਹਰ (27) ਨਾਲ ਲੰਘੀ 29 ਅਪਰੈਲ ਦੀ ਸ਼ਾਮ ਨੂੰ ਵਾਪਰੀ ਘਟਨਾ ਦਾ ਦਰਦ ਉਸ ਵੇਲੇ ਛਲਕ ਆਇਆ, ਜਦੋਂ ਐਤਵਾਰ ਨੂੰ ਉਹ ਮੀਡੀਆ ਸਾਹਮਣੇ ਆਏ। ਉਸ ਦਿਨ ਸ਼ਾਮ ਨੂੰ ਟਰਾਂਟੋ ਤੋਂ ਆਪਣੇ ਘਰ ਜਾਂਦਿਆਂ ਹਾਈਵੇਅ 401 ਤੇ ਵਿਟਬੀ ਕੋਲ ਸਾਹਮਣਿਓਂ ਗਲਤ ਪਾਸਿਉਂ ਸ਼ਰਾਬ ਠੇਕਾ ਲੁੱਟ ਕੇ ਦੌੜ ਰਹੇ ਲੁਟੇਰੇ ਦੀ ਵੈਨ ਨੇ ਉਨ੍ਹਾਂ ਦੀ ਕਾਰ ਨੂੰ ਸਿੱਧੀ ਟੱਕਰ ਮਾਰੀ ਸੀ, ਜਿਸ ਵਿਚ ਉਸ ਦੇ ਮਾਪੇ ਤੇ ਤਿੰਨ ਮਹੀਨੇ ਦਾ ਬੱਚਾ ਮਾਰਿਆ ਗਿਆ ਤੇ ਉਹ ਪਤੀ ਪਤਨੀ ਗੰਭੀਰ ਜ਼ਖ਼ਮੀ ਹੋਏ ਸਨ। ਗੋਕਲਨਾਥ ਜੋ ਹਸਪਤਾਲ ਤੋਂ ਛੁੱਟੀ ਮਿਲਣ ’ਤੇ ਘਰ ਪਹੁੰਚਿਆ, ਅੰਦਰੋਂ ਭੁੱਬਾਂ ਮਾਰਦਾ ਬਾਹਰ ਆ ਗਿਆ। ਮੀਡੀਆ ਨੂੰ ਮੁਖਾਤਿਬ ਹੁੰਦਿਆਂ ਉਸ ਕਿਹਾ ਕਿ ਉਸ ਦਾ ਆਪਣਾ ਘਰ ਉਸ ਨੂੰ ਸਵਾਲ ਕਰਦਾ ਜਾਪਦਾ ਹੈ ਕਿ ਨੰਨ੍ਹਾ ਬੱਚਾ ਤੇ ਮਾਪੇ ਕਿੱਥੇ ਛੱਡ ਆਇਆਂ ? ਉਸ ਨੇ ਕਿਹਾ ਕਿ ਉਨ੍ਹਾਂ ਦੀ ਤਾਂ ਦੁਨੀਆ ਹੀ ਖਾਲੀ ਹੋ ਗਈ। ਉਸ ਦੇ ਮਾਪੇ ਜੋ ਰਿਟਾਇਰਮੈਂਟ ਤੋਂ ਬਾਅਦ ਪੋਤੇ ਨੂੰ ਲਾਡ ਪਿਆਰ ਨਾਲ ਪਾਲਣ ਲਈ ਦੋ ਦਿਨ ਪਹਿਲਾਂ ਭਾਰਤ ਤੋਂ ਕੈਨੇਡਾ ਪਹੁੰਚੇ ਸਨ, ਨੂੰ ਕੀ ਪਤਾ ਸੀ ਕਿ ਇੱਥੇ ਉਨ੍ਹਾਂ ਨੂੰ ਮੌਤ ਉਡੀਕ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੀਆਂ ਅੱਖਾਂ ਮੂਹਰਿਓਂ ਆਉਂਦੀ ਵੈਨ ਵਾਲਾ ਦ੍ਰਿਸ਼ ਲੋਪ ਨਹੀਂ ਹੋ ਰਿਹਾ, ਜਿਸ ਨੇ ਸਕਿੰਟਾਂ ਵਿਚ ਉਨ੍ਹਾਂ ਦੀ ਦੁਨੀਆ ਉਜਾੜ ਦਿੱਤੀ।
ਗੋਕਲਨਾਥ ਨੇ ਦੱਸਿਆ ਕਿ ਡਾਕਟਰਾਂ ਨੇ ਉਸ ਦੀ ਪਤਨੀ ਦੇ ਕਈ ਅਪਰੇਸ਼ਨ ਕਰਕੇ ਉਸ ਦੀ ਜਾਨ ਬਚਾ ਲਈ ਹੈ ਤੇ ਕੱਲ੍ਹ ਪਰਸੋਂ ਤੱਕ ਉਹ ਹਸਪਤਾਲ ਤੋਂ ਘਰ ਪਹੁੰਚ ਜਾਏਗੀ, ਪਰ ਉਸ ਨੂੰ ਚਿੰਤਾ ਸਤਾ ਰਹੀ ਸੀ ਕਿ ਘਰ ਆ ਕੇ ਉਹ ਆਪਣੇ ਜਿਗਰ ਦੇ ਟੁਕੜੇ, ਤਿੰਨ ਮਹੀਨੇ ਦੇ ਅਦਿੱਤਿਆ ਵਿਵਾਨ ਦੇ ਵਿਛੋੜੇ ਦਾ ਦਰਦ ਸਹਿ ਸਕੇਗੀ ਜਾਂ ਨਹੀਂ। ਉਸ ਨੇ ਵਾਰ ਵਾਰ ਛਲਕਦੇ ਹੰਝੂਆਂ ਨਾਲ ਕਿਹਾ ਕਿ ਘਰ ਦੇ ਕਣ ਕਣ ਨਾਲ ਬੱਚੇ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ। ਉਸ ਦੇ ਪਿਤਾ ਵਨੀਮਾਨਨ ਸ੍ਰੀਨਿਵਾਸਪਿੱਲੇ (60) ਤੇ ਮਾਤਾ ਮਹਾਲਕਸ਼ਮੀ ਅਨੰਥਨਾਥਨ (58) ਹਾਦਸੇ ਤੋਂ ਦੋ ਦਿਨ ਪਹਿਲਾਂ ਹੀ ਕੈਨੇਡਾ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਸ਼ਰਾਬ ਦਾ ਠੇਕਾ ਲੁੱਟ ਕੇ ਭੱਜਦੇ ਹੋਏ 21 ਸਾਲਾ ਦੇ ਪੰਜਾਬੀ ਨੌਜੁਆਨ ਗਗਨਦੀਪ ਸਿੰਘ ਨੇ ਜਦ ਵੇਖਿਆ ਕਿ ਪੁਲੀਸ ਉਸ ਦਾ ਪਿੱਛਾ ਕਰ ਰਹੀ ਹੈ ਤਾਂ ਉਸ ਨੇ ਪੁਲੀਸ ਨੂੰ ਝਕਾਨੀ ਦੇਣ ਲਈ ਵੈਨ ਨੂੰ ਹਾਈਵੇਅ 401 ਦੇ ਪੁੱਠੇ ਪਾਸੇ ਵੱਲ ਨੂੰ ਪਾ ਲਿਆ ਤੇ ਤੇਜ਼ੀ ਨਾਲ ਭਜਾਉਂਦੇ ਹੋਏ ਮੂਹਰਿਓਂ ਆਉਂਦੇ 6 ਵਾਹਨਾਂ ਨਾਲ ਟਕਰਾ ਕੇ ਆਪ ਵੀ ਮਾਰਿਆ ਗਿਆ ਤੇ ਨਿਸ਼ਾਨ ਕਾਰ ’ਤੇ ਸਵਾਰ ਇਸ ਪਰਿਵਾਰ ’ਚੋਂ ਤਿੰਨ ਦੀ ਜਾਨ ਵੀ ਲੈ ਲਈ ਸੀ।

Advertisement
Author Image

amartribune@gmail.com

View all posts

Advertisement
Advertisement
×