ਅਧਿਆਪਕ ਦੇ ਤਬਾਦਲੇ ਮੌਕੇ ਬੱਚਿਆਂ ਦੇ ਮਾਪੇ ਵੀ ਹੋਏ ਭਾਵੁਕ
ਜੋਗਿੰਦਰ ਸਿੰਘ ਮਾਨ
ਮਾਨਸਾ, 20 ਸਤੰਬਰ
ਲਗਾਤਾਰ 17 ਸਾਲ ਸਰਕਾਰੀ ਐਲੀਮੈਂਟਰੀ ਸਕੂਲ ਬੁਰਜ ਝੱਬਰ ਵਿੱਚ ਡਿਊਟੀ ਨਿਭਾਉਣ ਤੋਂ ਬਾਅਦ ਜਦੋਂ ਅਧਿਆਪਕ ਸਿਕੰਦਰ ਸਿੰਘ ਦਾ ਤਬਾਦਲਾ ਹੋਇਆ ਤਾਂ ਉਸ ਨੂੰ ਬੱਚਿਆਂ ਦੇ ਮਾਪਿਆਂ ਅਤੇ ਪਿੰਡ ਦੇ ਲੋਕਾਂ ਵੱਲੋਂ ਸਨਮਾਨਿਤ ਕਰਕੇ ਵਿਦਾ ਕੀਤਾ ਗਿਆ। ਅਧਿਆਪਕ ਦੇ ਸਕੂਲ ’ਚੋਂ ਜਾਣ ਸਮੇਂ ਬਕਾਇਦਾ ਇੱਕ ਪਾਰਟੀ ਦੌਰਾਨ ਰੰਗ-ਰੰਗ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿੱਚ ਅਧਿਆਪਕ ਵੱਲੋਂ ਸਕੂਲ ਦੀ ਨੁਹਾਰ ਬਦਲਣ ਅਤੇ ਸਕੂਲ ਦੀਆਂ ਪ੍ਰਾਪਤੀਆਂ ਲਈ ਪਿੰਡ ਵਾਸੀਆਂ ਨੇ ਫਕਰ ਮਹਿਸੂਸ ਕੀਤਾ। ਅਧਿਆਪਕ ਦੇ ਤਬਾਦਲੇ ਸਬੰਧੀ ਹੋਏ ਸਮਾਗਮ ਦੀ ਇਲਾਕੇ ਵਿੱਚ ਚਰਚਾ ਹੈ। ਅਧਿਆਪਕ ਵੱਲੋਂ ਸਕੂਲ ਨੂੰ ਫਰਿੱਜ ਭੇਟ ਵੀ ਕੀਤਾ ਗਿਆ। ਅਧਿਆਪਕ ਸਿਕੰਦਰ ਸਿੰਘ ਨੇ ਆਪਣੇ ਭਾਵਕ ਬੋਲ ਬੱਚਿਆਂ ਦੇ ਨਾਲ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਸਾਂਝੇ ਕਰਦੇ ਹੋਏ ਕਿਹਾ ਕਿ 17 ਸਾਲ ਦੀ ਸੇਵਾ ਇਸ ਸਕੂਲ ਦੇ ਵਿੱਚ ਨਿਭਾਈ ਉਨ੍ਹਾ ਨੂੰ ਸਦਾ ਯਾਦ ਰਹੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਨਹੀਂ ਲੱਗਦਾ ਸੀ ਕਿ ਉਹ ਸਕੂਲ ਵਿੱਚ ਜਾ ਰਹੇ ਨੇ ਅਤੇ ਹਮੇਸ਼ਾ ਹੀ ਸਕੂਲ ਨੂੰ ਆਪਣਾ ਘਰ ਸਮਝਦੇ ਸਨ, ਜਿਸ ਲਈ ਉਨ੍ਹਾਂ ਵੱਲੋਂ ਸਕੂਲ ਦੇ ਵਿੱਚ ਸਕੂਲ ਟਾਈਮ ਤੋਂ ਬਾਅਦ ਵੀ ਮਿਹਨਤ ਕਰਕੇ ਸਕੂਲ ਨੂੰ ਹਰਿਆ-ਭਰਿਆ ਬਣਾਉਣ ਦੇ ਵਿੱਚ ਯੋਗਦਾਨ ਪਾਇਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਉਨਾਂ ਨੂੰ ਸਿਰੋਪਾਓ,ਸਨਮਾਨ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪਰਵਿੰਦਰ ਸਿੰਘ, ਇੰਦਰਜੀਤ ਸਿੰਘ ਝੱਬਰ, ਦੀਦਾਰ ਸਿੰਘ, ਮਨਧੀਰ ਸਿੰਘ, ਗੁਰਵੀਰ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ, ਗੋਪੀ ਸਿੰਘ, ਗੁਰਮੇਲ ਸਿੰਘ, ਜੋਗਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।